ਜੇਐੱਨਐਨ, ਕੌਸ਼ਾਂਬੀ : ਉੱਤਰ ਪ੍ਰਦੇਸ਼ 'ਚ ਕੌਸ਼ਾਂਬੀ ਜ਼ਿਲ੍ਹੇ ਦੇ ਮੰਝਨਪੁਰ ਥਾਣੇ ਅਧੀਨ ਆਉਂਦੇ ਗਾਂਧੀਨਗਰ ਮੁਹੱਲੇ 'ਚ ਐਤਵਾਰ ਸਵੇਰੇ ਦੋ ਪੁੱਤਰਾਂ ਨੇ ਆਪਣੀਆਂ ਪਤਨੀਆਂ ਨਾਲ ਮਿਲ ਕੇ ਪਿਤਾ ਦੀ ਹੱਤਿਆ ਕਰ ਦਿੱਤੀ। ਵਾਰਦਾਤ ਤੋਂ ਬਾਅਦ ਇਕ ਦੋਸ਼ੀ ਪੁੱਤਰ ਖ਼ੁਦ ਹੱਤਿਆ 'ਚ ਵਰਤੀ ਗਈ ਰਾਡ ਲੈ ਕੇ ਥਾਣੇ ਪਹੁੰਚ ਗਿਆ। ਮਿ੍ਤਕ ਦੇ ਛੋਟੇ ਪੁੱਤਰ ਦੇ ਬਿਆਨ 'ਤੇ ਸੱਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਗਾਂਧੀਨਗਰ ਮੁੱਹਲਾ ਵਾਸੀ ਬੈਜਨਾਥ (61) ਰੇਲਵੇ ਵਿਭਾਗ ਤੋਂ ਰਿਟਾਇਰ ਹੋਏ ਸਨ। ਤਿੰਨ ਪੁੱਤਰਾਂ ਤੇ ਤਿੰਨ ਧੀਆਂ 'ਚੋਂ ਦੋ ਪੁੱਤਰਾਂ ਸੁਰਿੰਦਰ ਤੇ ਵਰਿੰਦਰ ਅਤੇ ਦੋ ਧੀਆਂ ਦਾ ਵਿਆਹ ਹੋ ਚੁੱਕਾ ਹੈ। ਬੈਜਨਾਥ ਆਪਣੀ ਪਤਨੀ ਪੱਤੀ ਦੇਵੀ, ਧੀ ਪੂਜਾ ਤੇ ਸਭ ਤੋਂ ਛੋਟੇ ਪੁੱਤਰ ਨਰਿੰਦਰ ਨਾਲ ਵੱਖਰੇ ਮਕਾਨ 'ਚ ਰਹਿੰਦੇ ਸਨ। ਪੱਤੀ ਦੇਵੀ ਮੁਤਾਬਕ ਰਿਟਾਇਰਮੈਂਟ ਤੋਂ ਬਾਅਦ ਮਿਲੇ ਫੰਡ 'ਚ ਸੁਰਿੰਦਰ ਤੇ ਵਰਿੰਦਰ ਬਟਵਾਰਾ ਚਾਹੁੰਦੇ ਸਨ। ਇਸ ਬਾਰੇ ਆਏ ਦਿਨ ਝਗੜਾ ਹੁੰਦਾ ਸੀ।

ਸਵੇਰੇ ਸੱਤ ਵਜੇ ਖੇਤ ਤੋਂ ਚਾਰਾ ਲੈ ਕੇ ਵਾਪਸ ਆਉਂਦੇ ਸਮੇਂ ਬੈਜਨਾਥ ਨਾਲ ਸੁਰਿੰਦਰ ਤੇ ਵਰਿੰਦਰ ਗਾਲੀ-ਗਲੌਚ ਕਰਨ ਲੱਗੇ। ਫਿਰ ਘਰ 'ਚ ਘਸੀਟਣ ਤੋਂ ਬਾਅਦ ਦਰਵਾਜ਼ਾ ਬੰਦ ਕਰ ਕੇ ਕੁੱਟਮਾਰ ਕਰਨ ਤੋਂ ਬਾਅਦ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ। ਸੁਰਿੰਦਰ ਤੇ ਉਸ ਦੀ ਪੁੱਤਰ ਸਚਿਨ, ਵਰਿੰਦਰ ਦੇ ਅਤੇ ਦੋਵੇਂ ਨੂੰਹਾਂ, ਸੁਰਿੰਦਰ ਦਾ ਸਾਲਾ ਟਿੱਲੂ ਵੀ ਇਸ 'ਚ ਸ਼ਾਮਲ ਸੀ।

ਜਾਣਕਾਰੀ ਮਿਲਣ 'ਤੇ ਪੱਤੀ ਦੇਵੀ ਪੁੱਤਰ ਨਰਿੰਦਰ ਤੇ ਧੀ ਨਾਲ ਮੌਕੇ 'ਤੇ ਪੁੱਜੀ ਤੇ ਬੈਜਨਾਥ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਥਾਣਾ ਮੁਖੀ ਮਨੀਸ਼ ਕੁਮਾਰ ਪਾਂਡੇ ਮੁਤਾਬਕ ਨਰਿੰਦਰ ਦੇ ਬਿਆਨ 'ਤੇ ਵਰਿੰਦਰ, ਸੁਰਿੰਦਰ, ਉਨ੍ਹਾਂ ਦੀਆਂ ਪਤਨੀਆਂ, ਟਿੱਲੂ ਅਤੇ ਇਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।