ਨਵੀਂ ਦਿੱਲੀ, ਜੇਐੱਨਐੱਨ : ਕੋਰੋਨਾ ਨਾਲ ਪੂਰਾ ਦੇਸ਼ ਲੜ ਰਿਹਾ ਹੈ। ਕੋਰੋਨਾ ਨੇ ਦੇਸ਼ ਹੀ ਨਹੀਂ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਇਸ ਖ਼ਿਲਾਫ਼ ਜੰਗ 'ਚ ਹਰ ਪੱਧਰ 'ਤੇ ਲੜਾਈ ਲੜੀ ਜਾ ਰਹੀ ਹੈ। ਇਸ ਲੜੀ 'ਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕੋਰੋਨਾ ਖ਼ਿਲਾਫ਼ ਜੰਗ 'ਚ ਜੁਟੇ ਨਰਸ, ਡਾਕਟਰ ਤੇ ਪੈਰਾਮੈਡੀਕਲ ਸਟਾਫ਼ ਲਈ ਵੱਡਾ ਐਲਾਨ ਕੀਤਾ ਹੈ। ਸੀਐੱਮ ਕੇਜਰੀਵਾਲ ਨੇ ਕਿਹਾ ਕਿ ਇਸ ਜੰਗ 'ਚ ਜੇਕਰ ਕਿਸੀ ਦੀ ਜਾਨ ਚਲੀ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇ ਤੌਰ 'ਤੇ ਦਿੱਤਾ ਜਾਵੇਗਾ।

ਕੇਜਰੀਵਾਲ ਨੇ ਇਸ ਐਲਾਨ 'ਚ ਸਰਕਾਰੀ ਤੇ ਪ੍ਰਾਈਵੇਟ ਦੋਵਾਂ ਹੀ ਸੈਕਟਰ ਦੇ ਸਟਾਫ ਨੂੰ ਸ਼ਾਮਲ ਕੀਤਾ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਖ਼ਿਲਾਫ਼ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਜਦੋਂ ਕਿਸੇ ਤਰ੍ਹਾਂ ਦਾ ਵੈਕਸੀਨ ਇਜ਼ਾਦ ਨਹੀਂ ਹੋਇਆ ਹੈ ਉਦੋਂ ਇਹ ਐਲਾਨ ਕਿਸੇ ਮੋਰਾਲ ਬੂਸਟਰ ਤੋਂ ਘੱਟ ਨਹੀਂ ਹੈ। ਹਾਲਾਂਕਿ ਡਾਕਟਰ ਤੇ ਨਰਸ ਬਿਨਾਂ ਰੋਕ-ਟੋਕ ਇਸ ਦੌਰਾਨ ਆਪਣੀਆਂ ਸੇਵਾਵਾਂ ਦੇ ਰਹੇ ਹਨ। ਆਏ ਦਿਨ ਅਸੀਂ ਅਜਿਹੀਆਂ ਖ਼ਬਰਾਂ ਦੇ ਰੂਬਰੂ ਹੋ ਰਹੇ ਹਾਂ ਕਿ ਮਰੀਜ਼ਾਂ ਦੇ ਇਲਾਜ ਦੌਰਾਨ ਡਾਕਟਰ, ਨਰਸ ਜਾਂ ਹੋਰ ਲੋਕ ਸੰਕ੍ਰਮਿਤ ਹੋ ਰਹੇ ਹਨ। ਅਜਿਹੇ 'ਚ ਦਿੱਲੀ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਮੈਡੀਕਲ ਸੈਕਟਰ ਨਾਲ ਸਬੰਧਤ ਲੋਕਾਂ ਲਈ ਰਾਹਤ ਤੋਂ ਘੱਟ ਨਹੀਂ ਹੈ।

ਉੱਧਰ ਉਪ ਰਾਜਪਾਲ ਅਨਿਲ ਬੈਜਲ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਮੈਡੀਕਲ ਸੈਕਟਰ ਤੇ ਇਸ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ 'ਚ ਕਈ ਬਿੰਦੂਆਂ ਦੀ ਸਮੀਖਿਆ ਕਰ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਲਾਕਡਾਊਨ ਦਾ ਸਖ਼ਤੀ ਨਾਲ ਪਾਲਣ ਹੋਵੇ ਇਸ ਲਈ ਹਰ ਪੱਧਰ 'ਤੇ ਸਮੀਖਿਆ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਜਿਸ 'ਚ ਸੀਐੱਮ ਕੇਜਰੀਵਾਲ, ਮੁੱਖ ਸਕੱਤਰ ਤੇ ਕਮਿਸ਼ਨਰ ਆਫ਼ ਪੁਲਿਸ ਮੌਜੂਦ ਸਨ।

Posted By: Tejinder Thind