ਨਵੀਂ ਦਿੱਲੀ (ਪੀਟੀਆਈ) : ਦੇਸ਼ 'ਚ ਇੰਜੀਨੀਅਰਿੰਗ ਕਾਲਜਾਂ ਨੂੰ ਹੁਣ ਐੱਨਬੀਏ (ਨੈਸ਼ਨਲ ਬੋਰਡ ਆਫ ਐਕ੍ਰੇਡਿਸ਼ਨ) ਮਾਨਤਾ ਨਹੀਂ ਦੇਵੇਗਾ। ਇਹ ਕੰਮ ਹੁਣ ਆਈਆਈਟੀ ਫਾਊਂਡੇਸ਼ਨ ਫਾਰ ਐਕ੍ਰੇਡਿਸ਼ਨ ਐਂਡ ਅਸੈਸਮੈਂਟ (ਆਈਐੱਫਏਏ) ਨਾਂ ਦੀ ਨਵੀਂ ਕੰਪਨੀ ਕਰੇਗੀ। ਹਾਲ ਹੀ ਵਿਚ ਇਸ ਕੰਪਨੀ ਦਾ ਗਠਨ ਕੀਤਾ ਗਿਆ ਸੀ। ਆਈਆਈਟੀ ਮਦਰਾਸ, ਆਈਆਈਟੀ ਦਿੱਲੀ ਤੇ ਆਈਆਈਟੀ ਖੜਗਪੁਰ ਇਸ ਦੇ ਸੰਸਥਾਪਕ ਭਾਈਵਾਲ ਹਨ। ਹੁਣ ਇਸ ਸੰਸਥਾ ਲਈ ਸੀਈਓ ਦੀ ਤਲਾਸ਼ ਹੈ।

ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਕੰਪਨੀ ਐਕਟ 2013 ਤਹਿਤ ਧਾਰਾ-8 ਦੀ ਕੰਪਨੀ ਦੇ ਗਠਨ ਦੀ ਤਜਵੀਜ਼ ਪੇਸ਼ ਕੀਤੀ ਸੀ। ਇਸ ਦਾ ਮਕਸਦ ਆਈਆਈਟੀ ਤੇ ਆਈਆਈਐੱਮ ਨੂੰ ਮਿਲਾ ਕੇ ਇਕ ਕੰਪਨੀ ਦਾ ਗਠਨ ਕਰਨਾ ਸੀ ਜੋ ਮਾਨਤਾ ਦੇਣ ਦਾ ਕੰਮ ਕਰੇ। ਇਸ ਤੋਂ ਬਾਅਦ ਹੀ ਆਈਐੱਫਏਏ ਹੋਂਦ ਵਿਚ ਆਈ। ਇਕ ਸੀਨੀਅਰ ਅਧਿਕਾਰੀ ਜੋ ਆਈਆਈਟੀ ਕੌਂਸਲ ਦਾ ਮੈਂਬਰ ਵੀ ਹੈ ਨੇ ਕਿਹਾ ਕਿ ਨਵਗਠਿਤ ਕੰਪਨੀ ਮਾਨਤਾ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਯਤਨ ਕਰੇਗੀ। ਇਹ ਕੰਪਨੀ ਆਤਮ ਨਿਰਭਰ ਸੰਸਥਾ ਦੇ ਰੂਪ ਵਿਚ ਕੰਮ ਕਰੇਗੀ।