ਸੰਜੇ ਮਿਸ਼ਰ, ਨਵੀਂ ਦਿੱਲੀ : ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਦਿੱਗਜ ਨੇਤਾ 'ਤੇ ਦਬਾਅ ਬਣਾਉਣ ਵਿਚ ਮਿਲੀ ਕਾਮਯਾਬੀ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਨੇ ਰਾਜਸਥਾਨ 'ਚ ਵੀ ਮੁੱਖ ਮੰਤਰੀ ਅਸ਼ੋਕ ਗਹਿਲੋਤ 'ਤੇ ਦਬਾਅ ਪਾਉਣ ਦਾ ਦਾਅ ਚੱਲ ਕੇ ਹੁਣ ਪਾਰਟੀ ਨੂੰ ਫੈਸਲਾ ਨਾ ਲੈਣ ਦੀ ਸਥਿਤੀ ਤੇ ਭੰਬਲਭੂਸੇ ਦੇ ਦੌਰ 'ਚੋਂ ਕੱਢਣ ਦੀ ਰਫਤਾਰ ਵਧਾ ਦਿੱਤੀ ਹੈ। ਕਾਂਗਰਸ ਹਾਈ ਕਮਾਨ ਨੇ ਇਸ ਕੋਸ਼ਿਸ਼ ਤਹਿਤ ਜਿੱਥੇ ਹੁਣ ਹਰ ਕੀਮਤ 'ਤੇ ਸਚਿਨ ਪਾਇਲਟ ਤੇ ਉਨ੍ਹਾਂ ਦੇ ਸਮਰਥਕਾਂ ਦੀ ਰਾਜਸਥਾਨ ਦੀ ਸੱਤਾ-ਸੰਗਠਨ 'ਚ ਦੁਬਾਰਾ ਐਂਟਰੀ ਦੀ ਸਮਾਂ-ਹੱਦ ਤੈਅ ਕਰ ਦਿੱਤੀ ਹੈ, ਉਥੇ ਉਤਰਾਖੰਡ ਤੋਂ ਲੈ ਕੇ ਮਨੀਪੁਰ, ਗੋਆ ਅਤੇ ਅਸਾਮ ਵਰਗੇ ਰਾਜਾਂ ਵਿਚ ਪ੍ਰਦੇਸ਼ ਕਾਂਗਰਸ 'ਚ ਬਦਲਾਅ ਨੂੰ ਧੜਾਧੜ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ।

ਪੰਜਾਬ ਕਾਂਗਰਸ ਦਾ ਘਮਾਸਾਨ ਖਤਮ ਕਰਨ 'ਚ ਪਾਰਟੀ ਲੀਡਰਸ਼ਿਪ ਨੂੰ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਲੱਗ ਗਿਆ। ਲਿਹਾਜ਼ਾ ਹਾਈ ਕਮਾਨ ਰਾਜਸਥਾਨ 'ਚ ਅਸ਼ੋਕ ਗਹਿਲੋਤ ਦੀ ਅੰਦਰੂਨੀ ਖਿੱਚੋਤਾਣ ਖਤਮ ਕਰਨ ਲਈ ਵੱਧ ਸਮਾਂ ਦੇਣ ਦਾ ਜੋਖਮ ਨਹੀਂ ਲੈਣਾ ਚਾਹੁੰਦੀ। ਇਸ ਲਈ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਆਉਣ ਤੋਂ ਬਚ ਰਹੇ ਗਹਿਲੋਤ ਨੂੰ ਸਪੱਸ਼ਟ ਸੰਦੇਸ਼ ਭੇਜਿਆ ਗਿਆ ਹੈ ਕਿ ਹੁਣ ਪਾਇਲਟ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਸੱਤਾ-ਸੰਗਠਨ ਵਿਚ ਭਾਈਵਾਲੀ ਦਾ ਮਾਮਲਾ ਲਟਕਾਉਣ ਦੀ ਗੁੰਜਾਇਸ਼ ਨਹੀਂ ਹੈ। ਇਸ ਲਈ ਹਾਈ ਕਮਾਨ ਨੇ ਰਾਜਸਥਾਨ ਦੇ ਇੰਚਾਰਜ ਅਜੇ ਮਾਕਨ ਨਾਲ ਆਪਣੇ ਵਿਸ਼ੇਸ਼ ਦੂਤ ਵਜੋਂ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਐਤਵਾਰ ਨੂੰ ਜੈਪੁਰ ਭੇਜਿਆ। ਮਾਕਨ ਅਤੇ ਵੇਣੂਗੋਪਾਲ ਨੇ ਵਿਧਾਇਕਾਂ ਨਾਲ ਮੀਟਿੰਗ 'ਚ ਵੀ ਹਾਈ ਕਮਾਨ ਦੇ ਇਨ੍ਹਾਂ ਇਰਾਦਿਆਂ ਦਾ ਸੰਕੇਤ ਦੇ ਦਿੱਤਾ।

ਦਰਅਸਲ ਕਾਂਗਰਸ ਲੀਡਰਸ਼ਿਪ ਪੰਜਾਬ ਮਾਮਲੇ 'ਚ ਮਿਲੀ ਬੜ੍ਹਤ ਨਾਲ ਗਰਮ ਸਿਆਸੀ ਲੋਹੇ ਦਾ ਅਸਰ ਠੰਢਾ ਨਹੀਂ ਪੈਣ ਦੇਣਾ ਚਾਹੁੰਦੀ, ਇਸ ਲਈ ਰਾਜਸਥਾਨ ਸਮੇਤ ਹੋਰਨਾਂ ਰਾਜਾਂ ਵਿਚ ਆਪਣੀ ਇੱਛਾ ਅਨੁਸਾਰ ਬਦਲਾਅ ਨੂੰ ਸਿਰੇ ਚੜ੍ਹਾਉਣ ਦਾ ਮੌਕਾ ਛੱਡਣਾ ਨਹੀਂ ਚਾਹੁੰਦੀ। ਹਾਈ ਕਮਾਨ ਸਿੱਧੂ ਵਾਂਗ ਹੁਣ ਪਾਇਲਟ ਨੂੰ ਦਿੱਤੇ ਆਪਣੇ ਵਾਅਦੇ ਨੂੰ ਪੂਰਾ ਕਰਨਾ ਚਾਹੁੰਦੀ ਹੈ। ਪਿਛਲੇ ਸਾਲ ਬਗਾਵਤ ਕਰਨ ਵਾਲੇ ਪਾਇਲਟ ਨੂੰ ਕਾਂਗਰਸ ਲੀਡਰਸ਼ਿਪ ਸੱਤਾ-ਸੰਗਠਨ ਵਿਚ ਸਨਮਾਨਜਨਕ ਭਾਈਵਾਲੀ ਦਾ ਵਾਅਦਾ ਕੀਤਾ ਸੀ। ਰਾਜਸਥਾਨ 'ਚ ਸਿਆਸੀ ਆਪਰੇਸ਼ਨ ਨੂੰ ਗਤੀ ਦੇਣ ਤੋਂ ਪਹਿਲਾਂ ਕਾਂਗਰਸ ਨੇ ਸਿੱਧੂ ਨੂੰ ਪ੍ਰਦੇਸ਼ ਪ੍ਰਧਾਨ ਬਣਾਉਣ ਵਾਲੇ ਦਿਨ ਹੀ ਉੱਤਰਾਖੰਡ ਕਾਂਗਰਸ ਵਿਚ ਵੱਡੇ ਬਦਲਾਅ ਨੂੰ ਅੰਜਾਮ ਦਿੱਤਾ। ਗਣੇਸ਼ ਗੋਂਦਿਆਲ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ, ਪ੍ਰਰੀਤਮ ਸਿੰਘ ਨੂੰ ਵਿਰੋਧੀ ਧਿਰ ਦਾ ਆਗੂ ਅਤੇ ਹਰੀਸ਼ ਰਾਵਤ ਨੂੰ ਪ੍ਰਦੇਸ਼ ਚੋਣ ਮੁਹਿੰਮ ਕਮੇਟੀ ਦਾ ਪ੍ਰਧਾਨ ਬਣਾ ਕੇ ਕਮਾਨ ਨੇ ਆਪਣੀ ਪਸੰਦ ਜ਼ਾਹਰ ਕਰ ਦਿੱਤੀ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਗੋਆ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਕੇ ਚੋਣਾਂ ਤੋਂ ਪਹਿਲਾਂ ਉਥੇ ਸੰਗਠਨ ਵਿਚ ਹੋਣ ਵਾਲੇ ਫੇਰਬਦਲ 'ਤੇ ਵਿਚਾਰ ਕਰ ਲਿਆ ਅਤੇ ਹੁਣ ਬਦਲਾਵ ਦਾ ਐਲਾਨ ਕਿਸੇ ਵੀ ਦਿਨ ਹੋ ਜਾਵੇਗਾ।