ਜੇਐੱਨਐੱਨ, ਨਵੀਂ ਦਿੱਲੀ : 2012 Delhi Nirbhaya Case : ਨਿਰਭਿਆ ਦੇ ਸਮੂਹਕ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀਆਂ ਵਿਨੈ ਕੁਮਾਰ ਸ਼ਰਮਾ (Vinay Kumar Sharma), ਪਵਨ ਕੁਮਾਰ ਗੁਪਤਾ (Pawan Kumar Gupta), ਮੁਕੇਸ਼ ਸਿੰਘ (Mukesh Singh) ਤੇ ਅਕਸ਼ੈ ਕੁਮਾਰ ਸਿੰਘ (Akshay Kumar Singh) ਨੂੰ ਸ਼ੁੱਕਰਵਾਰ ਸਵੇਰੇ ਠੀਕ ਸਾਢੇ 5 ਵਜੇ ਫਾਂਸੀ ਦੇ ਦਿੱਤੀ ਗਈ। ਇਸ ਮੌਕੇ ਜੇਲ ਪ੍ਰਸ਼ਾਸਨ ਨਾਲ ਜੁੜੇ 50 ਤੋਂ ਜ਼ਿਆਦਾ ਅਧਿਕਾਰੀ ਮੌਜੂਦ ਰਹੇ। ਉੱਥੇ ਮੌਜੂਦ ਜੇਲ੍ਹ ਅਧਿਕਾਰੀਆਂ ਨੇ ਅਜਿਹੀ ਪੁਖ਼ਤਾ ਵਿਵਸਥਾ ਕੀਤੀ ਹੋਈ ਸੀ ਜਿਸ ਨਾਲ ਦੋਸ਼ੀਆਂ ਨੂੰ ਰੋਣ-ਕਰਲਾਉਣ ਦਾ ਮੌਕਾ ਤਕ ਨਹੀਂ ਮਿਲਿਆ।

ਸਭ ਤੋਂ ਪਹਿਲਾਂ ਦੋਸ਼ੀਆਂ ਨੂੰ ਨਹਿਲਾਇਆ ਗਿਆ

ਫਾਂਸੀ ਦੇ ਮੱਦੇਨਜ਼ਰ ਤਿਹਾੜ ਜੇਲ੍ਹ 'ਚ ਪੂਰੀ ਤਿਆਰੀ ਕਰ ਲਈ ਗਈ ਸੀ। ਫਾਂਸੀ ਦੇਣ ਦੀ ਲੜੀ 'ਚ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਦੋਵਾਂ ਨੇ ਨਿਰਭੈਆ ਦੇ ਚਾਰਾਂ ਦੋਸ਼ੀਆਂ ਨਾਲ ਮੁਲਾਕਾਤ ਕਰ ਲਈ ਸੀ। ਇਸ ਤੋਂ ਪਹਿਲਾਂ ਚਾਰਾਂ ਨੂੰ ਨਹਿਲਾਇਆ ਗਿਆ ਤੇ ਫਿਰ ਕੱਪੜੇ ਪੁਆਏ ਗਏ।

ਫਾਂਸੀ ਲਈ 3 ਵਜ ਕੇ 15 ਮਿੰਟ 'ਤੇ ਚਾਰਾਂ ਨੂੰ ਜਗਾਇਆ ਗਿਆ

ਇਸ ਤੋਂ ਪਹਿਲਾਂ ਸ਼ੁੱਕਰਵਾਰ ਤੜਕੇ ਸਵਾ ਤਿੰਨ ਵਜੇ ਨਿਰਭਿਆ ਦੇ ਦੋਸ਼ੀਆਂ ਨੂੰ ਉਨ੍ਹਾਂ ਦੇ ਸੈੱਲ 'ਚ ਜਗਾ ਦਿੱਤਾ ਸੀ। ਨਿੱਤਨੇਮ ਤੋਂ ਬਾਅਦ ਉਨ੍ਹਾਂ ਨੂੰ ਨਹਿਲਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਇੱਛਾ ਅਨੁਸਾਰ ਚਾਹ ਦੇ ਨਾਲ ਹਲਕਾ-ਫੁਲਕਾ ਨਾਸ਼ਤਾ ਦਿੱਤਾ ਗਿਆ। ਬਾਅਦ 'ਚ ਸੈੱਲ ਦੇ ਬਾਹਰ ਫਾਂਸੀ ਘਰ ਵੱਲ ਲਿਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।

ਕਿਸੇ ਨੇ ਚਾਹ ਪੀਤੀ ਤਾਂ ਕਿਸੇ ਨੇ ਕੀਤਾ ਇਨਕਾਰ

ਨਹਿਲਾਉਣ ਤੋਂ ਬਾਅਦ ਕਾਲੇ ਕੱਪੜੇ ਪਹਿਨਾ ਕੇ ਚਾਰਾਂ ਨੂੰ ਤਿਹਾੜ ਜੇਲ੍ਹ ਨੰਬਰ-3 ਦੇ ਫਾਂਸੀ ਘਰ ਲਿਜਾਇਆ ਗਿਆ। ਇਸ ਤੋਂ ਪਹਿਲਾਂ ਚਾਰਾਂ ਨੂੰ ਸਵੇਰ ਦੀ ਚਾਹ ਵੀ ਮਿਲੀ, ਪਰ ਸਾਰੇ ਦੋਸ਼ੀਆਂ ਨੇ ਚਾਹ ਨਹੀਂ ਪੀਤੀ।

ਇੰਝ ਲਗਾਈ ਜਾਂਦੀ ਹੈ ਦੋਸ਼ੀ ਨੂੰ ਜੇਲ੍ਹ 'ਚ ਫਾਂਸੀ

ਫਾਂਸੀ ਦੇ ਤਖ਼ਤੇ 'ਤੇ ਪਹੁੰਚਣ ਤੋਂ ਪਹਿਲਾਂ ਕੈਦੀਆਂ ਦੇ ਹੱਥ ਪਿੱਛੇ ਬੰਨ੍ਹ ਦਿੱਤੇ ਜਾਂਦੇ ਹਨ। ਫਿਰ ਜੱਲਾਦ ਮੂੰਹ 'ਤੇ ਕੱਪੜਾ ਪਾਉਂਦਾ ਹੈ ਤੇ ਦੋਸ਼ੀਆਂ ਦੇ ਗਲ਼ੇ 'ਚ ਫਾਂਸੀ ਦਾ ਫੰਦਾ ਪਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਜੱਲਾਦ ਝਟਕੇ ਨਾਲ ਲਿਵਰ ਖਿੱਚ ਦਿੰਦਾ ਹੈ। ਭਾਰਤ 'ਚ ਲੌਂਗ ਡਰਾਪ ਜ਼ਰੀਏ ਫਾਂਸੀ ਦਿੱਤੀ ਜਾਂਦੀ ਹੈ। ਇਸ ਵਿਚ ਦੋਸ਼ੀਆਂ ਦੇ ਭਾਰ ਦੇ ਹਿਸਾਬ ਨਾਲ ਰੱਸੀ ਦੀ ਲੰਬਾਈ ਤੈਅ ਕੀਤੀ ਜਾਂਦੀ ਹੈ ਤਾਂ ਜੋ ਝਟਕਾ ਲਗਦਿਆਂ ਹੀ ਕੈਦੀ ਦੀ ਗਰਦਨ ਦੇ ਨਾਲ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਜਾਵੇ। ਇੱਥੇ ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਦਿੱਲੀ ਦੀ ਤਿਹਾੜ ਜੇਲ੍ਹ 'ਚ 2013 'ਚ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਗਈ ਸੀ।

ਇਸ ਲਈ ਸਵੇਰੇ-ਸਵੇਰੇ ਦਿੱਤੀ ਜਾਂਦੀ ਹੈ ਫਾਂਸੀ ਦੀ ਸਜ਼ਾ

ਭਾਰਤ 'ਚ ਕੈਦੀ ਨੂੰ ਸਵੇਰੇ ਹੀ ਫਾਂਸੀ ਦੇਣ ਦੀ ਵਿਵਸਥਾ ਹੈ ਪਰ ਫਾਂਸੀ ਦਾ ਸਮਾਂ ਮਹੀਨੇ ਦੇ ਹਿਸਾਬ ਤੋਂ ਅਲੱਗ-ਅਲੱਗ ਹੁੰਦਾ ਹੈ। ਜ਼ਿਆਦਾਤਰ ਸਵੇਰੇ 6 ਤੋਂ 7 ਵਜੇ ਦੇ ਵਿਚਕਾਰ ਫਾਂਸੀ ਦਿੱਤੀ ਜਾਂਦੀ ਹੈ। ਨਿਰਭਿਆ ਮਾਮਲੇ 'ਚ ਅਦਾਲਤ ਨੇ ਡੈੱਥ ਵਾਰੰਟ ਜਾਰੀ ਕਰਦਿਆਂ ਸਾਢੇ ਪੰਜ ਵਜੇ ਫਾਂਸੀ ਦਾ ਵਕਤ ਮੁਕਰਰ ਕੀਤਾ ਹੈ। ਇਸ ਦੇ ਪਿੱਛੇ ਤਰਕ ਦਿੱਤਾ ਜਾਂਦਾ ਹੈ ਕਿ ਜਿੱਥੇ ਜੇਲ੍ਹ 'ਚ ਬੰਦ ਹੋਰ ਕੈਦੀ ਸੌਂ ਰਹੇ ਹੁੰਦੇ ਹਨ ਉੱਥੇ ਹੀ ਸਵੇਰੇ ਫਾਂਸੀ 'ਤੇ ਚੜ੍ਹਨ ਵਾਲਿਆਂ ਨੂੰ ਪੂਰਾ ਦਿਨ ਇੰਤਜ਼ਾਰ ਨਹੀਂ ਕਰਨਾ ਪੈਂਦਾ, ਇਸ ਲਈ ਮੂੰਹ ਹਨੇਰੇ ਫਾਂਸੀ ਦਿੱਤੀ ਜਾਂਦੀ ਹੈ।

ਫਾਂਸੀ ਤੋਂ ਪਹਿਲਾਂ ਹੁੰਦਾ ਹੈ ਇਹ ਜ਼ਰੂਰੀ ਕੰਮ

ਫਾਂਸੀ ਲਈ ਮੁਕਰਰ ਸਮੇਂ 'ਤੇ ਸਬੰਧਤ ਕੈਦੀ ਜਾਂ ਕੈਦੀਆਂ ਨੂੰ ਫਾਂਸੀ ਦੇ ਤਖ਼ਤੇ ਨੇੜੇ ਲਿਜਾਇਆ ਜਾਂਦਾ ਹੈ। ਨਿਯਮਾਂ ਮੁਤਾਬਿਕ, ਇਸ ਦੌਰਾਨ ਜੱਲਾਦ ਤੋਂ ਇਲਾਵਾ 3 ਅਧਿਕਾਰੀ ਜੇਲ੍ਹ ਸੁਪਰਡੈਂਟ, ਮੈਡੀਕਲ ਅਫਸਰ ਤੇ ਮੈਜਿਸਟ੍ਰੇਟ ਲਾਜਮ਼ੀ ਤੌਰ 'ਤੇ ਨਾਲ ਹੁੰਦੇ ਹਨ। ਫਾਂਸੀ ਤੋਂ ਠੀਕ ਪਹਿਲਾਂ ਮੈਜਿਸਟ੍ਰੇਟ ਦੋਸ਼ੀਆਂ ਨੂੰ ਪਛਾਣ ਦੀ ਗੱਲ ਦੱਸਣ ਦੇ ਨਾਲ ਡੈੱਥ ਵਾਰੰਟ ਸੁਣਾਉਂਦਾ ਹੈ, ਜਿਸ 'ਤੇ ਪਹਿਲਾਂ ਤੋਂ ਹੀ ਦੋਸ਼ੀ ਜਾਂ ਦੋਸ਼ੀਆਂ ਦੇ ਹਸਤਾਖ਼ਰ ਹੁੰਦੇ ਹਨ।

ਤਿਹਾੜ ਦੇ ਬਾਹਰ ਮੀਡੀਆ ਦੇ ਨਾਲ ਆਮ ਲੋਕਾਂ ਦੀ ਭੀੜ

ਫਾਂਸੀ ਦੇ ਮੱਦੇਨਜ਼ਰ ਵੀਰਵਾਰ ਰਾਤ ਤੋਂ ਹੀ ਮੀਡੀਆ ਕਰਮੀਆਂ ਦੇ ਨਾਲ ਤਿਹਾੜ ਜੇਲ੍ਹ ਦੇ ਬਾਹਰ ਆਮ ਲੋਕਾਂ ਦੀ ਵੀ ਭੀੜ ਜਮ੍ਹਾਂ ਸੀ। ਭੀੜ ਬੇਕਾਬੂ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਰਾਤ ਤੋਂ ਹੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਸੀ।

Posted By: Seema Anand