ਪ੍ਰਦੀਪ ਚੌਰਸੀਆ, ਮੁਰਾਦਾਬਾਦ : ਧੁੰਦ 'ਚ ਵੀ ਤੇਜ਼ ਰਫਤਾਰ ਟ੍ਰੇਨਾਂ ਚਲਾਉਣ ਦੀ ਤਿਆਰੀ ਹੈ। ਰੇਲ ਮੈਨੇਜਮੈਂਟ ਨੇ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟ੍ਰੇਨ ਚਲਾਉਣਾ ਤੈਅ ਕੀਤਾ ਹੈ। ਹਰ ਸਾਲ ਧੁੰਦ 'ਚ ਟ੍ਰੇਨਾਂ 24-24 ਘੰਟੇ ਤਕ ਦੇਰੀ ਨਾਲ ਚੱਲਦੀਆਂ ਸੀ। ਇਸ ਵਿਚ ਸੁਧਾਰ ਕਰਨ ਲਈ ਰੇਲ ਪ੍ਰਸ਼ਾਸਨ ਨੇ ਆਧੁਨਿਕ ਫੌਗ ਡਿਵਾਈਸ ਤੇ ਕਲਰ ਲਾਈਟ ਸਿਗਨਲ ਨੂੰ ਹਥਿਆਰ ਬਣਾਇਆ ਹੈ। ਰੇਲਵੇ ਨੇ ਧੁੰਦ ਵਾਲੇ ਇਲਾਕਿਆਂ ਤੋਂ ਲੰਘਣ ਵਾਲੀਆਂ ਟ੍ਰੇਨਾਂ ਦੇ ਇੰਜਣ 'ਚ ਸੈਟੇਲਾਈਟ ਨਾਲ ਸੰਚਾਲਿਤ ਹੋਣ ਵਾਲੀ ਆਧੁਨਿਕ ਫੌਗ ਡਿਵਾਈਸ ਲਗਾਈ ਹੈ ਜਿਹੜਾ ਡਰਾਈਵਰ ਨੂੰ ਸਿਗਨਲ ਦੀ ਸੂਚਨਾ ਦੇਵੇਗਾ। ਕਲਰ ਲਾਈਟ ਸਿਗਨਲ ਸਿਸਟਮ 'ਚ ਤੇਜ਼ ਰੋਸ਼ਨ ਤੇ ਧੁੰਦ 'ਚ ਵੀ ਦੂਰ ਤਕ ਰੋਸ਼ਨ ਦੇਣ ਵਾਲਾ ਬਲਬ ਲਗਾਇਆ ਹੈ।

ਰੇਲਵੇ ਨੇ ਫੌਗ ਹੱਟ ਦੀ ਵਿਵਸਥਾ ਖਤਮ ਕਰ ਦਿੱਤੀ ਹੈ। ਜਿੱਥੇ ਫੌਗ ਹੱਟ ਬਣਾਈ ਜਾਂਦੀ ਹੈ, ਉੱਥੋਂ ਰੇਲ ਲਾਈਨ ਦਰਮਿਆਨ ਦੇ ਖੇਤਰ ਨੂੰ ਚਿੱਟੇ ਰੰਗ ਨਾਲ ਰੰਗਿਆ ਗਿਆ ਹੈ। ਧੁੰਦ 'ਚ ਟ੍ਰੇਨ ਦੀ ਲਾਈਟ ਪੈਣ 'ਤੇ ਇਹ ਚਮਕਣ ਲੱਗੇਗੀ। ਪਿਛਲੇ ਸਾਲ ਤਕ ਰੇਲਵੇ ਧੁੰਦ ਵਾਲੇ ਇਲਾਕਿਆਂ 'ਚ ਟ੍ਰੇਨਾਂ ਦੀ ਵੱਧ ਤੋਂ ਵੱਧ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਤ ਕਰਦਾ ਸੀ। ਇਸ ਸਾਲ ਇਸਦੀ ਰਫ਼ਤਾਰ ਵਧਾ ਕੇ 75 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਤ ਕੀਤੀ ਹੈ। ਇਸ ਨਾਲ ਧੁੰਦ 'ਚ ਟ੍ਰੇਨਾਂ ਵੱਧ ਤੋਂ ਵੱਧ ਦੋ ਘੰਟੇ ਦੇਰੀ ਨਾਲ ਚੱਲਣਗੀਆਂ।