ਸੁਰਿੰਦਰ ਅਰੋੜਾ, ਜਗਰਾਓਂ : ਚਾਕਲੇਟ-ਡੇ ਮਨਾ ਕੇ ਦੋਸਤ ਨਾਲ ਕਾਰ 'ਤੇ ਘੁੰਮ ਰਹੀ ਮੁਟਿਆਰ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲਿਆਂ ਵਿਚੋਂ ਇਕ ਮੁਲਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ। ਭਾਵੇਂ ਕਿ ਪੁਲਿਸ ਨੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਪਰ ਸੂਤਰਾਂ ਅਨੁਸਾਰ ਇਨ੍ਹਾਂ ਦੀ ਗਿਣਤੀ 6 ਹੈ।

ਦੇਰ ਸ਼ਾਮ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਮੁੱਲਾਂਪੁਰ ਥਾਣੇ ਵਿਚ ਪੱਤਰਕਾਰਾਂ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਗਿਣਤੀ 6 ਦੱਸੀ, ਜਦ ਕਿ ਪੀੜਤਾਂ ਨੇ ਬਿਆਨਾਂ ਵਿਚ ਉਸ ਨਾਲ ਸਮੂਹਿਕ ਜਬਰਜਨਾਹ ਕਰਨ ਵਾਲੇ 10 ਵਿਅਕਤੀ ਦੱਸੇ ਸਨ। ਡੀਆਈਜੀ ਖੱਟੜਾ ਅਨੁਸਾਰ ਇਸ ਮਾਮਲੇ ਵਿਚ ਪਰਸੋਂ ਰਾਤ ਤੋਂ ਹੀ ਜਗਰਾਓਂ ਤੋਂ ਇਲਾਵਾ ਖੰਨਾ ਅਤੇ ਨਵਾਂ ਸ਼ਹਿਰ ਦੀਆਂ ਪੁਲਿਸ ਟੀਮਾਂ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਯਤਨ ਕਰ ਰਹੀਆਂ ਸਨ।

ਮੰਗਲਵਾਰ ਸਵੇਰੇ ਜਗਰਾਓਂ ਪੀਓ ਸਟਾਫ ਦੇ ਮੁਖੀ ਜਸਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸਾਦਿਕ ਅਲੀ ਵਾਸੀ ਪਿੰਡ ਰਿੰਪਾ ਥਾਣਾ ਮੁਕੰਦਪੁਰ ਨਵਾਂਸ਼ਹਿਰ ਨੂੰ ਗਿ੍ਫ਼ਤਾਰ ਕਰ ਲਿਆ। ਇਸ ਤੋਂ ਪੰਜ ਘੰਟੇ ਚੱਲੀ ਪੁੱਛਗਿੱਛ ਵਿਚ ਪੂਰੇ ਜਬਰ ਜਨਾਹ ਕਾਂਡ ਦਾ ਖ਼ੁਲਾਸਾ ਹੋਇਆ। ਉਨ੍ਹਾਂ ਦੱਸਿਆ ਕਿ ਪੀੜਤਾ ਨੇ ਭਾਵੇਂ ਬਿਆਨ ਵਿਚ 10 ਦੋਸ਼ੀ ਲਿਖਵਾਏ ਸਨ ਪਰ ਇਹ ਕਾਰਾ ਕਰਨ ਵਾਲੇ 6 ਵਿਅਕਤੀ ਹਨ, ਜਿਨ੍ਹਾਂ ਦੇ ਪੁਲਿਸ ਵੱਲੋਂ ਸਕੈੱਚ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਾਂਡ ਵਿਚ 5 ਹੋਰ ਮੁਲਜ਼ਮਾਂ ਜਗਰੂਪ ਸਿੰਘ ਵਾਸੀ ਜਸਪਾਲ ਬਾਂਗਰ, ਬਿ੍ਜ ਨੰਦਨ ਗੋਂਡਾ, ਅਜੈ ਟਿੱਬਾ, ਸੋਨੂ ਟਿੱਬਾ ਅਤੇ ਰਵੀ ਸਰਨੂ ਟਿੱਬਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ 4 ਮੁਲਜ਼ਮ ਗੁੱਜਰ ਬਰਾਦਰੀ ਨਾਲ ਸਬੰਧਤ ਹਨ ਅਤੇ ਇਹ ਆਪਸ ਵਿਚ ਰਿਸ਼ਤੇਦਾਰ ਹਨ। ਡੀਆਈਜੀ ਖੱਟੜਾ ਨੇ 6 ਮੁਲਜ਼ਮਾਂ ਦੀ ਗਿ੍ਫ਼ਤਾਰੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਬਾਕੀ 5 ਜਣੇ ਮੀਡੀਆ ਵਿਚ ਇਸ ਮਾਮਲੇ ਦੇ ਵੱਡੇ ਪੱਧਰ 'ਤੇ ਆਉਣ ਕਾਰਨ ਅਜੇ ਫ਼ਰਾਰ ਹਨ ਪਰ ਪੁਲਿਸ ਪਾਰਟੀਆਂ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

ਪੀੜਤਾ ਦੇ ਜ਼ਖ਼ਮੀ ਦੋਸਤ ਨੇ ਕੀਤੀ ਸ਼ਨਾਖ਼ਤ

ਇਸ ਮਾਮਲੇ ਵਿਚ ਪੁਲਿਸ ਭਾਵੇਂ ਇਕ ਵਿਅਕਤੀ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਕਰ ਰਹੀ ਹੈ ਪਰ ਸੂਤਰਾਂ ਅਨੁਸਾਰ ਪੁਲਿਸ ਵੱਲੋਂ ਜਬਰ ਜਨਾਹ ਦੀ ਪੀੜਤਾ ਦੇ ਜ਼ਖ਼ਮੀ ਦੋਸਤ ਨੂੰ ਬੁਲਾ ਕੇ ਸਾਰੇ ਦੋਸ਼ੀਆਂ ਦੀ ਸ਼ਨਾਖ਼ਤ ਕਰਵਾਈ ਗਈ। ਹਾਲਾਂਕਿ ਪੀੜਤਾ ਅਤੇ ਦੋਸਤ ਦੇ ਮੀਡੀਆ ਨਾਲ ਸੰਪਰਕ ਤੋਂ ਪੁਲਿਸ ਪਰੇਸ਼ਾਨ ਹੈ। ਇਸੇ ਲਈ ਉਹ ਮੁਲਜ਼ਮਾਂ ਦੀ ਸ਼ਨਾਖ਼ਤ ਲਈ ਪੀੜਤਾ ਦੇ ਦੋਸਤ ਨੂੰ ਮੀਡੀਏ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੰਦੀ ਰਹੀ।

ਡੀਆਈਜੀ ਨੇ ਖ਼ੁਦ ਕੀਤੀ ਟੀਮਾਂ ਦੀ ਅਗਵਾਈ

ਇਸ ਚਰਚਿਤ ਸਮੂਹਿਕ ਜਬਰ ਜਨਾਹ ਮਾਮਲੇ ਦੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਤਿੰਨ ਜ਼ਿਲਿ੍ਹਆਂ ਦੀ ਵੱਡੀ ਪੁਲਿਸ ਪਾਰਟੀ ਦੀ ਖੁਦ ਅਗਵਾਈ ਕੀਤੀ। ਉਨ੍ਹਾਂ ਕੱਲ੍ਹ ਤੋਂ ਹੀ ਪੀੜਤਾ ਨਾਲ ਗੱਲਬਾਤ ਕਰਨ ਅਤੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਥਾਣਾ ਦਾਖਾ ਵਿਖੇ ਡੇਰਾ ਲਾ ਲਿਆ ਸੀ। ਉਨ੍ਹਾਂ ਨਾਲ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਤੋਂ ਇਲਾਵਾ ਅਧਿਕਾਰੀਆਂ ਦੀ ਵੱਡੀ ਟੀਮ ਦਰਜਨਾਂ ਫੜੇ ਵਿਅਕਤੀਆਂ ਦੀ ਪੁੱਛਗਿੱਛ ਵਿਚ ਲੱਗੀ ਹੋਈ ਸੀ। ਖੱਟੜਾ ਨੇ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਨੇ ਪੁਲਿਸ ਪਾਰਟੀਆਂ ਨਾਲ ਮੌਕੇ 'ਤੇ ਦੌਰੇ ਦੌਰਾਨ ਘਟਨਾ ਸਥਾਨ ਤੋਂ ਫਿੰਗਰ ਪਿ੍ੰਟ ਟੀਮ ਨੂੰ ਮਿਲੇ ਸੁਰਾਗ, ਟੈਕਨੀਕਲ ਟੀਮ ਵੱਲੋਂ ਇਕੱਠਾ ਕੀਤਾ ਗਿਆ ਡਾਟਾ ਅਤੇ ਸ਼ੱਕੀਆਂ ਦੀ ਸੂਚੀ ਨੂੰ ਸ਼ਾਰਟ ਲਿਸਟ ਕਰਨ, ਸੀਸੀਟੀਵੀ ਫੁਟੇਜ ਅਤੇ ਪੀੜਤਾ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਇਸ ਪੂਰੇ ਮਾਮਲੇ 'ਤੇ ਗੰਭੀਰਤਾ ਨਾਲ ਕੰਮ ਕੀਤਾ ਗਿਆ, ਜੋ ਸਫਲਤਾ ਦਾ ਕਾਰਨ ਬਣਿਆ।