ਜੇਐੱਨਐੱਨ, ਨਵੀਂ ਦਿੱਲੀ : ਜਿਵੇਂ-ਜਿਵੇਂ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਦੀ ਤਰੀਕ ਨੇੜੇ ਆ ਰਹੀ ਹੈ, ਜੇਲ੍ਹ ਪ੍ਰਸ਼ਾਸਨ ਇਨ੍ਹਾਂ ਦੇ ਰਿਕਾਰਡ ਨੂੰ ਖੰਗਾਲ ਰਿਹਾ ਹੈ ਤਾਂਕਿ ਇਨ੍ਹਾਂ ਦੀ ਇਕ ਆਖ਼ਰੀ ਫਾਈਲ ਤਿਆਰ ਕੀਤੀ ਜਾ ਸਕੇ। ਸੂਤਰਾਂ ਦੀ ਮੰਨੀਏ ਤਾਂ ਦੋਸ਼ੀ ਅਕਸ਼ੇ ਨੇ ਜੇਲ੍ਹ 'ਚ ਮਿਹਨਤਾਨਾ ਦੇ ਰੂਪ 'ਚ 69 ਹਜ਼ਾਰ ਰੁਪਏ ਕਮਾਏ ਹਨ। ਉੱਥੇ, ਚਾਰੇ ਦੋਸ਼ੀਆਂ ਵੱਲੋਂ ਗਲਤ ਆਚਰਣ 'ਤੇ ਸਮੇਂ-ਸਮੇਂ 'ਤੇ ਨਿਯਮਾਂ ਅਨੁਸਾਰ, ਦੋਸ਼ੀਆਂ ਨੂੰ ਦੰਡਿਤ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ 'ਚ ਸਭ ਤੋਂ ਘੱਟ ਅਕਸ਼ੇ ਨੂੰ ਇਕ ਵਾਰ, ਮੁਕੇਸ਼ ਨੂੰ ਤਿੰਨ ਵਾਰ, ਪਵਨ ਨੂੰ ਅੱਠ ਵਾਰ ਅਤੇ ਸਭ ਤੋਂ ਜ਼ਿਆਦਾ ਵਿਨੇ ਨੂੰ 11 ਵਾਰ ਜੇਲ੍ਹ ਪ੍ਰਸ਼ਾਸਨ ਗਲਤ ਆਚਰਣ 'ਤੇ ਦੰਡ ਦੇ ਚੁੱਕਿਆ ਹੈ।

ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ੀਆਂ 'ਚ ਮੁਕੇਸ਼ ਅਜਿਹਾ ਹੈ, ਜਿਸ ਨੇ ਜੇਲ੍ਹ 'ਚ ਕੋਈ ਕੰਮ ਨਹੀਂ ਕੀਤਾ। ਅਕਸ਼ੇ, ਪਵਨ ਅਤੇ ਵਿਨੇ ਨੇ ਜੇਲ੍ਹ 'ਚ ਸਮੇਂ-ਸਮੇਂ 'ਤੇ ਕੰਮ ਕੀਤਾ। ਇਸ ਇਵਜ਼ 'ਚ ਇਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਮਿਹਨਤਾਨਾ ਵੀ ਦਿੱਤਾ ਗਿਆ।


ਸਾਰਿਆਂ ਨੇ ਮਿਲ ਕੇ ਕਮਾਏ ਲੱਖਾਂ ਰੁਪਏ

ਸੂਤਰਾਂ ਦਾ ਕਹਿਣਾ ਹੈ ਕਿ ਅਕਸ਼ੇ ਨੇ ਕਰੀਬ 69 ਹਜ਼ਾਰ ਰੁਪਏ ਬਤੌਰ ਮਿਹਨਤਾਨਾ ਕਮਾਏ। ਉੱਥੇ ਪਵਨ ਨੇ 29 ਹਜ਼ਾਰ ਤਾਂ ਵਿਨੇ ਨੇ ਕਰੀਬ 39 ਹਜ਼ਾਰ ਰੁਪਏ ਕਮਾਏ। ਕੈਦੀਆਂ ਦੀ ਕਮਾਈ ਨੂੰ ਜਿਸ ਖ਼ਾਤੇ 'ਚ ਰੱਖਿਆ ਜਾਦਾ ਹੈ, ਉਸ ਨੂੰ ਕੈਦੀ ਕਲਿਆਣ ਖ਼ਾਤਾ ਕਿਹਾ ਜਾਂਦਾ ਹੈ। ਇਸ ਖ਼ਾਤੇ 'ਚ ਜਮ੍ਹਾ ਰੁਪਇਆਂ ਦਾ ਦੋਸ਼ੀ ਕੀ ਕਰਨਗੇ, ਇਸ ਬਾਬਾ ਇਨ੍ਹਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਜੇ ਤਕ ਕੁਝ ਨਹੀਂ ਕਿਹਾ।

ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਇਹ ਜਿਸ ਵਿਅਕਤੀ ਦੇ ਖ਼ਾਤੇ 'ਚ ਰੁਪਏ ਜਮ੍ਹਾ ਕਰਨ ਨੂੰ ਕਹਿਣਗੇ, ਉਸ ਦੇ ਖ਼ਾਤੇ 'ਚ ਓਨੇ ਪੈਸੇ ਪਾ ਦਿੱਤੇ ਜਾਣਗੇ। ਇਹ ਚਾਹੁਣ ਤਾਂ ਪੈਸੇ ਖ਼ੁਦ ਵੀ ਖ਼ਰਚ ਕਰ ਸਕਦੇ ਹਨ। ਜੇਕਰ ਇਨ੍ਹਾਂ ਨੇ ਕੁਝ ਨਹੀਂ ਕਿਹਾ ਤਾਂ ਫਾਂਸੀ ਤੋਂ ਬਾਅਦ ਇਨ੍ਹਾਂ ਦੇ ਪੈਸਿਆਂ 'ਤੇ ਪਰਿਵਾਰ ਦਾ ਹੱਕ ਹੋਵੇਗਾ। ਜੇਲ੍ਹ ਸੂਤਰਾਂ ਦਾ ਕਹਿਣਾ ਹੇ ਕਿ ਜਲਦ ਹੀ ਜੇਲ੍ਹ ਪ੍ਰਸ਼ਾਸਨ ਇਸ ਬਾਬਤ ਦੋਸ਼ੀਆਂ ਨਾਲ ਗੱਲ ਕਰੇਗਾ।


ਪੜ੍ਹਾਈ-ਲਿਖਾਈ 'ਚ ਫਾਡੀ

ਜੇਲ੍ਹ ਸੂਤਰਾਂ ਅਨੁਸਾਰ, 2016 'ਚ ਮੁਕੇਸ਼, ਪਵਨ ਤੇ ਅਕਸ਼ੇ ਨੇ ਓਪਨ ਸਕੂਲ 'ਚ ਦਸਵੀਂ ਜਮਾਤ 'ਚ ਦਾਖ਼ਲਾ ਲਿਆ ਸੀ। ਪ੍ਰੀਖਿਆ ਵੀ ਦਿੱਤੀ ਸੀ, ਪਰ ਇਹ ਪਾਸ ਨਹੀਂ ਹੋ ਸਕੇ। ਇਸੇ ਤਰ੍ਹਾਂ ਵਿਨੇ ਨੇ ਬੀਏ 'ਚ ਦਾਖ਼ਲਾ ਕਰਵਾਇਆ, ਪਰ ਇਸ ਦੀ ਪੜ੍ਹਾਈ ਵੀ ਪੂਰੀ ਨਹੀਂ ਹੋਈ।

Posted By: Jagjit Singh