ਨਵੀਂ ਦਿੱਲੀ : ਚੱਕਰਵਾਤੀ ਤੂਫਾਨ 'ਨਿਸਰਗ' ਗੁਜਰਾਤ ਦੇ ਤਟ 'ਤੇ 3 ਜੂਨ ਨੂੰ ਦਸਤਕ ਦੇ ਸਕਦਾ ਹੈ। ਇਸ ਦੇ ਮੱਦੇਨਜ਼ਰ ਮਹਾਰਾਸ਼ਟਰ, ਗੁਜਰਾਤ, ਗੋਆ, ਦਮਨ-ਦੀਵ ਤੇ ਦਾਦਰਾ ਨਗਰ ਹਵੇਲੀ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਹੋਣ ਵਾਲੀ ਤਬਾਹੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਸੂਬਾ ਸਰਕਾਰਾਂ ਨੇ ਹੇਠਲੇ ਸਥਾਨਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਕੱਢਣ ਦਾ ਹੁਕਮ ਦਿੱਤਾ ਹੈ। ਨਾਲ ਹੀ ਅੱਧਾ ਦਰਜਨ ਤੋਂ ਜ਼ਿਆਦਾ ਜ਼ਿਲ੍ਹਿਆਂ ਵਿਚ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੀਆਂ 10 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਨਿਸਰਗ ਦੇ ਖਤਰੇ ਨਾਲ ਨਿਪਟਣ ਲਈ ਕੁੱਲ ਐੱਨਡੀਆਰਐੱਫ ਦੀਆਂ 23 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਐੱਨਡੀਆਰਐੱਫ ਦੀਆਂ 5 ਟੀਮਾਂ ਨੂੰ ਬਠਿੰਡਾ ਤੋਂ ਗੁਜਰਾਤ ਲਈ ਏਅਰਲਿਫਟ ਕੀਤਾ ਗਿਆ ਹੈ।

ਚੱਕਰਵਾਤ ਮੁੰਬਈ ਅਤੇ ਪਾਲਘਰ ਦੇ ਨੇੜੇ ਪਹੁੰਚ ਗਿਆ ਹੈ। ਇਹ ਮੁੰਬਈ ਵਿਚ ਸਮੁੰਦਰੀ ਤਟ ਨੂੰ ਹਿਟ ਕਰਨ ਵਾਲਾ ਹੈ। ਮੁੰਬਈ ਲਈ ਇਹ ਪਹਿਲਾ ਗੰਭੀਰ ਚੱਕਰਵਾਤ ਹੋਵੇਗਾ। ਦਰਅਸਲ, ਅਰਬ ਸਾਗਰ 'ਤੇ ਬਮਿਆ ਘੱਟ ਦਬਾਅ ਦਾ ਖੇਤਰ ਮੁੰਬਈ ਵੱਲ ਵੱਧ ਰਿਹਾ ਹੈ, ਇਸਦੀ ਰਫ਼ਤਾਰ 11 ਕਿਲੋਮੀਟਰ ਪ੍ਰਤੀ ਘੰਟਾ ਹੈ, ਪਰ ਇਸ ਦੇ ਤੂਫਾਨ ਵਿਚ ਬਦਲਦੇ ਹੀ ਹਵਾ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਅਜੇ ਇਹ ਮੁੰਬਈ ਤੋਂ 430 ਕਿਮੀ ਦੂਰ ਹੈ। ਤੂਫਾਨ ਦੀ ਹਲਚਲ ਦੇ ਚਲਦੇ ਮੁੰਬਈ ਸਮੇਤ ਮਹਾਰਾਸ਼ਟਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਰਹੀ ਹੈ।

ਇਸ ਦਰਮਿਆਨ ਪੀਐੱਮ ਨਰਿੰਦਰ ਮੋਦੀ ਨੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ ਦੇ ਪੱਛਮੀ ਤਟ ਦੇ ਕੁਝ ਹਿੱਸਿਆਂ ਵਿਚ ਚੱਕਰਵਾਤ ਦੀ ਸਥਿਤੀ ਦੇ ਮੱਦੇਨਜ਼ਰ ਹਾਲਾਤ ਦਾ ਜਾਇਜ਼ਾ ਲਿਆ। ਮੈਂ ਸਾਰਿਆਂ ਦੀ ਕੁਸ਼ਲਤਾ ਲਈ ਪ੍ਰਾਰਥਨਾ ਕਰਦਾ ਹਾਂ।

ਬਦਲਣ ਵਾਲਾ ਹੈ ਮੁੰਬਈ ਦਾ ਇਤਿਹਾਸ

ਇਸ ਵਾਰ ਚੱਕਰਵਾਤੀ ਤੂਫਾਨ ਨਿਸਰਗ ਨਾਲ ਮੁੰਬਈ ਵਿਚ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਜਿਵੇਂ ਹੀ ਨਿਸਰਗ ਤੂਫਾਨ ਮੁੰਬਈ ਦੇ ਸਮੁੰਦਰੀ ਤਟ ਨਾਲ ਟਕਰਾਏਗਾ, ਉਵੇਂ ਹੀ ਮੁੰਬਈ ਦਾ ਇਤਿਹਾਸ ਵੀ ਬਦਲ ਜਾਵੇਗਾ। ਅਰਬ ਸਾਗਰ ਵਿਚ ਚੱਕਰਵਾਤੀ ਤੂਫਾਨ ਦੇ ਹਾਲਾਤ ਬਣ ਰਹੇ ਹਨ।

ਚੱਕਰਵਾਤੀ ਤੂਫਾਨ ਨਿਸਰਗ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਤੇ ਇਸ ਦੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਹੈ। ਨਾਲ ਹੀ ਐੱਨਡੀਆਰਐੱਫ ਦੀਆਂ ਟੀਮਾਂ ਦੀ ਤਾਇਨਾਤੀ ਵੀ ਕੀਤੀ ਹੈ।

ਇਸ ਤੋਂ ਇਲਾਵਾ ਇਸ ਨੂੰ ਲੈ ਕੇ ਗੁਜਰਾਤ ਸਮੇਤ ਮਹਾਰਾਸ਼ਟਰ, ਗੋਆ, ਦਮਨ-ਦੀਵ ਤੇ ਦਾਦਰਾ ਨਗਰ ਹਵੇਲੀ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Posted By: Susheel Khanna