ਸਟੇਟ ਬਿਊਰੋ, ਸ੍ਰੀਨਗਰ : ਉੱਤਰੀ ਕਸ਼ਮੀਰ 'ਚ ਐੱਲਓਸੀ ਨਾਲ ਲੱਗਦੇ ਕੁਪਵਾੜਾ ਤੇ ਗੁਰੇਜ਼ ਦੇ ਸਰਹੱਦੀ ਇਲਾਕਿਆਂ ਵਿਚ ਮੰਗਲਵਾਰ ਨੂੰ ਬਰਫ਼ ਦੇ ਤੋਦਿਆਂ ਹੇਠ ਤਿੰਨ ਫ਼ੌਜੀ ਜਵਾਨ ਲਾਪਤਾ ਹੋ ਗਏ ਜਦਕਿ ਪੰਜ ਜਵਾਨਾਂ ਨੂੰ ਬਚਾ ਲਿਆ ਗਿਆ। ਬਚਾਏ ਗਏ ਜਵਾਨਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਬਰਫ਼ ਦੇ ਤੋਦੇ ਡਿੱਗਣ ਕਾਰਨ ਸਰਹੱਦੀ ਫ਼ੌਜੀ ਚੌਕੀਆਂ ਨੂੰ ਵੀ ਨੁਕਸਾਨ ਪੁੱਜਾ ਹੈ। ਜਾਣਕਾਰੀ ਅਨੁਸਾਰ ਦੁਪਹਿਰੇ ਕਰਨਾਹ ਸੈਕਟਰ ਤਹਿਤ ਐੱਲਓਸੀ ਨੇੜੇ ਸਥਿਤ ਈਗਲ ਪੋਸਟ ਕੋਲ ਬਰਫ਼ ਦੇ ਤੋਦੇ ਡਿੱਗੇ। ਇਸ ਨਾਲ ਚੌਕੀ ਦਾ ਇਕ ਹਿੱਸਾ ਬਰਫ਼ ਦੇ ਤੋਦਿਆਂ ਹੇਠ ਆ ਗਿਆ।

ਦੱਸਿਆ ਜਾਂਦਾ ਹੈ ਕਿ ਫ਼ੌਜ ਦੀ ਦੋ ਜਾਟ ਰੈਂਜੀਮੈਂਟ ਦੇ ਚਾਰ ਜਵਾਨ ਬਰਫ਼ ਹੇਠਾਂ ਦੱਬੇ ਗਏ। ਬਰਫ਼ ਖਿਸਕਣੀ ਜਦੋਂ ਬੰਦ ਹੋਈ ਤਾਂ ਫ਼ੌਜ ਦੀ ਬਚਾਅ ਟੀਮ ਨੇ ਕੰਮ ਸ਼ੁਰੂ ਕਰ ਦਿੱਤਾ। ਇਕ ਦਲ ਨੂੰ ਹੈਲੀਕਾਪਟਰ ਰਾਹੀਂ ਮੌਕੇ 'ਤੇ ਉਤਾਰਿਆ ਗਿਆ। ਕਰੀਬ ਤਿੰਨ ਘੰਟਿਆਂ ਦੀ ਮਿਹਨਤ ਪਿੱਛੋਂ ਬਚਾਅ ਮੁਲਾਜ਼ਮਾਂ ਨੇ ਦੋ ਜਵਾਨਾਂ ਨੂੰ ਬਰਫ਼ ਹੇਠੋਂ ਜਿਊਂਦਿਆਂ ਕੱਢ ਲਿਆ ਪਰ ਉਨ੍ਹਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ। ਉਨ੍ਹਾਂ ਨੂੰ ਹੈਲੀਕਾਪਟਰ ਜ਼ਰੀਏ ਤੁਰੰਤ ਸ੍ਰੀਨਗਰ ਸਥਿਤ ਫ਼ੌਜ ਦੇ 92 ਬੇਸ ਹਸਪਤਾਲ ਵਿਚ ਪਹੁੰਚਾਇਆ ਗਿਆ।

ਇਸੇ ਦੌਰਾਨ ਜ਼ਿਲ੍ਹਾ ਬਾਂਦੀਪੋਰਾ 'ਚ ਗੁਰੇਜ਼ ਸੈਕਟਰ ਤਹਿਤ ਪੈਂਦੇ ਬਗਤਰ ਇਲਾਕੇ ਵਿਚ ਵੀ ਬਰਫ਼ ਖਿਸਕੀ। ਇਸ ਦੇ ਨਾਲ ਹੀ ਉੱਥੇ ਤੇਜ਼ ਹਵਾਵਾਂ ਨਾਲਸ ਬਰਫ਼ੀਲਾ ਤੂਫ਼ਾਨ ਵੀ ਉੱਠਿਆ ਤੇ ਇਸ ਦੀ ਲਪੇਟ ਵਿਚ ਚਾਰ ਫ਼ੌਜੀ ਜਵਾਨ ਆ ਗਏ। ਤੂਫ਼ਾਨ ਦੇ ਸ਼ਾਂਤ ਹੁੰਦਿਆਂ ਹੀ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਤਿੰਨ ਜਵਾਨਾਂ ਨੂੰ ਛੇਤੀ ਹੀ ਬਰਫ਼ ਹੇਠੋਂ ਕੱਢ ਲਿਆ ਗਿਆ ਪਰ ਇਕ ਜਵਾਨ ਦਾ ਦੇਰ ਰਾਤ ਤਕ ਪਤਾ ਨਹੀਂ ਲੱਗ ਸਕਿਆ।