ਨਵੀਂ ਦਿੱਲੀ (ਪੀਟੀਆਈ) : ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸਾਰੇ 18 ਭਾਰ ਵਰਗਾਂ ਵਿਚੋਂ ਛੇ ਨਹੀਂ ਬਲਕਿ ਚੋਟੀ ਦੇ ਪੰਜ ਭਲਵਾਨ ਹੀ 2024 ਪੈਰਿਸ ਓਲੰਪਿਕ ਲਈ ਕੋਟਾ ਸਥਾਨ ਹਾਸਲ ਕਰਨਗੇ। ਇਸ ਤਰ੍ਹਾਂ 2023 ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ 18 ਕੋਟਾ ਸਥਾਨ ਹਟਾ ਦਿੱਤੇ ਗਏ ਹਨ ਤੇ ਉਨ੍ਹਾਂ ਨੂੰ ਵਿਸ਼ਵ ਕੁਆਲੀਫਾਇਰਸ ’ਚ ਜੋਡ਼ ਦਿੱਤਾ ਗਿਆ ਹੈ ਜੋ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਆਖ਼ਰੀ ਮੌਕਾ ਹੋਵੇਗਾ। ਯੂਨਾਈਟਿਡ ਵਿਸ਼ਵ ਕੁਸ਼ਤੀ (ਯੂਡਬਲਯੂਡਬਲਯੂ) ਦੇ ਪ੍ਰਧਾਨ ਨੇਨਾਦ ਲਾਲੋਵਿਚ ਨੇ ਕਿਹਾ ਕਿ ਕੁਸ਼ਤੀ ਦੀ ਵਿਸ਼ਵ ਸੰਚਾਲਨ ਸੰਸਥਾ ਨੇ ਇਹ ਤਬਦੀਲੀ ਵਿਸ਼ਵ ਚੈਂਪੀਅਨਸ਼ਿਪ ਤੇ ਵਿਸ਼ਵ ਕੁਆਲੀਫਾਇਰਸ ਵਿਚਾਲੇ ਕੋਟਾ ਸਥਾਨਾਂ ਦੀ ਵੰਡ ਵਿਚ ਨਿਰਪੱਖਤਾ ਲਈ ਕੀਤੀ ਹੈ।

ਵਿਸ਼ਵ ਚੈਂਪੀਅਨਸ਼ਿਪ ਅਗਲੇ ਸਾਲ 16 ਤੋਂ 24 ਸਤੰਬਰ ਵਿਚਾਲੇ ਰੂਸ ’ਚ ਖੇਡੀ ਜਾਵੇਗੀ। ਵਿਸ਼ਵ ਚੈਂਪੀਅਨਸ਼ਿਪ-2023 ਤੋਂ ਇਲਾਵਾ 2024 ਵਿਚ ਹੋਣ ਵਾਲੇ ਮਹਾਦੀਪੀ ਕੁਆਲੀਫਾਇਰਸ (ਏਸ਼ੀਆ, ਅਫਰੀਕਾ, ਪੈਨ-ਅਮਰੀਕਾ, ਯੂਰਪੀ) ਤੇ 2024 ਦੇ ਵਿਸ਼ਵ ਓਲੰਪਿਕ ਕੁਆਲੀਫਾਇਰਸ ਤੋਂ ਵੀ ਖੇਡਾਂ ਲਈ ਕੋਟਾ ਹਾਸਲ ਕੀਤਾ ਜਾ ਸਕੇਗਾ। ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਵਿਚ 108 ਕੋਟਾ ਸਥਾਨ (ਹਰੇਕ ਭਾਰ ਵਰਗ ਵਿਚੋਂ ਛੇ) ਦਿੱਤੇ ਜਾਂਦੇ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ ਘਟ ਕੇ 90 ਹੋ ਗਈ ਹੈ। ਭਾਰਤ ਤੋਂ ਬਜਰੰਗ ਪੂਨੀਆ (65 ਕਿੱਲੋਗ੍ਰਾਮ), ਰਵੀ ਦਹੀਆ (57 ਕਿੱਲੋਗ੍ਰਾਮ), ਦੀਪਕ ਪੂਨੀਆ (86 ਕਿੱਲੋਗ੍ਰਾਮ), ਤੇ ਵਿਨੇਸ਼ ਫੋਗਾਟ (53 ਕਿੱਲੋਗ੍ਰਾਮ) ਨੇ ਨੂਰ ਸੁਲਤਾਨ ਵਿਚ 2019 ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਰਾਹੀਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ ਜਦਕਿ ਅੰਸ਼ੂ ਮਲਿਕ (57 ਕਿੱਲੋਗ੍ਰਾਮ) ਤੇ ਸੋਨਮ ਮਲਿਕ (62 ਕਿੱਲੋਗ੍ਰਾਮ) ਨੇ ਅਲਮਾਟੀ, ਕਜ਼ਾਕਿਸਤਾਨ ਵਿਚ ਏਸ਼ਿਆਈ ਚੈਂਪੀਅਨਸ਼ਿਪ ਰਾਹੀਂ ਕੁਆਲੀਫਾਈ ਕੀਤਾ ਸੀ। ਹੈਵੀਵੇਟ ਭਲਵਾਨ ਸੁਮਿਤ ਮਲਿਕ (125 ਕਿੱਲੋਗ੍ਰਾਮ) ਨੇ ਸੋਫੀਆ, ਬੁਲਗਾਰੀਆ ਵਿਚ ਵਿਸ਼ਵ ਕੁਆਲੀਫਾਇਰਸ ਵਿਚ ਕੋਟਾ ਹਾਸਲ ਕਰ ਕੇ ਟੋੋਕੀਓ ਖੇਡਾਂ ਵਿਚ ਥਾਂ ਬਣਾਈ ਸੀ।

ਅਗਲੇ ਸਾਲ ਰੂਸ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਰੇਕ ਭਾਰ ਵਰਗ ਵਿਚੋਂ ਚਾਰ ਮੈਡਲ ਜੇਤੂਆਂ (ਗੋਲਡ, ਸਿਲਵਰ ਤੇ ਦੋ ਕਾਂਸੇ ਦੇ ਮੈਡਲ ਜੇਤੂ) ਆਪਣੇ ਦੇਸ਼ਾਂ ਲਈ ਕੋਟਾ ਸਥਾਨ ਹਾਸਲ ਕਰਨਗੇ ਜਦਕਿ ਕਾਂਸੇ ਦੇ ਮੈਡਲ ਦੇ ਪਲੇਆਫ ਵਿਚ ਹਾਰਨ ਵਾਲੇ ਭਲਵਾਨ ਪੰਜਵੇਂ ਸਥਾਨ ਲਈ ਮੁਕਾਬਲਾ ਕਰਨਗੇ। ਮਹਾਦੀਪੀ ਕੁਆਲੀਫਾਇੰਗ ਚੈਂਪੀਅਨਸ਼ਿਪਾਂ (ਏਸ਼ਿਆਈ, ਅਫਰੀਕੀ, ਪੈਨ ਅਮਰੀਕੀ ਤੇ ਯੂਰਪੀ) ’ਚੋਂ ਕੁੱਲ 144 ਭਲਵਾਨ ਓਲੰਪਿਕ ਲਈ ਕੁਆਲੀਫਾਈ ਕਰਨਗੇ। ਹਰੇਕ ਓਲੰਪਿਕ ਭਾਰ ਵਰਗ ਵਿਚ ਸਿਖਰ ’ਤੇ ਰਹਿਣ ਵਾਲੇ ਦੋ ਭਲਵਾਨ ਆਪਣੇ ਦੇਸ਼ ਲਈ ਇਕ-ਇਕ ਕੋਟਾ ਸਥਾਨ ਹਾਸਲ ਕਰਨਗੇ। ਵਿਸ਼ਵ ਚੈਂਪੀਅਨਸ਼ਿਪ 2023 ਵਿਚ ਕੋਟਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਮਹਾਦੀਪੀ ਕੁਆਲੀਫਾਇਰਸ ਵਿਚ ਹਿੱਸਾ ਲੈਣ ਦੇ ਹੱਕਦਾਰ ਨਹੀਂ ਹੋਣਗੇ। ਉਹ ਕਿਸੇ ਹੋਰ ਵਰਗ ’ਚ ਹਿੱਸਾ ਲੈ ਸਕਦੇ ਹਨ। ਵਿਸ਼ਵ ਓਲੰਪਿਕ ਕੁਆਲੀਫਾਇਰਸ ਵਿਚ ਹਰੇਕ ਓਲੰਪਿਕ ਭਾਰ ਵਰਗ ਵਿਚ ਤਿੰਨ ਕੋਟਾ ਸਥਾਨ ਦਾਅ ’ਤੇ ਲੱਗੇ ਹੋਣਗੇ। ਪਹਿਲਾਂ ਇਨ੍ਹਾਂ ਦੀ ਗਿਣਤੀ ਦੋ ਸੀ। ਹੁਣ ਸਿਰਫ਼ ਗੋਲਡ ਜਾਂ ਸਿਲਵਰ ਮੈਡਲ ਜੇਤੂ ਨੂੰ ਹੀ ਨਹੀਂ ਬਲਕਿ ਕਾਂਸੇ ਦਾ ਮੈਡਲ ਹਾਸਲ ਕਰਨ ਵਾਲਿਆਂ ਕੋਲ ਵੀ ਓਲੰਪਿਕ ਕੋਟਾ ਹਾਸਲ ਕਰਨ ਦਾ ਮੌਕਾ ਮਿਲੇਗਾ। ਹਰੇਕ ਭਾਰ ਵਰਗ ਵਿਚ ਕਾਂਸੇ ਦਾ ਮੈਡਲ ਜੇਤੂ ਕੋਟਾ ਸਥਾਨ ਲਈ ਮੁਕਾਬਲਾ ਕਰਨਗੇ।

Posted By: Sandip Kaur