ਜੇਐੱਨਐੱਨ, ਨਵੀਂ ਦਿੱਲੀ : ਨਿਰਭਿਆ ਸਾਮੂਹਿਕ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ 'ਚ ਮੁਲਜ਼ਮ ਵਿਨੇ ਦੀ ਅਰਜ਼ੀ 'ਤੇ ਸ਼ਨਿਵਾਰ ਨੂੰ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਹੋਈ। ਅਰਜ਼ੀ 'ਚ ਵਿਨੇ ਨੂੰ ਮਾਨਸਿਕ ਬਿਮਾਰ ਦੱਸਦੇ ਹੋਏ ਇਲਾਜ ਕਰਵਾਉਣ ਦੀ ਮੰਗ ਕੀਤੀ ਗਈ ਸੀ। ਸ਼ਨਿਵਾਰ ਨੂੰ ਸੁਣਵਾਈ ਦੌਰਾਨ ਤਿਹਾੜ ਜੇਲ੍ਹ ਪ੍ਰਸ਼ਾਸਨ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਵਿਨੇ ਨੂੰ ਅਜਿਹੀ ਕੋਈ ਬਿਮਾਰੀ ਨਹੀਂ ਹੈ। ਹਾਲ 'ਚ ਉਸ ਨੇ ਦੋ ਵਾਰ ਆਪਣੀ ਮਾਂ ਨਾਲ ਫੋਨ 'ਤੇ ਗੱਲ ਕੀਤੀ ਹੈ ਤਾਂ ਅਜਿਹੇ 'ਚ ਉਸ ਦੇ ਵਕੀਲ ਕਿਵੇਂ ਕਹਿ ਸਕਦੇ ਹਨ ਕਿ ਵਿਨੇ ਲੋਕਾਂ ਦੀ ਪਛਾਣ ਭੁੱਲ ਰਿਹਾ ਹੈ? ਜਿਥੋਂ ਤਕ ਵਿਨੇ ਨੂੰ ਸੱਟ ਲੱਗਣ ਦੀ ਗੱਲ ਹੈ ਤਾਂ ਉਸ ਨੇ ਖੁਦ ਆਪਣਾ ਸਿਰ ਕੰਧ 'ਚ ਮਾਰਿਆ ਹੈ। ਤਿਹਾੜ ਵੱਲੋਂ ਅਦਾਲਤ 'ਚ ਸੀਸੀਟੀਵੀ ਫੁਟੇਜ ਦਰਜ ਕੀਤੀ ਗਈ ਹੈ। ਦੋਵਾਂ ਪੱਖਾਂ ਦੀ ਸੁਨਣ ਦੇ ਬਾਅਦ ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਵਿਨੇ ਦੀ ਅਰਜ਼ੀ 'ਤੇ ਫੈਸਲਾ ਸੁਰੱਖਿਤ ਰੱਖ ਲਿਆ ਹੈ।


ਸਿਰ 'ਤੇ ਸੱਟ ਲੱਗਣ ਦੇ ਬਾਅਦ ਮੁਹੱਈਆ ਕਰਵਾਈ ਗਈ ਸੀ ਮੈਡੀਕਲ ਸੁਵਿਧਾ

ਉਥੇ ਸਰਕਾਰੀ ਗਵਾਹ ਇਰਫਾਨ ਅਹਿਮਦ ਨੇ ਸ਼ਨਿਵਾਰ ਨੂੰ ਕੋਰਟ 'ਚ ਜਵਾਬ ਦਾਖਲ ਕਰਦੇ ਹੋਏ ਕਿਹਾ ਕਿ ਦੋਸ਼ੀ ਵਿਨੇ ਕੁਮਾਰ ਸ਼ਰਮਾ ਨੇ 16 ਫਰਵਰੀ ਨੂੰ ਖੁਦ ਆਪਣਾ ਸਿਰ ਕੰਧ 'ਚ ਮਾਰਿਆ ਸੀ, ਇਸ ਦੇ ਬਾਅਦ ਸੂਚਨਾ 'ਤੇ ਜਲਦ ਉਸ ਨੂੰ ਸਿਹਤ ਸੇਵਾਵਾਂ ਕਰਵਾਈਆਂ ਗਈਆਂ। ਆਪਣੇ ਪੱਖ ਨੂੰ ਮਜ਼ਬੂਤੀ ਨਾਲ ਰੱਖਦੇ ਹੋਏ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਕੋਰਟ 'ਚ ਘਟਨਾ ਦੌਰਾਨ ਸੀਸੀਟੀਵੀ ਫੁਟੇਜ ਵੀ ਪੇਸ਼ ਕੀਤੀ ਹੈ।


ਵਿਨੇ ਨੇ ਵਕੀਲ ਦੇ ਦਾਅਵੇ 'ਤੇ ਚੁੱਕੇ ਸਵਾਲ

ਸੁਣਵਾਈ ਦੌਰਾਨ ਗਵਾਹ ਪੱਖ ਦੇ ਵਕੀਲ ਇਰਫਾਨ ਅਹਿਮਦ ਨੇ ਵਿਨੇ ਦੇ ਵਕੀਲ ਏਪੀ ਸਿੰਘ ਦੇ ਇਸ ਦਾਅਵੇ 'ਤੇ ਸਵਾਲ ਚੁੱਕੇ ਹਨ ਕਿ ਉਹ ਆਪਣੀ ਮਾਂ ਨੂੰ ਨਹੀਂ ਪਛਾਣ ਪਾ ਰਿਹਾ ਹੈ ਤੇ ਮਾਨਸਿਕ ਰੂਪ ਤੋਂ ਬਿਮਾਰ ਹੋ ਗਿਆ ਹੈ। ਇਰਫਾਨ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਵੱਲੋਂ ਉੁਪਲੱਬਧ ਕਰਵਾਏ ਗਏ ਸਬੂਤਾਂ ਦੇ ਆਧਾਰ 'ਤੇ ਦੱਸਿਆ ਕਿ ਵਿਨੇ ਨੇ ਹਾਲ ਹੀ 'ਚ ਆਪਣੀ ਮਾਂ ਨੂੰ ਦੋ ਫੋਨ ਕੀਤੇ ਸੀ, ਜਦੋਂ ਕਿ ਵਕੀਲ ਤੋਂ ਵੀ ਫੋਨ ਜ਼ਰੀਏ ਹੀ ਗੱਲਬਾਤ ਕੀਤੀ ਸੀ। ਅਜਿਹੇ 'ਚ ਵਿਨੇ ਨੇ ਵਕੀਲ ਦਾ ਇਹ ਦਾਅਵਾ ਝੂਠਾ ਸਾਬਿਤ ਹੋ ਜਾਂਦਾ ਹੈ ਕਿ ਉਹ ਆਪਣੀ ਮਾਂ ਨੂੰ ਨਹੀਂ ਪਛਾਣ ਪਾ ਰਿਹਾ ਹੈ ਤੇ ਮਾਨਸਿਕ ਰੂਪ ਤੋਂ ਬਿਮਾਰ ਹੈ।


ਕੋਰਟ 'ਚ ਪੇਸ਼ ਕੀਤੀ ਵਿਨੇ ਦੀ ਰਿਪੋਰਟ

ਸ਼ਨਿਵਾਰ ਨੂੰ ਸੁਣਵਾਈ ਸ਼ੁਰੂ ਹੁੰਦੇ ਹੀ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਵਿਨੇ ਦੀ ਸਿਹਤ ਨਾਲ ਜੁੜੀ ਰਿਪੋਰਟ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤੀ। ਰਿਪੋਰਟ 'ਚ ਵਿਨੇ ਨੂੰ ਆਮ ਦੱਸਿਆ ਗਿਆ ਹੈ। ਗਵਾਹ ਪੱਖ ਦੇ ਵਕੀਲ ਇਰਫਾਨ ਅਹਿਮਦ ਨੇ ਕੋਰਟ 'ਚ ਇਹ ਵੀ ਕਿਹਾ ਕਿ ਮੁਲਜ਼ਮ ਵਿਨੇ ਸ਼ਰਮਾ ਦਾ ਕੋਈ ਅਜਿਹਾ ਇਤਿਹਾਸ ਨਹੀਂ ਮਿਲਦਾ ਹੈ ਜਿਸ ਦੇ ਆਧਾਰ 'ਤੇ ਉਸ ਨੂੰ ਅਸਾਧਾਰਣ ਮੰਨਿਆ ਜਾਵੇ।

ਇਥੇ ਦੱਸ ਦਈਏ ਕਿ ਇਸ ਪਟੀਸ਼ਨ 'ਚ ਵਿਨੇ ਦੇ ਵਕੀਲ ਏਪੀ ਸਿੰਘ ਨੇ ਮਾਨਸਿਕ ਰੂਪ ਤੋਂ ਬਿਮਾਰ ਦੱਸਦੇ ਹੋਏ ਉਸ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ ਹੈ। ਇਸ 'ਤੇ ਸ਼ਨਿਵਾਰ ਸੁਣਵਾਈ ਦੌਰਾਨ ਪਟਿਆਲਾ ਹਾਊਸ ਕੋਰਟ 'ਚ ਤਿਹਾੜ ਜੇਲ੍ਹ ਪ੍ਰਸ਼ਾਸਨ ਵੱਲੋਂ ਜਵਾਬ ਦਾਖਲ ਕੀਤਾ ਗਿਆ ਹੈ।

Posted By: Sunil Thapa