ਜੇਐੱਨਐੱਨ, ਸਿਲੀਗੁੜੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਹਾਲੇ ਲਾਗੂ ਨਹੀਂ ਹੋਵੇਗਾ। ਜੇ ਭਵਿੱਖ 'ਚ ਲਾਗੂ ਵੀ ਹੋਵੇਗਾ ਤਾਂ ਗੋਰਖਿਆਂ 'ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ, ਕਿਉਂਕਿ ਗੋਰਖੇ ਘੁਸਪੈਠੀਏ ਨਹੀਂ ਹਨ। ਦਾਰਜੀਲਿੰਗ 'ਚ ਕਰਵਾਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੰਗਲਵਾਰ ਨੂੰ ਸ਼ਾਹ ਨੇ ਕਿਹਾ ਕਿ ਇਹ ਜ਼ਮੀਨ ਜਿੰਨੀ ਮੇਰੀ ਹੈ, ਓਨੀ ਹੀ ਗੋਰਖਿਆਂ ਦੀ ਵੀ। ਦੀਦੀ (ਮੁੱਖ ਮੰਤਰੀ ਮਮਤਾ ਬੈਨਰਜੀ) ਲੋਕਾਂ ਵਿਚਾਲੇ ਅਫ਼ਵਾਹ ਫੈਲਾ ਰਹੀ ਹੈ ਪਰ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ।

ਵਿਧਾਨ ਸਭਾ ਚੋਣਾਂ ਕਾਰਨ ਇਥੇ ਪੁੱਜੇ ਸ਼ਾਹ ਨੇ ਕਿਹਾ ਕਿ ਗੋਰਖਿਆਂ ਦੀ ਸਮੱਸਿਆ ਦਾ ਸਿਆਸੀ ਹੱਲ ਸਾਰਿਆਂ ਹੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਸਮੱਸਿਆ ਦਾ ਸਥਾਈ ਸਿਆਸੀ ਹੱਲ ਭਾਜਪਾ ਦੀ ਕੇਂਦਰ ਸਰਕਾਰ ਤੇ ਬੰਗਾਲ ਸਰਕਾਰ ਰਲ ਕੇ ਹੀ ਕੱਢੇਗੀ। ਭਾਰਤੀ ਸੰਵਿਧਾਨ 'ਚ ਸਾਰਿਆਂ ਲਈ ਵਿਵਸਥਾ ਹੈ। ਸਮੱਸਿਆ ਦੇ ਹੱਲ ਲਈ ਤੁਹਾਨੂੰ ਅੰਦੋਲਨ ਨਹੀਂ ਕਰਨਾ ਪਵੇਗਾ। ਅਸੀਂ ਗੋਰਖਿਆਂ ਦੀਆਂ 12 ਜਾਤੀਆਂ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਦੇ ਕੇ ਅਧਿਕਾਰ ਦਿਆਂਗੇ। ਏਨਾ ਹੀ ਨਹੀਂ, ਸ਼ਾਹ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ, ਕਮਿਊਨਿਸਟ ਤੇ ਤਿ੍ਣਮੂਲ ਕਾਂਗਰਸ ਨੇ ਦਾਰਜੀਲਿੰਗ ਦੇ ਵਿਕਾਸ 'ਤੇ ਫੁਲਸਟਾਪ ਲਾ ਦਿੱਤਾ ਹੈ। ਦੇਸ਼ ਬਹੁਤ ਅੱਗੇ ਨਿਕਲ ਗਿਆ ਤੇ ਦਾਰਜੀਲਿੰਗ ਉਥੇ ਹੈ। ਸਾਰਿਆਂ ਨੇ ਦਾਰਜੀਲਿੰਗ ਨੂੰ ਆਰਾਮ ਕਰਨ ਦੀ ਜਗ੍ਹਾ ਸਮਿਝਆ। ਭਾਜਪਾ ਪੰਜ ਸਾਲ 'ਚ ਦਾਰਜੀਲਿੰਗ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦੇਵੇਗੀ। ਦੋ ਮਈ ਨੂੰ ਪਹਾੜ 'ਤੇ ਅੱਗ ਨਹੀਂ ਲੱਗੇਗੀ, ਦੀਵੇ ਬਾਲ਼ ਕੇ ਉਤਸਵ ਮਨਾਇਆ ਜਾਵੇਗਾ।