ਨਵੀਂ ਦਿੱਲੀ (ਏਜੰਸੀ) : ਕੇਂਦਰ ਸਰਕਾਰ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ), ਭਾਰਤੀ ਪੁਲਿਸ ਸੇਵਾ (ਆਈਪੀਐੱਸ) ਤੇ ਭਾਰਤੀ ਜੰਗਲਾਤ ਸੇਵਾ (ਆਈਐੱਫਓਐੱਸ) ਅਧਿਕਾਰੀਆਂ ਨੂੰ ਭਾਰਤੀ ਵਫ਼ਦ ਦੇ ਮੈਂਬਰ ਦੇ ਤੌਰ ’ਤੇ ਵਿਦੇਸ਼ੀ ਸ਼ਖ਼ਸੀਅਤਾਂ ਵੱਲੋਂ ਮਿਲੇ ਤੋਹਫ਼ੇ ਆਪਣੇ ਕੋਲ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਲਈ ਕਰੀਬ 50 ਸਾਲ ਪੁਰਾਣੇ ਨਿਯਮਾਂ ’ਚ ਸੋਧ ਕੀਤੀ ਗਈ ਹੈ। ਇਕ ਅਧਿਕਾਰਤ ਹੁਕਮ ’ਚ ਇਹ ਕਿਹਾ ਗਿਆ ਹੈ।

ਮੌਜੂਦਾ ਨਿਯਮਾਂ ਤਹਿਤ ਜੇਕਰ ਤੋਹਫ਼ਾ ਦੇਣਾ ਪ੍ਰਚਲਿਤ ਧਾਰਮਿਕ ਤੇ ਸਮਾਜਿਕ ਪ੍ਰਥਾ ਮੁਤਾਬਕ ਹੋਵੇ ਤਾਂ ਇਨ੍ਹਾਂ ਅਧਿਕਾਰੀਆਂ ਨੂੰ ਵਿਆਹ, ਵਰ੍ਹੇਗੰਢ, ਅੰਤਿਮ ਸੰਸਕਾਰ ਤੇ ਧਾਰਮਿਕ ਸਮਾਗਮਾਂ ਵਰਗੇ ਮੌਕਿਆਂ ’ਤੇ ਆਪਣੇ ਕਰੀਬੀ ਰਿਸ਼ਤੇਦਾਰਾਂ ਜਾਂ ਮਿੱਤਰਾਂ ਤੋਂ ਤੋਹਫ਼ੇ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਪਰ ਜੇਕਰ ਇਸ ਤਰ੍ਹਾਂ ਦੇ ਤੋਹਫ਼ੇ ਦੀ ਕੀਮਤ 25,000 ਰੁਪਏ ਤੋਂ ਵੱਧ ਹੈ ਤਾਂ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਦੇਣੀ ਪਵੇਗੀ।

ਆਈਏਐੱਸ, ਆਈਪੀਐੱਸ ਤੇ ਆਈਐੱਫਓਐੱਸ ਅਧਿਕਾਰੀਆਂ ਲਈ ਲਾਗੂ ਅਖਿਲ ਭਾਰਤੀ ਸੇਵਾ (ਆਚਰਨ) ਨਿਯਮ, 1968 ਮੁਤਾਬਕ, ਸੇਵਾ ਦਾ ਕੋਈ ਵੀ ਮੈਂਬਰ ਸਰਕਾਰ ਦੀ ਮਨਜ਼ੂਰੀ ਦੇ ਬਗ਼ੈਰ ਕੋਈ ਤੋਹਫ਼ਾ ਸਵੀਕਾਰ ਨਹੀਂ ਕਰੇਗਾ, ਜੇਕਰ ਤੋਹਫ਼ੇ ਦੀ ਕੀਮਤ 5,000 ਰੁਪਏ ਤੋਂ ਵੱਧ ਹੈ। ਇਨ੍ਹਾਂ ਨਿਯਮਾਂ ’ਚ ਕਿਹਾ ਗਿਆ ਹੈ ਕਿ ਸੇਵਾ ਦੇ ਮੈਂਬਰ ਨੂੰ ਉਨ੍ਹਾਂ ਨਾਲ ਅਧਿਕਾਰਤ ਵਿਹਾਰ ਕਰਨ ਵਾਲੇ ਜਾਂ ਸਨਅਤੀ ਤੇ ਕਾਰੋਬਾਰੀ ਕੰਪਨੀਆਂ ਜਾਂ ਹੋਰ ਸੰਗਠਨਾਂ ਦੀ ਮਹਿੰਗੀ ਜਾਂ ਵਾਰ-ਵਾਰ ਮਹਿਮਾਨਵਾਜ਼ੀ ਤੋਂ ਬਚਣਾ ਚਾਹੀਦਾ ਹੈ।

ਅਮਲਾ ਮੰਤਰਾਲੇ ਨੇ ਹੁਣ ਇਨ੍ਹਾਂ ਨਿਯਮਾਂ ’ਚ ਸੋਧ ਕੀਤੀ ਹੈ ਤੇ ਅਖਿਲ ਭਾਰਤੀ ਸੇਵਾ (ਆਚਰਨ) ਨਿਯਮ, 1968 ਦੀ ਧਾਰਾ-11 ਤਹਿਤ ਇਕ ਨਵਾਂ ਉਪ ਨਿਯਮ ਸ਼ਾਮਲ ਕੀਤਾ ਹੈ। ਹੁਣੇ ਦੀ ਸੋਧ ’ਚ ਕਿਹਾ ਗਿਆ ਹੈ ਕਿ ਸੇਵਾ ਦਾ ਕੋਈ ਮੈਂਬਰ, ਭਾਰਤੀ ਵਫ਼ਦ ਦਾ ਮੈਂਬਰ ਹੋਣ ਦੇ ਨਾਤੇ ਜਾਂ ਵਿਦੇਸ਼ੀ ਯੋਗਦਾਨ (ਤੋਹਫ਼ਾ ਜਾਂ ਭੇਟ ਸਵੀਕਾਰ ਕਰਨ ਜਾਂ ਰੱਖਣ ਸਬੰਧੀ) ਨਿਯਮ, 2012 ਦੀਆਂ ਮੱਦਾਂ ਮੁਤਾਬਕ ਵਿਦੇਸ਼ੀ ਪਤਵੰਤਿਆਂ ਤੋਂ ਤੋਹਫ਼ਾ ਹਾਸਲ ਕਰ ਸਕਦਾ ਹੈ ਤੇ ਆਪਣੇ ਕੋਲ ਰੱਖ ਸਕਦਾ ਹੈ। ਅਮਲਾ ਮੰਤਰਾਲੇ ਨੇ ਪਿਛਲੇ ਸਾਲ ਮਾਰਚ ’ਚ ਤਜਵੀਜ਼ਸ਼ੁਦਾ ਨਿਯਮਾਂ ’ਤੇ ਸੂਬਾ ਸਰਕਾਰਾਂ ਤੋਂ ਟਿੱਪਣੀ ਮੰਗੀ ਸੀ। ਸੂਬਿਆਂ ਨੂੰ 31 ਮਾਰਚ, 2020 ਤਕ ਜਵਾਬ ਭੇਜਣ ਲਈ ਕਿਹਾ ਗਿਆ ਸੀ ਤੇ ਅਜਿਹਾ ਨਾ ਹੋਣ ’ਤੇ ਇਹ ਮੰਨਿਆ ਗਿਆ ਕਿ ਸੂਬਾ ਸਰਕਾਰ ਨੂੰ ਤਜਵੀਜ਼ਸ਼ੁਦਾ ਸੋਧਾਂ ’ਤੇ ਕੋਈ ਇਤਰਾਜ਼ ਨਹੀਂ ਹੈ। ਗਿਆਤ ਜਾਂ ਅਗਿਆਤ ਸਰੋਤਾਂ ਤੋਂ, ਵਿਦੇਸ਼ੀ ਸ਼ਖ਼ਸੀਅਤਾਂ ਤੋਂ ਹਾਸਲ ਤੋਹਫ਼ੇ, ਆਮ ਤੌਰ ’ਤੇ ਵਿਦੇਸ਼ ਮੰਤਰਾਲੇ ਦੇ ਤੋਸ਼ੇਖਾਨੇ ’ਚ ਇਕੱਠੇ ਕੀਤੇ ਜਾਂਦੇ ਹਨ।

Posted By: Jatinder Singh