ਚੇਨਈ (ਏਜੰਸੀਆਂ) : ਚੱਕਰਵਾਤ 'ਨਿਵਾਰ' ਦੇ ਬੁੱਧਵਾਰ ਰਾਤ ਤਾਮਿਲਨਾਡੂ ਤੇ ਪੁਡੂਚੇਰੀ ਦੇ ਤਟ ਨਾਲ ਟਕਰਾਉਣ ਤੋਂ ਬਾਅਦ ਵੀਰਵਾਰ ਤੜਕੇ ਇਨ੍ਹਾਂ ਦੋਵੇਂ ਸੂਬਿਆਂ ਦੇ ਨਾਲ-ਨਾਲ ਗੁਆਂਢੀ ਸੂਬੇ ਆਂਧਰ ਪ੍ਰਦੇਸ਼ 'ਚ ਤੇਜ਼ ਹਵਾਵਾਂ ਨਾਲ ਰੱਜ ਕੇ ਮੀਂਹ ਪਿਆ। 130 ਤੋਂ 145 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਤੇ ਮੋਹਲੇਧਾਰ ਮੀਂਹ ਨਾਲ ਜਗ੍ਹਾ-ਜਗ੍ਹਾ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ, ਦਰਖ਼ਤ ਉਖੜ ਗਏ, ਬਿਜਲੀ ਸਪਲਾਈ ਤੇ ਇੰਟਰਨੈੱਟ ਸੇਵਾ 'ਤੇ ਮਾੜਾ ਅਸਰ ਪਿਆ ਤੇ ਜਨਜੀਵਨ ਪ੍ਰਭਾਵਿਤ ਹੋ ਗਿਆ। ਵੱਖ-ਵੱਖ ਘਟਨਾਵਾਂ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਲੋਕ ਜ਼ਖ਼ਮੀ ਹੋ ਗਏ। ਹਾਲਾਂਕਿ ਤੂਫ਼ਾਨ ਹੁਣ ਢਿੱਲਾ ਪੈ ਗਿਆ ਹੈ। ਹਾਲਾਤ ਨਾਲ ਨਜਿੱਠਣ ਲਈ ਤਿੰਨ ਸੂਬਿਆਂ ਦੇ ਤਟੀ ਇਲਾਕਿਆਂ 'ਚ ਕੌਮੀ ਆਫ਼ਤ ਬਚਾਅ ਬਲ (ਐੱਨਡੀਆਰਐੱਫ) ਦੀਆਂ 25 ਟੀਮਾਂ ਤਾਇਨਾਤ ਹਨ। ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਨੇ ਤਾਮਿਲਨਾਡੂ ਤੇ ਪੁਡੂਚੇਰੀ ਦੇ ਮੁੱਖ ਮੰਤਰੀਆਂ ਨਾਲ ਫੋਨ 'ਤੇ ਗੱਲ ਕਰ ਕੇ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਨੇ ਦੋਵੇਂ ਸੂਬਿਆਂ ਦੇ ਹਾਲਾਤ 'ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ।

ਤਾਮਿਲਨਾਡੂ ਸਰਕਾਰ ਮੁਤਾਬਕ, ਤੂਫ਼ਾਨ ਦੀ ਵਜ੍ਹਾ ਨਾਲ ਸੂਬੇ 'ਚ 101 ਘਰ ਨੁਕਸਾਨੇ ਗਏ, 1,086 ਦਰਖਤ ਉਖੜ ਗਏ ਤੇ ਕੇਲੇ ਦੀ 14 ਏਕੜ ਦੀ ਫ਼ਸਲ ਬਰਬਾਦ ਹੋ ਗਈ। ਇਸ ਤੋਂ ਇਲਾਵਾ 26 ਪਸ਼ੂਆਂ ਦੀ ਮੌਤ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡਿੱਗੇ ਹੋਏ ਸਾਰੇ ਦਰਖਤਾਂ ਨੂੰ ਹਟਾ ਦਿੱਤਾ ਗਿਆ ਹੈ ਤੇ ਬਿਜਲੀ ਸਪਲਾਈ ਬਹਾਲ ਕਰਨ ਦਾ ਕੰਮ ਜਾਰੀ ਹੈ। ਚੱਕਰਵਾਤ ਤੋਂ ਪਹਿਲਾਂ ਮੰਗਲਵਾਰ ਨੂੰ ਰੋਕੀਆਂ ਗਈਆਂ ਬੱਸ ਸੇਵਾਵਾਂ ਨੂੰ ਸੂਬੇ ਦੇ ਸੱਤ ਜ਼ਿਲਿ੍ਹਆਂ 'ਚ ਵੀਰਵਾਰ ਨੂੰ ਬਹਾਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜਹਾਜ਼, ਮੈਟਰੋ ਤੇ ਅਰਧ ਸ਼ਹਿਰੀ ਰੇਲ ਸੇਵਾ ਵੀ ਬਹਾਲ ਕਰ ਦਿੱਤੀ ਗਈ। ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਡਿੱਗੇ ਹੋਏ ਦਰਖਤਾਂ ਨੂੰ ਹਟਾਉਣ ਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਲਈ ਗ੍ਰੇਟਰ ਚੇਨਈ ਕਾਰਪੋਰੇਸ਼ਨ ਤੇ ਗ੍ਰੇਟਰ ਚੇਨਈ ਪੁਲਿਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੁਡਾਲੋਰ ਤੇ ਕੁਝ ਹੋਰ ਇਲਾਕਿਆਂ 'ਚ ਚੱਕਰਵਾਤ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਸੂਬੇ 'ਚ ਕਰੀਬ 2.27 ਲੱਖ ਲੋਕਾਂ ਨੂੰ 3,085 ਰਾਹਤ ਕੈਂਪਾਂ 'ਚ ਰੱਖਿਆ ਗਿਆ ਹੈ।

ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ ਦੱਸਿਆ ਕਿ ਪੜਾਅਵਾਰ ਤਰੀਕੇ ਨਾਲ ਸੂਬੇ 'ਚ ਬਿਜਲੀ ਸਪਲਾਈ ਬਹਾਲ ਕੀਤੀ ਜਾ ਰਹੀ ਹੈ। ਚੱਕਰਵਾਤ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਤੇ ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਦੀ ਅਪੀਲ ਕੀਤੀ। ਪੁਡੂਚੇਰੀ ਸਰਕਾਰ ਨੇ ਵੀਰਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਸੀ।

ਅੱਧੇ ਆਂਧਰ ਪ੍ਰਦੇਸ਼ 'ਤੇ ਵੀ ਚੱਕਰਵਾਤ ਦਾ ਅਸਰ ਹੋਇਆ ਹੈ ਉਥੇ ਭਾਰੇ ਤੋਂ ਬਹੁਤ ਭਾਰਾ ਮੀਂਹ ਪਿਆ ਤੇ ਜਿਸ ਨਾਲ ਆਮ ਜਨਜੀਵਨ ਪਟੜੀ ਤੋਂ ਲੱਥ ਗਿਆ। ਸੂਬਾ ਆਫ਼ਤ ਪ੍ਰਬੰਧਨ ਅਥਾਰਿਟੀ ਮੁਤਾਬਕ ਐੱਸਪੀਐੱਸ ਨੇਲੋਰ, ਚਿੱਤੂਰ, ਕੜਪਾ, ਕ੍ਰਿਸ਼ਨਾ, ਪ੍ਰਕਾਸ਼ਮ ਤੇ ਈਸਟ ਗੋਦਾਵਰੀ ਜ਼ਿਲਿ੍ਹਆਂ 'ਚ ਭਾਰੇ ਤੋਂ ਭਾਰਾ ਮੀਂਹ ਪਿਆ ਹੈ ਤੇ ਜਦਕਿ ਅਨੰਤਪੁਰਮ, ਕਰਨੂਲ, ਗੁੰਟੂਰ ਤੇ ਵੈਸਟ ਗੋਦਾਵਰੀ ਜ਼ਿਲਿ੍ਹਆਂ 'ਚ ਮੱਧਮ ਤੋਂ ਭਾਰਾ ਮੀਂਹ ਪਿਆ। ਐੱਸਪੀਐੱਸ ਨੈਲੋਰ, ਚਿੱਤੂਰ ਤੇ ਕਡਪਾ ਜ਼ਿਲਿ੍ਹਆਂ 'ਚ ਪਾਣੀ ਦੇ ਸੋਮਿਆਂ ਦੇ ਭਰ ਜਾਣ 'ਤੇ ਉਨ੍ਹਾਂ ਦਾ ਵਾਧੂ ਪਾਣੀ ਛੱਡਣਾ ਪਿਆ ਜਿਸ ਨਾਲ ਕਈ ਥਾਵਾਂ 'ਤੇ ਸੜਕਾਂ ਤੇ ਖੇਤਾਂ 'ਚ ਪਾਣੀ ਭਰ ਗਿਆ। ਸੜਕਾਂ 'ਤੇ ਪਾਣੀ ਭਰਨ ਨਾਲ ਦਰਖਤਾਂ ਦੇ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋ ਗਈ। ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਵੀਰਵਾਰ ਦੁਪਹਿਰ ਹਾਲਾਤ ਦੀ ਸਮੀਖਿਆ ਕੀਤੀ ਤੇ ਜ਼ਿਲ੍ਹਾ ਕੁਲੈਕਟਰਾਂ ਨੂੰ ਹਾਈ ਅਲਰਟ 'ਤੇ ਰਹਿਣ ਦਾ ਆਦੇਸ਼ ਦਿੱਤਾ।

ਤਾਮਿਲਨਾਡੂ 'ਚ ਮੁੜ ਭਾਰੀ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ, 'ਨਿਵਾਰ' ਚੱਕਰਵਾਤ ਦਾ ਕੇਂਦਰ ਵੀਰਵਾਰ ਦੁਪਹਿਰ ਤਿਰੁਪਤੀ ਤੋਂ 50 ਕਿਮੀ ਪੱਛਮ-ਦੱਖਣ-ਪੱਛਮ 'ਚ ਸੀ। ਇਸ ਨਾਲ ਪੁਡੂਚੇਰੀ ਦੇ ਨਜ਼ਦੀਕ ਬੁੱਧਵਾਰ ਰਾਤ 11.30 ਵਜੇ ਤੋਂ 2.30 ਵਜੇ ਵਿਚਾਲੇ ਸਮੁੰਦਰੀ ਤਟ ਨੂੰ ਪਾਰ ਕੀਤਾ ਸੀ। ਹੁਣ ਉਹ ਢਿੱਲਾ ਪੈ ਗਿਆ ਹੈ ਤੇ ਉੱਤਰ-ਪੱਛਮੀ ਵੱਲ ਵਧ ਰਿਹਾ ਹੈ। ਇਹ ਲਗਾਤਾਰ ਢਿੱਲਾ ਪੈ ਜਾਵੇਗਾ। ਵਿਭਾਗ ਦੇ ਜਨਰਲ ਡਾਇਰੈਕਟਰ ਮਿ੍ਤੂਜੈ ਮਹਾਪਾਤਰ ਨੇ ਦੱਸਿਆ ਕਿ ਤਾਮਿਲਨਾਡੂ 'ਚ 29 ਨਵੰਬਰ ਤੋਂ ਬਾਅਦ ਇਕ ਵਾਰ ਫਿਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਬੰਗਾਲ ਦੀ ਖਾੜੀ 'ਚ ਇਕ ਨਵਾਂ ਹੇਠਲੇ ਦਰਜੇ ਦਾ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਹੈ ਪਰ ਇਹ ਦੇਖਣ ਦੀ ਜ਼ਰੂਰਤ ਹੈ ਕਿ ਇਹ ਚੱਕਰਵਾਤ 'ਚ ਤਬਦੀਲ ਹੁੰਦਾ ਹੈ ਜਾਂ ਨਹੀਂ। ਵਿਭਾਗ ਇਸ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਹੇਠਲੇ ਦਬਾਅ ਦਾ ਖੇਤਰ ਚੱਕਰਵਾਤ ਬਣਨ ਦਾ ਪਹਿਲਾ ਪੜਾਅ ਹੁੰਦਾ ਹੈ।