ਜੇਐੱਨਐੱਨ, ਨਵੀਂ ਦਿੱਲੀ : ਪੰਜ ਮਹੀਨੇ ਬੀਤਣ ਪਿੱਛੋਂ ਵੀ ਉਨ੍ਹਾਂ 179 ਪਰਿਵਾਰਾਂ ਦਾ ਇੰਤਜ਼ਾਰ ਖ਼ਤਮ ਨਹੀਂ ਹੋਇਆ ਹੈ ਜਿਨ੍ਹਾਂ ਦੇ ਸਕੇ-ਸਬੰਧੀ ਰੁਜ਼ਗਾਰ ਦੀ ਭਾਲ ਵਿਚ ਨਿਊਜ਼ੀਲੈਂਡ ਗਏ ਸਨ। ਹਰ ਪਲ ਇਨ੍ਹਾਂ ਦੀਆਂ ਅੱਖਾਂ ਦਰਵਾਜ਼ੇ 'ਤੇ ਰਾਹ ਦੇਖਦੀਆਂ ਹਨ। ਫੋਨ ਜਾਂ ਮੋਬਾਈਲ ਦੀ ਘੰਟੀ ਵੱਜਦੇ ਉਮੀਦ ਲਗਾਉਂਦੇ ਹਨ ਕਿ ਸ਼ਾਇਦ ਵਿਦੇਸ਼ ਗਏ ਪੁੱਤਰ-ਨੂੰਹ ਜਾਂ ਧੀ-ਦਾਮਾਦ ਦੀ ਕੋਈ ਖ਼ਬਰ ਸੁਣਨ ਨੂੰ ਮਿਲ ਜਾਏ।

ਦਸੰਬਰ 2018 ਵਿਚ ਰਵਿੰਦਰ ਅਤੇ ਸ਼੍ਰੀਕਾਂਤ ਨਾਂ ਦੇ ਦੋ ਏਜੰਟ ਤਾਮਿਲਨਾਡੂ ਤੋਂ ਦਿੱਲੀ ਦੇ ਦੱਖਣੀ ਮਦਨਗੀਰ ਆਏ ਸਨ। ਉਨ੍ਹਾਂ ਨੇ ਇਥੇ ਰਹਿਣ ਵਾਲੇ ਤਾਮਿਲ ਮੂਲ ਦੇ ਲੋਕਾਂ ਨੂੰ ਦੱਸਿਆ ਕਿ ਨਿਊਜ਼ੀਲੈਂਡ ਸਰਕਾਰ ਨੇ 1000 ਲੋਕਾਂ ਨੂੰ ਬੁਲਾਇਆ ਹੈ। ਉੱਥੇ ਡੇਢ ਤੋਂ ਦੋ ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ। ਦਿੱਲੀ ਵਿਚ ਕਿਸੇ ਤਰ੍ਹਾਂ ਜੀਵਨ ਨਿਰਬਾਹ ਕਰ ਰਹੇ ਲੋਕ ਲਾਲਚ ਵਿਚ ਆ ਗਏ। ਕਨਕ ਲਿੰਗਮ ਨੇ ਦੱਸਿਆ ਕਿ ਰਵਿੰਦਰ ਅਤੇ ਸ਼੍ਰੀਕਾਂਤ ਨੇ ਹਰੇਕ ਅੌਰਤ-ਮਰਦ ਤੋਂ ਤਿੰਨ-ਤਿੰਨ ਲੱਖ ਰੁਪਏ, ਜਦਕਿ ਬੱਚਿਆਂ ਦਾ ਇਕ-ਇਕ ਲੱਖ ਰੁਪਏ ਲਿਆ ਸੀ। ਉਨ੍ਹਾਂ ਕਿਹਾ ਸੀ ਕਿ ਤਿੰਨ ਮਹੀਨੇ ਵਿਚ ਨਿਊਜ਼ੀਲੈਂਡ ਦੀ ਨਾਗਰਿਕਤਾ ਦਿਵਾ ਦੇਣਗੇ।

250 ਲੋਕ ਹੋਏ ਸਨ ਰਵਾਨਾ : ਤਮਿਲ ਮੁੂਲ ਦੇ ਇਹ ਲੋਕ 1977-78 'ਚ ਤਾਮਿਲਨਾਡੂ ਦੇ ਮਦੁਰਈ ਤੋਂ ਦਿੱਲੀ ਦੇ ਮਦਨਗੀਰ ਵਿਚ ਆ ਕੇ ਵੱਸ ਗਏ ਸਨ। ਦਿੱਲੀ ਦੇ 179 ਲੋਕਾਂ ਦੇ ਇਲਾਵਾ ਤਾਮਿਲਨਾਡੂ ਦੇ ਹੀ ਹੋਰ ਲੋਕਾਂ ਸਮੇਤ ਕਰੀਬ 250 ਲੋਕ ਕਿਸ਼ਤੀ 'ਤੇ ਰਵਾਨਾ ਹੋਏ ਸਨ।

ਕਨਕ ਲਿੰਗਮ ਦੇ ਤਿੰਨ ਪੁੱਤਰ ਪਰਿਵਾਰ ਸਮੇਤ ਹਨ ਗ਼ਾਇਬ

ਕਨਕ ਲਿੰਗਮ ਮਦਨਗੀਰ ਵਿਚ ਕਰਿਆਣੇ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਦੇ ਤਿੰਨ ਪੁੱਤਰ ਹਨ ਰਘੂ, ਰਾਮੂ ਅਤੇ ਸੂਰੀਆ। ਤਿੰਨੋਂ ਪਤਨੀ ਅਤੇ ਬੱਚਿਆਂ ਦੇ ਨਾਲ ਦਿੱਲੀ ਤੋਂ ਟ੍ਰੇਨ ਵਿਚ ਤਾਮਿਲਨਾਡੂ ਗਏ। ਉੱਥੋਂ ਏਜੰਟ ਬੱਸਾਂ ਰਾਹੀਂ ਉਨ੍ਹਾਂ ਨੂੰ ਕੋਚੀ ਲੈ ਗਏ। 11 ਜਨਵਰੀ ਨੂੰ ਕੋਚੀ ਪੁੱਜਣ ਤਕ ਉਨ੍ਹਾਂ ਦੀ ਪੁੱਤਰਾਂ ਨਾਲ ਗੱਲ ਹੋਈ ਸੀ ਪ੍ਰੰਤੂ ਇਸ ਪਿੱਛੋਂ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਇਨ੍ਹਾਂ ਦੇ ਕੁਨਬੇ ਦੇ 37 ਲੋਕ ਕਿਸ਼ਤੀ 'ਤੇ ਗਏ ਹਨ। ਹਰ ਘਰ ਤੋਂ ਕਰੀਬ ਚਾਰ-ਪੰਜ ਲੋਕ ਕਿਸ਼ਤੀ 'ਤੇ ਗਏ ਹਨ। ਇਨ੍ਹਾਂ ਵਿਚੋਂ ਕੋਈ ਡਰਾਈਵਰ ਸੀ ਤੇ ਕੋਈ ਮਜ਼ਦੂਰੀ ਕਰ ਰਿਹਾ ਸੀ। ਕਿਸੇ ਨੇ ਮਕਾਨ ਤੇ ਕਿਸੇ ਨੇ ਦੁਕਾਨ ਅਤੇ ਗਹਿਣੇ ਗਿਰਵੀ ਰੱਖ ਕੇ ਰੁਪਇਆਂ ਦਾ ਪ੍ਰਬੰਧ ਕੀਤਾ ਸੀ। ਕੋਚੀ ਦੀ ਮੁਨਾਮਬਾਮ ਬੰਦਰਗਾਹ ਤੋਂ 11 ਜਨਵਰੀ ਰਾਤ 10 ਵਜੇ ਤੋਂ 12 ਜਨਵਰੀ ਸਵੇਰੇ ਚਾਰ ਵਜੇ ਤਕ ਲੋਕਾਂ ਨੂੰ ਥਾਯਾ ਮਾਥਾ-2 ਨਾਮਕ ਕਿਸ਼ਤੀ ਵਿਚ ਬਿਠਾਇਆ ਗਿਆ। ਕਰੀਬ 250 ਲੋਕਾਂ ਦੇ ਬੈਠਣ ਪਿੱਛੋਂ ਕਿਸ਼ਤੀ ਓਵਰਲੋਡ ਹੋ ਗਈ। ਤਦ ਬਚੇ ਹੋਏ ਲੋਕਾਂ ਨੂੰ ਮੋੜ ਦਿੱਤਾ ਗਿਆ। ਏਜੰਟ ਰਵਿੰਦਰ ਅਤੇ ਸ਼੍ਰੀਕਾਂਤ ਵੀ ਕਿਸ਼ਤੀ 'ਤੇ ਗਏ ਸਨ।

ਕੋਚੀ ਪੁੱਜਦੇ ਹੀ ਖੋਹ ਲਏ ਗਏ ਸਨ ਮੋਬਾਈਲ

ਤਮਿਲ ਮੂਲ ਦੀ ਆਨੰਦੀ ਨੇ ਦੱਸਿਆ ਕਿ ਪਤੀ ਪ੍ਰਭੂ ਅਤੇ ਇਕ ਧੀ ਨਾਲ ਨਿਊਜ਼ੀਲੈਂਡ ਜਾਣ ਲਈ ਉਨ੍ਹਾਂ ਨੇ ਏਜੰਟ ਰਵਿੰਦਰ ਨੂੰ ਸੱਤ ਲੱਖ ਰੁਪਏ ਦਿੱਤੇ। ਦਿੱਲੀ ਤੋਂ ਉਹ ਟ੍ਰੇਨ ਰਾਹੀਂ ਤਾਮਿਲਨਾਡੂ ਪੁੱਜੇ। ਉਥੋਂ ਬੱਸ 'ਚ ਕੋਚੀ ਲਿਜਾ ਕੇ ਇਕ ਹੋਟਲ 'ਚ ਠਹਿਰਾਇਆ ਪ੍ਰੰਤੂ ਉੱਥੇ ਸਾਰਿਆਂ ਦੇ ਮੋਬਾਈਲ ਖੋਹ ਲਏ।

ਇਸ ਕਾਰਨ ਝਾਂਸੇ 'ਚ ਆਏ ਲੋਕ

ਪ੍ਰਭੂ ਨੇ ਦੱਸਿਆ ਕਿ 2013 'ਚ ਏਜੰਟ ਰਵਿੰਦਰ ਉਨ੍ਹਾਂ ਸਹਿਤ ਕਰੀਬ 72 ਲੋਕਾਂ ਨੂੰ ਆਸਟ੍ਰੇਲੀਆ ਲੈ ਕੇ ਗਿਆ ਸੀ। ਉਨ੍ਹਾਂ ਨੂੰ ਭਾਰਤ ਵਿਚ ਸ਼ੋਸ਼ਣ ਦਾ ਸ਼ਿਕਾਰ ਦੱਸ ਕੇ ਸ਼ਰਨਾਰਥੀ ਕੈਂਪ 'ਚ ਰੱਖਿਆ ਗਿਆ ਪ੍ਰੰਤੂ ਜ਼ਿਆਦਾਤਰ ਲੋਕ ਉੱਥੇ ਵੱਸ ਗਏ ਅਤੇ ਚੰਗਾ ਪੈਸਾ ਕਮਾਇਆ ਹੈ। ਪ੍ਰਭੂ ਵੀ ਪਤਨੀ ਦੇ ਨਾਲ ਕਰੀਬ ਇਕ ਸਾਲ ਉੱਥੇ ਰਿਹਾ। ਕਰੀਬ ਦੋ ਲੱਖ ਰੁਪਏ ਪ੍ਰਤੀ ਮਹੀਨਾ ਮਿਲਦੇ ਸਨ। ਇਸ ਦੇ ਇਲਾਵਾ ਸਰਕਾਰ ਤੋਂ 90 ਹਜ਼ਾਰ ਰੁਪਏ ਮਿਲਦੇ ਸਨ। ਆਸਟ੍ਰੇਲੀਆ ਦੀ ਅਦਾਲਤ ਵਿਚ ਉਸ ਦਾ ਪੱਖ ਖ਼ਾਰਜ ਹੋਣ ਪਿੱਛੋਂ ਉਸ ਨੂੰ ਦੇਸ਼ ਮੁੜਨਾ ਪਿਆ। ਇਹੀ ਕਾਰਨ ਰਿਹਾ ਕਿ ਲੋਕ ਆਸਾਨੀ ਨਾਲ ਰਵਿੰਦਰ ਦੇ ਝਾਂਸੇ ਆ ਗਏ।