ਜੇਐੱਨਐੱਨ, ਨਵੀਂ ਦਿੱਲੀ : Nirbhaya Case : ਨਿਰਭੈਆ ਮਾਮਲੇ 'ਚ ਚਾਰਾਂ ਦੋਸ਼ੀਆਂ (ਵਿਨੈ ਕੁਮਾਰ ਸ਼ਰਮਾ, ਪਵਨ ਕੁਮਾਰ ਗੁਪਤਾ, ਮੁਕੇਸ਼ ਸਿੰਘ ਤੇ ਅਕਸ਼ੈ ਕੁਮਾਰ ਸਿੰਘ) ਨੂੰ 3 ਮਾਰਚ (ਮੰਗਲਵਾਰ) ਸਵੇਰੇ 6 ਵਜੇ ਫਾਂਸੀ ਦਿੱਤੀ ਜਾਣ ਵਾਲੀ ਹੈ। ਇਸ ਵਿਚ ਕੁਝ ਹੀ ਘੰਟੇ ਬਾਕੀ ਹਨ ਪਰ ਜਿਸ ਤਰ੍ਹਾਂ ਨਾਲ ਨਿਰਭਿਆ ਦੇ ਸਾਰੇ ਦੋਸ਼ੀ ਕਾਨੂੰਨੀ ਦਾਅ ਖੇਡ ਰਹੇ ਹਨ, ਉਸ ਤੋਂ ਲਗਦਾ ਨਹੀਂ ਕਿ ਫਾਂਸੀ ਦਿੱਤੀ ਜਾ ਸਕੇਗੀ।

ਪਵਨ ਨੂੰ ਛੱਡ ਕੇ ਸਾਰੇ ਦੋਸ਼ੀਆਂ ਦੇ ਕਾਨੂੰਨੀ ਬਦਲ ਖ਼ਤਮ, ਫਿਰ ਵੀ ਜਾਰੀ ਹੈ ਕੋਸ਼ਿਸ਼

ਇੱਥੇ ਤੁਹਾਨੂੰ ਦੱਸ ਦੇਈਏ ਕਿ ਚਾਰਾਂ ਦੋਸ਼ੀਆਂ 'ਚੋਂ ਸਿਰਫ਼ ਪਵਨ ਕੁਮਾਰ ਗੁਪਤਾ ਨੇ ਹੁਣ ਤਕ ਸੁਧਾਰਾਤਾਮਕ ਪਟੀਸ਼ਨ ਸੁਪਰੀਮ ਕੋਰਟ 'ਚ ਦਾਇਰ ਨਹੀਂ ਕੀਤੀ ਸੀ ਜੋ ਉਸ ਨੇ ਸ਼ੁੱਕਰਵਾਰ ਨੂੰ ਦਾਇਰ ਕੀਤੀ। ਉੱਥੇ ਹੀ ਬਾਕੀ ਤਿੰਨਾਂ ਦੋਸ਼ੀਆਂ ਵਿਨੈ, ਮੁਕੇਸ਼ ਤੇ ਅਕਸ਼ੈ ਦੇ ਫਾਂਸੀ ਤੋਂ ਬਚਣ ਦੇ ਸਾਰੇ ਕਾਨੂੰਨੀ ਬਦਲ ਖ਼ਤਮ ਹੋ ਚੁੱਕੇ ਹਨ। ਬਾਵਜੂਦ ਇਸ ਦੇ ਚਾਰਾਂ ਦੋਸ਼ੀਆਂ ਦੇ ਪਿਛਲੇ ਤਿੰਨ ਦਿਨਾਂ ਦੌਰਾਨ ਅਪਣਾਏ ਗਏ ਨਵੇਂ-ਨਵੇਂ ਪੈਂਤੜਿਆਂ ਕਾਰਨ 3 ਮਾਰਚ ਨੂੰ ਹੋਣ ਵਾਲੀ ਫਾਂਸੀ ਟਲਣ ਦਾ ਖਦਸ਼ਾ ਹੈ। ਆਓ 6 ਨੁਕਤਿਆਂ ਰਾਹੀਂ ਜਾਣੀਏ ਆਖ਼ਿਰ ਫਾਂਸੀ 'ਚ ਕਿਹੜੇ ਅੜਿੱਕੇ ਹਨ।

1. ਦਿੱਲੀ ਕਾਨੂੰਨ ਮੈਨੂਅਲ

ਦਿੱਲੀ ਜੇਲ੍ਹ ਮੈਨੂਅਲ (Delhi Prison Manual) ਸਾਫ਼-ਸਾਫ਼ ਇਹ ਕਹਿੰਦਾ ਹੈ ਕਿ ਜਦੋਂ ਤਕ ਸਜ਼ਾਯਾਫ਼ਤਾ ਅਪਰਾਧੀ ਕੋਲ ਇਕ ਵੀ ਕਾਨੂੰਨੀ ਬਦਲ ਬਾਕੀ ਹੈ ਜਾਂ ਫਿਰ ਉਹ ਇਸ ਦਾ ਇਸਤੇਮਾਲ ਕਰ ਰਿਹਾ ਹੈ ਤਾਂ ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਜੇਕਰ ਉਸ ਦੀ ਕਿਸੇ ਤਰ੍ਹਾਂ ਦੀ ਪਟੀਸ਼ਨ ਮਸਲਨ ਤਰਸ ਪਟੀਸ਼ਨ ਵੀ ਖਾਰਜ ਹੁੰਦੀ ਹੈ ਤਾਂ ਵੀ ਉਸ ਨੂੰ ਫਾਂਸੀ ਤੋਂ ਪਹਿਲਾਂ 14 ਦਿਨ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।

2. ਇੱਕੋ ਅਪਰਾਧ 'ਚ ਇਕੱਠੇ ਫਾਂਸੀ

ਇੱਕੋ ਅਪਰਾਧ 'ਚ ਸਾਰੇ ਦੋਸ਼ੀਆਂ ਨੂੰ ਇਕੱਠੇ ਸਜ਼ਾ ਦੇਣ ਦੀ ਵਿਵਸਥਾ ਹੈ ਹਾਲਾਂਕਿ ਇਸ ਖ਼ਿਲਾਫ਼ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਪਟੀਸ਼ਨ ਸੁਪਰੀਮ ਕੋਰਟ 'ਚ ਦਾਖ਼ਲ ਕਰ ਚੁੱਕੀਆਂ ਹਨ, ਇਸ 'ਤੇ ਆਗਾਮੀ 5 ਮਾਰਚ ਨੂੰ ਸੁਣਵਾਈ ਹੋਵੇਗੀ। ਅਜਿਹੇ ਵਿਚ 3 ਮਾਰਚ ਨੂੰ ਹੋਣ ਵਾਲੀ ਫਾਂਸੀ ਇਸ ਲਈ ਵੀ ਟਲ਼ ਸਕਦੀ ਹੈ ਕਿਉਂਕਿ ਇਹ ਪਟੀਸ਼ਨ ਲੰਬਿਤ ਹੈ। ਅਸਲ ਵਿਚ ਦਿੱਲੀ ਤੇ ਕੇਂਦਰ ਸਰਕਾਰ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ ਕਹਿ ਚੁੱਕਾ ਹੈ ਕਿ ਚਾਰਾਂ ਨੂੰ ਇਕੱਠੇ ਫਾਂਸੀ ਹੋਵੇਗੀ। ਇਸ ਨੂੰ ਕੇਂਦਰ ਤੇ ਦਿੱਲੀ ਸਰਕਾਰ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ ਜਿਸ 'ਤੇ ਆਗਾਮੀ 5 ਮਾਰਚ ਨੂੰ ਸੁਣਵਾਈ ਹੈ।

3. ਪਵਨ ਦੀ ਪਟੀਸ਼ਨ ਨੇ ਵੀ ਪਾਇਆ ਅੜਿੱਕਾ

ਚਾਰਾਂ ਦੋਸ਼ੀਆਂ 'ਚੋਂ ਇਕ ਪਵਨ ਕੁਮਾਰ ਗੁਪਤਾ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਫਾਂਸੀ ਤੋਂ ਰਾਹਤ ਲਈ ਸੁਧਾਰਾਤਮਕ ਪਟੀਸ਼ਨ ਦਾਇਰ ਕੀਤੀ ਹੈ ਜਿਸ 'ਤੇ ਸੋਮਵਾਰ ਨੂੰ ਜਸਟਿਸ ਐੱਨਵੀ ਰਮਨਾ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਬੈਂਚ ਸੁਣਵਾਈ ਕਰੇਗੀ। ਬਾਕੀ ਤਿੰਨ ਦੋਸ਼ੀਆਂ ਦੀ ਸੁਧਾਰਾਤਮਕ ਪਟੀਸ਼ਨ ਕੋਰਟ ਖਾਰਜ ਕਰ ਚੁੱਕਾ ਹੈ। ਅਜਿਹੇ ਵਿਚ ਜੇਕਰ ਪਵਨ ਦੀ ਪਟੀਸ਼ਨ ਸੋਮਵਾਰ ਨੂੰ ਖਾਰਜ ਵੀ ਹੋ ਜਾਂਦੀ ਹੈ ਤਾਂ ਵੀ ਨਿਯਮ ਅਨੁਸਾਰ 14 ਦਿਨ ਬਾਅਦ ਹੀ ਫਾਂਸੀ ਅਮਰ 'ਚ ਲਿਆਂਦੀ ਜਾ ਸਕਦੀ ਹੈ।

4. ਫਾਂਸੀ ਰੋਕਣ ਦੀ ਕੋਸ਼ਿਸ਼, ਦਿੱਲੀ HC 'ਚ ਪਟੀਸ਼ਨ ਦਾਇਰ

ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਤੋਂ ਬਚਾਉਣ ਦੀ ਕੜੀ ਤਹਿਤ ਇਕ ਪਟੀਸ਼ਨ ਸ਼ਨਿਚਰਵਾਰ ਨੂੰ ਦਿੱਲੀ ਹਾਈ ਕੋਰਟ 'ਚ ਦਾਖ਼ਲ ਕੀਤੀ ਗਈ ਹੈ ਜਿਸ 'ਤੇ ਹਾਲੇ ਸੁਣਵਾਈ ਦੀ ਤਾਰੀਕ ਵੀ ਤੈਅ ਨਹੀਂ ਹੋਈ ਹੈ। ਵਕੀਲ ਏਪੀ ਸਿੰਘ ਵੱਲੋਂ ਦਾਇਰ ਪਟੀਸ਼ਨ 'ਚ ਚਾਰਾਂ ਦੋਸ਼ੀਆਂ ਦੀ ਮਾਨਸਿਕ ਤੇ ਸਰੀਰਕ ਸਥਿਤੀ ਜਾਂਚਣ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਪਟੀਸ਼ਨ 'ਚ ਕਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਹਦਾਇਤ ਦੇਣ ਲਈ ਕਿਹਾ ਗਿਆ ਹੈ ਕਿ ਉਹ ਚਾਰਾਂ ਦੋਸ਼ੀਆਂ ਦੀ ਸਰੀਰਕ ਤੇ ਮਾਨਸਿਕ ਹਾਲਤ ਦਾ ਪਤਾ ਲਗਾਵੇ।

5. ਫਾਂਸੀ ਰੁਕਵਾਉਣ ਲਈ ਦਾਇਰ ਕੀਤੀ ਪਟੀਸ਼ਨ

ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਦੋਸ਼ੀ ਅਕਸ਼ੈ ਸਿੰਘ ਤੇ ਪਵਨ ਗੁਪਤਾ ਨੇ ਡੈੱਥ ਵਾਰੰਟ 'ਤੇ ਰੋਕ ਲਈ ਪਟੀਸ਼ਨ ਦਾਇਰ ਕੀਤੀ ਹੈ। ਇਸ 'ਤੇ ਅਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ ਦੋ ਮਾਰਚ ਤਕ ਜਵਾਬ ਮੰਗਿਆ ਹੈ। ਦਾਇਰ ਪਟੀਸ਼ਨ 'ਚ ਅਕਸ਼ੈ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਸਾਹਮਣੇ ਉਸ ਦੀ ਨਵੀਂ ਪਟੀਸ਼ਨ ਲੰਬਿਤ ਹੈ, ਉੱਥੇ ਹੀ ਪਵਨ ਨੇ ਸੁਧਾਰਾਤਮਕ ਪਟੀਸ਼ਨ ਦਾ ਹਵਾਲਾ ਦਿੱਤਾ ਹੈ। ਅਜਿਹੇ ਵਿਚ ਦੋਵੇਂ ਗੱਲਾਂ 3 ਮਾਰਚ ਦੀ ਫਾਂਸੀ 'ਚ ਅੜਿੱਕਾ ਬਣਨਗੀਆਂ।

6. ਨਿਰਭੈਆ ਦੇ ਦੋਸ਼ੀਆਂ 'ਤੇ ਲੁੱਟ ਦਾ ਕੇਸ ਵੀ, ਫਸਿਆ ਹੋਇਆ ਪੇਚ

ਦੱਸ ਦੇਈਏ ਕਿ ਰਾਮ ਆਧਾਰ ਨਾਂ ਦੇ ਵਿਅਕਤੀ ਰਾਮ ਸਿੰਘ (2013 'ਚ ਤਿਹਾੜ ਜੇਲ੍ਹ 'ਚ ਆਤਮਹੱਤਿਆ ਕਰ ਲਈ ਸੀ) ਨਾਲ ਮੁਕੇਸ਼ ਸਿੰਘ, ਪਵਨ ਗੁਪਤਾ, ਵਿਨੈ ਸ਼ਰਮਾ, ਅਕਸ਼ੈ ਕੁਮਾਰ ਤੇ ਨਾਬਾਲਗ ਨੇ ਲੁੱਟਖੋਹ ਕੀਤੀ ਸੀ। ਲੁੱਟ ਦੇ ਇਸ ਮਾਮਲੇ 'ਚ ਸਾਲ 2015 'ਚ ਨਿਰਭੈਆ ਦੇ ਚਾਰਾਂ ਦੋਸ਼ੀਆਂ ਵਿਨੈ, ਪਵਨ, ਅਕਸ਼ੈ ਤੇ ਮੁਕੇਸ਼ ਪਟਿਆਲਾ ਹਾਊਸ ਕੋਰਟ ਨੇ 10 ਸਾਲ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ 'ਚ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਦਾ ਕਹਿਣਾ ਹੈ ਕਿ ਦਿੱਲੀ ਹਾਈ ਕੋਰਟ 'ਚ ਸਜ਼ਾ ਨੂੰ ਚੁਣੌਤੀ ਦਿੱਤੀ ਗਈ ਹੈ ਤੇ ਇਹ ਮਾਮਲਾ ਫਿਲਹਾਲ ਲੰਬਿਤ ਹੈ। ਅਜਿਹੇ ਵਿਚ ਜਦੋਂ ਤਕ ਇਸ ਮਾਮਲੇ 'ਚ ਕੋਈ ਫ਼ੈਸਲਾ ਨਹੀਂ ਆ ਜਾਂਦਾ, ਫਾਂਸੀ ਨਹੀਂ ਹੋ ਸਕਦੀ।

Posted By: Seema Anand