ਜੇਐੱਨਐੱਨ, ਨਵੀਂ ਦਿੱਲੀ/ਪੀਟੀਆਈ : ਭਾਰਤ 'ਚ ਕਾਲੇ ਧਨ ਸਬੰਧੀ ਲੰਬੇ ਸਮੇਂ ਤੋਂ ਸਿਆਸਤ ਹੁੰਦੀ ਰਹੀ ਹੈ। ਹੁਣ ਇਸ ਮਸਲੇ 'ਤੇ ਨਿਊਜ਼ ਏਜੰਸੀ ਪੀਟੀਆਈ ਦੀ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਵਿਟਜ਼ਰਲੈਂਡ ਦੇ ਬੈਂਕਾਂ (Swiss Bank) 'ਚ ਭਾਰਤੀਆਂ ਦੇ ਕਰੀਬ ਇਕ ਦਰਜਨ ਅਜਿਹੇ ਨਕਾਰੇ ਖਾਤੇ ਹਨ ਜਿਨ੍ਹਾਂ ਦਾ ਕੋਈ ਵੀ ਦਾਅਵੇਦਾਰ ਸਾਹਮਣੇ ਨਹੀਂ ਆਇਆ ਹੈ। ਅਜਿਹੇ 'ਚ ਖਦਸ਼ਾ ਹੈ ਕਿ ਇਨ੍ਹਾਂ ਖਾਤਿਆਂ 'ਚ ਪਈ ਰਕਮ ਨੂੰ ਸਵਿਟਜ਼ਰਲੈਂਡ ਸਰਕਾਰ ਦੇ ਹਵਾਲੇ ਕੀਤਾ ਜਾ ਸਕਦਾ ਹੈ।

ਸਵਿਸ ਅਥਾਰਟੀਜ਼ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਉਸ ਮੁਤਾਬਿਕ ਬੀਤੇ ਛੇ ਸਾਲਾਂ 'ਚ ਸਵਿਟਜ਼ਰਲੈਂਡ ਦੇ ਬੈਂਕਾਂ 'ਚ ਜਿਹੜੇ ਵੀ ਖਾਤੇ ਨਕਾਰੇ ਹਨ, ਉਨ੍ਹਾਂ ਵਿਚੋਂ ਇਕ ਲਈ ਵੀ ਕਿਸੇ ਭਾਰਤੀ ਨੇ ਦਾਅਵੇਦਾਰੀ ਨਹੀਂ ਪੇਸ਼ ਕੀਤੀ ਹੈ। ਇਨ੍ਹਾਂ ਨਕਾਰੇ ਖਾਤਿਆਂ 'ਚੋਂ ਕੁਝ ਲਈ ਦਾਅਵਾ ਕਰਨ ਦੀ ਅੰਤਿਮ ਤਾਰੀਕ ਅਗਲੇ ਮਹੀਨੇ ਖ਼ਤਮ ਹੋ ਜਾਵੇਗੀ। ਹਾਲਾਂਕਿ ਕੁਝ ਅਜਿਹੇ ਖਾਤੇ ਵੀ ਹਨ ਜਿਨ੍ਹਾਂ 'ਤੇ 2020 ਦੇ ਅਖੀਰ ਤਕ ਦਾਅਵਾ ਕੀਤਾ ਜਾ ਸਕਦਾ ਹੈ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਨਕਾਰਾ ਖਾਤਿਆਂ 'ਚੋਂ ਕੁਝ 'ਤੇ ਪਾਕਿਸਤਾਨੀਆਂ ਨੇ ਦਾਅਵਾ ਕੀਤਾ ਹੈ। ਇਹੀ ਨਹੀਂ ਸਵਿਟਜ਼ਰਲੈਂਡ ਦੇ ਨਾਲ-ਨਾਲ ਕੁਝ ਹੋਰ ਦੇਸ਼ਾਂ ਦਾ ਲੋਕਾਂ ਦੇ ਖਾਤਿਆਂ 'ਤੇ ਵੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸਵਿਸ ਬੈਂਕਾਂ 'ਚ ਲਗਪਗ 2600 ਖਾਤੇ ਹਨ ਜਿਹੜੇ ਨਕਾਰੇ ਹਨ ਤੇ ਜਿਨ੍ਹਾਂ ਵਿਚ 4.5 ਕਰੋੜ ਸਵਿੱਸ ਫਰੈਂਕ (ਕਰੀਬ 300 ਕਰੋੜ ਰੁਪਏ) ਦੀ ਰਕਮ ਮੌਜੂਦ ਹੈ। ਇਹੀ ਨਹੀਂ ਸਾਲ 1955 ਤੋਂ ਹੀ ਇਨ੍ਹਾਂ ਖਾਤਿਆਂ 'ਚ ਮੌਜੂਦ ਰਕਮ ਲਈ ਦਾਅਵੇਦਾਰੀ ਨਹੀਂ ਪੇਸ਼ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ਦੀ ਸਰਕਾਰ ਨੇ ਸਾਲ 2015 'ਚ ਜਿਹੜੇ ਖਾਤੇ ਨਕਾਰਾ ਹੋ ਗਏ ਹਨ, ਉਨ੍ਹਾਂ ਬਾਰੇ ਜਾਣਕਾਰੀ ਜਨਤਕ ਕਰਨੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਸਵਿਟਜ਼ਰਲੈਂਡ ਦੇ ਬੈਂਕਾਂ ਨੇ ਨਕਾਰਾ ਖਾਤਿਆਂ ਦੇ ਦਾਅਵੇਦਾਰਾਂ ਨੂੰ ਰਕਮ ਹਾਸਿਲ ਕਰਨ ਲਈ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਨ ਦੇ ਹੁਕਮ ਦਿੱਤੇ ਸਨ। ਇਨ੍ਹਾਂ ਨਕਾਰਾ ਖਾਤਿਆਂ 'ਚੋਂ ਦਸ ਭਾਰਤੀਆਂ ਦੇ ਹਨ। ਹੈਰਾਨ ਕਰਨ ਵਾਲੀ ਜਾਣਕਾਰੀ ਇਹ ਹੈ ਕਿ ਇਨ੍ਹਾਂ ਵਿਚੋਂ ਕੁਝ ਖਾਤੇ ਭਾਰਤ 'ਚ ਰਹਿਣ ਵਾਲਿਆਂ ਤੇ ਬ੍ਰਿਟਿਸ਼ ਰਾਜ ਦੇ ਦੌਰ ਦੇ ਨਾਗਰਿਕਾਂ ਨਾਲ ਵੀ ਜੁੜੇ ਹਨ।

Posted By: Seema Anand