ਨਵੀਂ ਦਿੱਲੀ (ਏਐੱਨਆਈ) : ਸਕੂਲੀ ਬੱਚਿਆਂ ਲਈ ਸੁਰੱਖਿਅਤ ਤੇ ਪੌਸ਼ਟਿਕ ਭੋਜਨ ਯਕੀਨੀ ਕਰਨ ਲਈ ਖ਼ੁਰਾਕ ਖੇਤਰ ਦੀ ਅਥਾਰਟੀ ਐੱਫਐੱਸਐੱਸਏਆਈ ਨੇ ਤਿਆਰੀ ਕਰ ਲਈ ਹੈ।

ਇਸ ਲਈ ਸਕੂਲ ਦੀਆਂ ਕੰਟੀਨਾਂ ਤੇ ਹੋਰ ਸਿੱਖਿਆ ਸੰਸਥਾਵਾਂ ਵਿਚ ਜੰਕ ਫੂਡ ਤੇ ਬਿਮਾਰ ਕਰਨ ਵਾਲੇ ਭੋਜਨ ਪਦਾਰਥਾਂ ਦੀ ਵਿਕਰੀ ਤੇ ਉਸ ਦੀ ਇਸ਼ਤਿਹਾਰਬਾਜ਼ੀ ਕਰਨ 'ਤੇ ਰੋਕ ਲਾਉਣ ਦੀ ਤਿਆਰੀ ਕਰ ਲਈ ਹੈ। ਇਸ ਦੇ ਨਾਲ ਹੀ ਸਕੂਲ ਤੇ ਕਾਲਜ ਕੰਪਲੈਕਸਾਂ ਦੇ ਪੰਜਾਹ ਮੀਟਰ ਦੇ ਦਾਇਰੇ ਤਕ ਵੀ ਇਨ੍ਹਾਂ ਦੀ ਵਿਕਰੀ ਤੇ ਪ੍ਰਚਾਰ ਦੇ ਰੋਕ ਲਾਈ ਜਾਵੇਗੀ।

ਭਾਰਤੀ ਖ਼ੁਰਾਕ ਸੁਰੱਖਿਆ ਤੇ ਮਾਨਕ ਅਥਾਰਟੀ (ਐੱਫਐੱਸਐੱਸਏਆਈ) ਦੇ ਸੀਈਓ ਅਰੁਣ ਸਿੰਘਲ ਨੇ ਐਤਵਾਰ ਨੂੰ ਦੱਸਿਆ ਕਿ ਇਹ ਸੰਸਥਾ ਹੁਣ ਪਹਿਲੀ ਵਾਰ ਖ਼ੁਰਾਕ ਸੁਰੱਖਿਆ ਤੇ ਮਾਨਕ ਐਕਟ ਤਹਿਤ ਇਕ ਨਵੀਂ ਨਿਯਮਾਵਲੀ ਲੈ ਕੇ ਆ ਰਹੀ ਹੈ।

ਇਨ੍ਹਾਂ ਨਵੇਂ ਨਿਯਮਾਂ ਦਾ ਮਕਸਦ ਸਕੂਲਾਂ ਦੇ ਬੱਚਿਆਂ ਨੂੰ ਸੁਰੱਖਿਅਤ, ਪੌਸ਼ਟਿਕ ਤੇ ਸਿਹਤਮੰਦ ਭੋਜਨ ਮੁਹਈਆ ਕਰਵਾਉਣਾ ਹੋਵੇਗਾ। ਐੱਫਐੱਸਐੱਸਏਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵੇਂ ਨਿਯਮ ਇਸ ਲਈ ਬਣਾਏ ਜਾ ਰਹੇ ਹਨ ਤਾਂ ਜੋ ਸਕੂਲੀ ਬੱਚਿਆਂ ਨੂੰ ਜ਼ਿਆਦਾ ਚਰਬੀ, ਨਮਕ ਤੇ ਸ਼ੂਗਰ ਵਾਲਾ ਖ਼ੁਰਾਕੀ ਪਦਾਰਥ ਸਕੂਲ ਵਿਚ ਜਾਂ ਉਸ ਦੇ ਆਸਪਾਸ ਨਾ ਮਿਲੇ। ਸਿਹਤ ਲਈ ਬੇਹੱਦ ਖ਼ਤਰਨਾਕ ਜੰਕ ਫੂਡ ਸਕੂਲਾਂ ਦੀਆਂ ਕੰਟੀਨਾਂ ਜਾਂ ਮੈੱਸ ਕੰਪੈਲਕਸਾਂ ਜਾਂ ਹੋਸਟਲ ਮੈੱਸ ਵਿਚ ਵੇਚਣਾ ਬੰਦ ਕਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਦੇ ਬਾਹਰ 50 ਮੀਟਰ ਦੀ ਦੂਰੀ ਤਕ ਵੀ ਜੰਕ ਫੂਡ ਜਿਵੇਂ ਚਿਪਸ, ਕੋਲਡ ਡਰਿੰਕ, ਬਰਗਰ, ਪੀਜ਼ਾ ਆਦਿ ਦੀ ਵਿਕਰੀ 'ਤੇ ਵੀ ਰੋਕ ਰਹੇਗੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਪਿੱਛੋਂ ਹਰੇਕ ਸਕੂਲ ਨੂੰ ਇਸ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ।