ਨਵੀਂ ਦਿੱਲੀ, ਏਐੱਨਆਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਾਅਵਾ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ। ਟਰੰਪ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਭਾਰਤ-ਚੀਨ ਵਿਚਕਾਰ ਚੱਲ ਰਹੇ ਸਰਹੱਦੀ ਵਿਵਾਦ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਖ਼ਬਰ ਮੁਤਾਬਿਕ ਪੀਐੱਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨਾਲ 4 ਅਪ੍ਰੈਲ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੀਤੀ। ਪੀਐੱਮ ਮੋਦੀ ਤੇ ਰਾਸ਼ਟਰਪਤੀ ਟਰੰਪ ਵਿਚਕਾਰ ਲੱਦਾਖ ਮੁੱਦੇ 'ਤੇ ਕੋਈ ਗੱਲਬਾਤ ਨਹੀਂ ਹੋਈ ਹੈ।

ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਿਕ, ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਕੋਈ ਅਧਿਕਾਰਤ ਗੱਲਬਾਤ ਨਹੀਂ ਹੋਈ ਹੈ। ਦੋਵਾਂ ਆਗੂਆਂ ਵਿਚਕਾਰ ਆਖ਼ਿਰੀ ਗੱਲਬਾਤ 4 ਅਪ੍ਰੈਲ 2020 ਨੂੰ ਹੋਈ ਸੀ। ਇਸ ਗੱਲਬਾਤ ਦੌਰਾਨ ਟਰੰਪ ਤੇ ਮੋਦੀ ਵਿਚਕਾਰ ਕੋਵਿਡ-19 ਦੇ ਇਲਾਜ ਲਈ ਹਾਈਡ੍ਰੋਕਲੋਰੋਕੁਈਨ ਦਵਾਈ ਸਬੰਧੀ ਗੱਲਬਾਤ ਹੋਈ ਸੀ, ਉਦੋਂ ਅਮਰੀਕੀ ਰਾਸ਼ਟਰਪਤੀ ਨੇ ਇਸ ਦਵਾਈ 'ਤੇ ਭਾਰਤ ਵੱਲੋਂ ਲਗਾਈ ਗਈ ਪਾਬੰਦੀ ਨੂੰ ਹਟਾਉਣ ਦੀ ਅਪੀਲ ਕੀਤੀ ਸੀ।

ਦੱਸ ਦੇਈਏ ਕਿ ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਨੇ ਵੀ ਇਹ ਸਪੱਸ਼ਟ ਕੀਤਾ ਸੀ ਕਿ ਅਸੀਂ ਸਥਾਪਿਤ ਤੰਤਰ ਕੂਟਨੀਤਕ ਸੰਪਰਕਾਂ ਜ਼ਰੀਏ ਸਿੱਧਾ ਚੀਨ ਨਾਲ ਸੰਪਰਕ 'ਚ ਹਾਂ। ਭਾਰਤ-ਚੀਨ ਵਿਵਾਦ ਗੱਲਬਾਤ ਜ਼ਰੀਏ ਸੁਲਝਾ ਲਿਆ ਜਾਵੇਗਾ।

ਅਸਲ ਵਿਚ ਵੀਰਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਦੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਦਾਖ ਮੁੱਦੇ 'ਤੇ ਬਿਲਕੁਲ ਵੀ ਚੰਗੇ ਮੂਡ 'ਚ ਨਹੀਂ ਹਨ। ਉਨ੍ਹਾਂ ਕਿਹਾ, 'ਲੱਦਾਖ ਮੁੱਦੇ 'ਤੇ ਮੋਦੀ ਬਹਤੇ ਚੰਗੇ ਮੂਡ 'ਚ ਨਹੀਂ ਹਨ ਤੇ ਉਹ ਕਿਸੇ ਵੱਡੇ ਸੰਘਰਸ਼ ਲਈ ਤਿਆਰ ਨਹੀਂ ਹਨ। ਟਰੰਪ ਨੇ ਕਿਹਾ ਕਿ ਭਾਰਤ ਤੇ ਚੀਨ ਵਿਚਕਾਰ ਸਰਹੱਦ ਨੂੰ ਲੈ ਕੇ ਇਕ ਵੱਡਾ ਸੰਘਰਸ਼ ਚੱਲ ਰਿਹਾ ਹੈ। ਟਰੰਪ ਨੇ ਕਿਹਾ ਕਿ ਭਾਰਤ 'ਚ ਮੈਨੂੰ ਲੋਕ ਪਸੰਦ ਕਰਦੇ ਹਨ। ਮੈਨੂੰ ਲਗਦਾ ਹੈ ਕਿ ਉੱਥੋਂ ਦੇ ਮੀਡੀਆ ਨਾਲੋਂ ਜ਼ਿਆਦਾ ਭਾਰਤ ਦੇ ਲੋਕ ਪਸੰਦ ਕਰਦੇ ਹਨ। ਮੈਨੂੰ ਮੋਦੀ ਪਸੰਦ ਹਨ। ਮੈਨੂੰ ਤੁਹਾਡਾ ਪ੍ਰਧਾਨ ਮੰਤਰੀ ਕਾਫ਼ੀ ਪਸੰਦ ਹੈ। ਮੋਦੀ ਇਕ ਮਹਾਨ ਸੱਜਣ ਪੁਰਸ਼ ਹਨ।'

Posted By: Seema Anand