ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦਾ ਰੌਲਾ ਪੂਰੇ ਸਿਖਰ 'ਤੇ ਹੈ। ਸੱਤ ਪੜਾਵਾਂ ਦੀਆਂ ਇਨ੍ਹਾਂ ਚੋਣਾਂ ਦਾ ਪਹਿਲਾਂ ਪੜਾਅ 11 ਅਪ੍ਰੈਲ ਨੂੰ ਖ਼ਤਮ ਹੋ ਗਿਆ ਹੈ। ਅੱਜ ਦੇ ਦੌਰ 'ਚ ਚੋਣਾਂ 'ਚ ਪੈਸੇ ਦਾ ਵੱਡਾ ਰੋਲ ਹੈ। ਜਿਸ ਪਾਰਟੀ ਜਾਂ ਉਮੀਦਵਾਰ ਕੋਲ ਜਿੰਨਾ ਜ਼ਿਆਦਾ ਪੈਸਾ ਹੁੰਦਾ ਹੈ, ਉਹ ਓਨੇ ਹੀ ਵੱਡੇ ਪੱਧਰ 'ਤੇ ਪ੍ਰਚਾਰ ਕਰਦਾ ਹੈ। ਅਜਿਹੇ 'ਚ ਦੇਖਣਾ ਦਿਲਚਸਪ ਹੋਵੇਗਾ ਕਿ ਕਿਸ ਰਾਸ਼ਟਰੀ ਪਾਰਟੀ ਕੋਲ ਕਿੰਨਾ ਪੈਸਾ ਹੈ।

ਬੈਂਕ ਬੈਲੰਸ 'ਚ ਫਾਡੀ ਹੈ ਭਾਜਪਾ

ਸਭ ਤੋਂ ਪਹਿਲਾਂ ਗੱਲ ਦੇਸ਼ 'ਚ ਸੱਤਾਧਾਰੀ ਭਾਜਪਾ ਦੀ ਕਰ ਲੈਂਦੇ ਹਾਂ। ਇਹ ਪਾਰਟੀ ਪਿਛਲੇ ਪੰਜ ਸਾਲ ਤੋਂ ਦੇਸ਼ ਵਿਚ ਸਰਕਾਰ ਚਲਾ ਰਹੀ ਹੈ। ਇਸ ਦੌਰਾਨ ਕਈ ਸੂਬਿਆਂ 'ਚ ਵੀ ਉਸ ਦੀ ਸਰਕਾਰ ਬਣੀ ਹੈ। ਅਜਿਹੇ 'ਚ ਹਰ ਕਿਸੇ ਨੂੰ ਲੱਗ ਸਕਦਾ ਹੈ ਕਿ ਭਾਜਪਾ ਕੋਲ ਸਭ ਤੋਂ ਵੱਧ ਬੈਂਕ ਬੈਲੰਸ ਹੋਵੇਗਾ। ਉਂਝ ਦੱਸ ਦਈਏ ਕਿ ਭਾਜਪਾ ਕੋਲ 81 ਕਰੋੜ 82 ਲੱਖ 28 ਹਜ਼ਾਰ ਤੋਂ ਜ਼ਿਆਦਾ ਰੁਪਏ ਹਨ, ਜਿਸ ਵਿਚ 55,81,860 ਰੁਪਏ ਪਾਰਟੀ ਕੋਲ ਕੈਸ਼ ਹਨ। ਪਾਰਟੀ ਦਾ ਦਾਅਵਾ ਹੈ ਕਿ ਉਸ ਨੇ 2017-18 'ਚ ਕਮਾਏ ਕੁੱਲ 1057 ਕਰੋੜ 'ਚੋਂ 758 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ। ਦੱਸ ਦਈਏ ਕਿ ਇਹ ਕਿਸੇ ਵੀ ਪਾਰਟੀ ਵੱਲੋਂ ਖ਼ਰਚ ਕੀਤੀ ਗਈ ਸਭ ਤੋਂ ਜ਼ਿਆਦਾ ਰਕਮ ਹੈ। ਭਾਜਪਾ ਚਾਹੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਪਰ ਬੈਂਕ ਬੈਲੰਸ ਦੇ ਮਾਮਲੇ 'ਚ ਨੰਬਰ ਇਕ ਨਹੀਂ ਹੈ।

ਕਾਂਗਰਸ ਦਾ ਹਾਲ

ਗੱਲ ਕਾਂਗਰਸ ਦੀ ਕਰੀਏ ਤਾਂ ਇਸ ਪਾਰਟੀ ਨੇ ਦੇਸ਼ 'ਚ ਸਭ ਤੋਂ ਲੰਮਾ ਸਮਾਂ ਸ਼ਾਸਨ ਕੀਤਾ ਹੈ। ਅੱਜ ਦੇ ਦੌਰ 'ਚ ਵੀ ਭਾਜਪਾ ਦੇ ਬਦਲਾਅ ਦੇ ਤੌਰ 'ਤੇ ਕਾਂਗਰਸ ਨੂੰ ਹੀ ਦੇਖਿਆ ਜਾ ਰਿਹਾ ਹੈ। ਅਜਿਹੇ 'ਚ ਕਾਂਗਰਸ ਦਾ ਬੈਂਕ ਬੈਲੰਸ ਵੀ ਤੁਸੀਂ ਜਾਣਨਾ ਚਾਹੋਗੇ। ਕਾਂਗਰਸ ਨੇ ਪਿਛਲੇ ਸਾਲ ਪੰਜ ਸੂਬਿਆਂ 'ਚ ਹੋਈਆਂ ਚੋਣਾਂ 'ਚ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ 'ਚ ਸਰਕਾਰ ਬਣਾਈ ਸੀ। ਪਰ ਹਾਲੇ ਤਕ ਇਸ ਜਿੱਤ ਤੋਂ ਬਾਅਦ ਬੈਂਕ ਬੈਲੰਸ ਦਾ ਲੇਖਾ-ਜੋਖਾ ਚੋਣ ਕਮਿਸ਼ਨ 'ਚ ਅਪਡੇਟ ਨਹੀਂ ਕੀਤਾ। ਕਾਂਗਰਸ ਨੇ ਕਰਨਾਟਕ ਚੋਣਾਂ ਤੋਂ ਬਾਅਦ ਜੋ ਬੈਂਕ ਬੈਲੰਸ ਅਪਡੇਟ ਕੀਤਾ ਸੀ, ਉਸ ਅਨੁਸਾਰ ਪਾਰਟੀ ਕੋਲ 196 ਕਰੋੜ ਰੁਪਏ ਦਾ ਬੈਂਕ ਬੈਲੰਸ ਹੈ ਅਤੇ ਉਹ ਸੱਤਾਧਾਰੀ ਭਾਜਪਾ ਤੋਂ ਕਾਫ਼ੀ ਅੱਗੇ ਹੈ। ਦੱਸ ਦਈਏ ਕਿ ਭਾਜਪਾ ਦੇ ਮੁਕਾਬਲੇ ਦੁੱਗਣਾ ਬੈਂਕ ਬੈਲੰਸ ਹੋਣ ਦੇ ਬਾਵਜੂਦ ਕਾਂਗਰਸ ਇਸ ਮਾਮਲੇ 'ਚ ਨੰਬਰ ਇਕ ਨਹੀਂ ਹੈ।

ਇਹ ਹੈ ਨੰਬਰ ਇਕ ਪਾਰਟੀ

ਭਾਜਪਾ ਅਤੇ ਕਾਂਗਰਸ ਨੰਬਰ ਇਕ ਨਹੀਂ ਹਨ ਤਾਂ ਸਹਿਜੇ ਹੀ ਉਤਸੁਕਤਾ ਜਾਗਦੀ ਹੈ ਕਿ ਆਖ਼ਿਰ ਨੰਬਰ ਇਕ ਕੌਣ ਹੈ? ਬੈਂਕ ਬੈਲੰਸ 'ਚ ਨੰਬਰ ਇਕ 'ਤੇ ਹੈ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਯਾਨੀ ਬਸਪਾ। ਬਸਪਾ ਇਕ ਰਾਸ਼ਟਰੀ ਪਾਰਟੀ ਹੈ ਅਤੇ ਉਸ ਦੇ ਬੈਂਕ ਬੈਲੰਸ ਅੱਗੇ ਤਮਾਮ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਕਿਤੇ ਨਹੀਂ ਠਹਿਰਦੀਆਂ। ਇਸੇ ਸਾਲ 25 ਫਰਵਰੀ ਨੂੰ ਚੋਣ ਕਮਿਸ਼ਨ 'ਚ ਬੈਂਕ ਬੈਲੰਸ ਦੀ ਜਾਣਕਾਰੀ ਦਿੰਦੇ ਹੋਏ ਬਸਪਾ ਨੇ ਦੱਸਿਆ ਕਿ ਉਸ ਕੋਲ ਕੁੱਲ 669 ਕਰੋੜ ਰੁਪਏ ਹਨ। ਇਹ ਅੰਕੜਾ ਭਾਜਪਾ ਤੋਂ ਕਰੀਬ 8 ਗੁਣਾ ਅਤੇ ਕਾਂਗਰਸ ਤੋਂ ਕਰੀਬ ਸਾਢੇ ਤਿੰਨ ਗੁਣਾ ਜ਼ਿਆਦਾ ਹੈ। ਦੱਸ ਦਈਏ ਕਿ ਬਸਪਾ 2014 ਦੀਆਂ ਲੋਕ ਸਭਾ ਚੋਣਾਂ 'ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ ਅਤੇ ਮੱਧ ਪ੍ਰਦੇਸ਼ 'ਚ ਉਹ ਕਾਂਗਰਸ ਸਰਕਾਰ ਨੂੰ ਸਮਰਥਨ ਦੇ ਰਹੀ ਹੈ। ਇਸ ਤੋਂ ਇਲਾਵਾ ਪਾਰਟੀ ਕਿਤੇ ਵੀ ਸੱਤਾ 'ਚ ਨਹੀਂ ਹੈ। ਇਸ ਦੇ ਬਾਵਜੂਦ ਪਾਰਟੀ ਬੈਂਕ ਬੈਲੰਸ 'ਚ ਨੰਬਰ ਇਕ ਹੋਣਾ ਬਹੁਤੇ ਲੋਕਾਂ ਲਈ ਹੈਰਾਨੀ ਵਾਲੀ ਗੱਲ ਹੋ ਸਕਦੀ ਹੈ।

ਸਮਾਜਵਾਦੀ ਪਾਰਟੀ ਵੀ ਕਿਸੇ ਸੂਬੇ 'ਚ ਸੱਤਾ 'ਚ ਨਹੀਂ ਹੈ ਪਰ ਇਹ ਪਾਰਟੀ ਬੈਂਕ ਬੈਲੰਸ ਦੇ ਮਾਮਲੇ 'ਚ ਭਾਜਪਾ ਅਤੇ ਕਾਂਗਰਸ ਤੋਂ ਕਾਫ਼ੀ ਅੱਗੇ ਹੈ। ਸਮਾਜਵਾਦੀ ਪਾਰਟੀ ਦਾ ਬੈਂਕ ਬੈਲੰਸ 471 ਕਰੋੜ ਰੁਪਏ ਹੈ।

Posted By: Akash Deep