ਮੁੰਬਈ (ਏਜੰਸੀਆਂ) : ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵਿਸ਼ੇਸ਼ ਅਦਾਲਤ ਨੇ ਭਗੌੜਾ ਆਰਥਿਕ ਅਪਰਾਧੀ ਐਲਾਨ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਅਰਜ਼ੀ 'ਤੇ ਵੀਰਵਾਰ ਨੂੰ ਵਿਸ਼ੇਸ਼ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ।

ਪਿਛਲੇ ਸਾਲ ਅਗਸਤ ਵਿਚ ਭਗੌੜਾ ਆਰਥਿਕ ਅਪਰਾਧੀ ਕਾਨੂੰਨ ਬਣਾਏ ਜਾਣ ਪਿੱਛੋਂ ਇਹ ਦੂਜਾ ਕਾਰੋਬਾਰੀ ਹੈ ਜਿਸ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨਿਆ ਗਿਆ ਹੈ। ਇਸ ਤੋਂ ਪਹਿਲੇ ਅਦਾਲਤ ਨੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਭਗੌੜਾ ਆਰਥਿਕ ਅਪਰਾਧੀ ਕਰਾਰ ਦਿੱਤਾ ਸੀ।

ਵਿਸ਼ੇਸ਼ ਪੀਐੱਮਐੱਲਏ (ਮਨੀ ਲਾਂਡਰਿੰਗ ਰੋਕਥਾਮ ਐਕਟ) ਅਦਾਲਤ ਦੇ ਜੱਜ ਬੀ. ਸੀ. ਵਰਡੇ ਨੇ ਨੀਰਵ ਮੋਦੀ ਅਤੇ ਈਡੀ ਦੇ ਵਕੀਲਾਂ ਦੀਆਂ ਵਿਸਥਾਰਤ ਦਲੀਲਾਂ ਸੁਣਨ ਪਿੱਛੋਂ ਆਪਣਾ ਫ਼ੈਸਲਾ ਸੁਣਾਇਆ। ਲਗਪਗ 14 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਵਿਚ ਸ਼ਾਮਲ ਨੀਰਵ ਨੇ ਅਦਾਲਤ ਤੋਂ ਇਸ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਰਜ਼ੀ ਖ਼ਾਰਜ ਕਰਨ ਦੀ ਅਪੀਲ ਕੀਤੀ ਸੀ। ਦੱਸਣਯੋਗ ਹੈ ਕਿ ਨੀਰਵ ਅਤੇ ਉਸ ਦਾ ਮਾਮਾ ਮੇਹੁਲ ਚੋਕਸੀ ਪੀਐੱਨਬੀ ਘੁਟਾਲੇ ਦੇ ਮੁੱਖ ਦੋਸ਼ੀ ਹਨ। ਜਨਵਰੀ 2018 ਵਿਚ ਇਹ ਘੁਟਾਲਾ ਸਾਹਮਣੇ ਆਉਣ ਤੋਂ ਪਹਿਲੇ ਹੀ ਦੋਵੇਂ ਦੇਸ਼ ਛੱਡ ਕੇ ਚਲੇ ਗਏ ਸਨ।

ਨੀਰਵ ਮੋਦੀ ਨੂੰ ਇਸ ਸਾਲ ਮਾਰਚ ਵਿਚ ਲੰਡਨ ਵਿਚ ਗਿ੍ਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਚੱਲ ਰਹੀ ਹੈ। ਈਡੀ ਦਾ ਕਹਿਣਾ ਹੈ ਕਿ ਨੀਰਵ ਅਤੇ ਮੇਹੁਲ ਨੇ ਪੀਐੱਨਬੀ ਅਧਿਕਾਰੀਆਂ ਦੀ ਮਿਲੀਭਗਤ ਨਾਲ ਫ਼ਰਜ਼ੀ ਅੰਡਰਟੇਕਿੰਗ ਦੇ ਕੇ ਬੈਂਕ ਨੂੰ 14 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਇਆ।

ਕਾਨੂੰਨ ਮੁਤਾਬਿਕ ਜੇ 100 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਘੁਟਾਲੇ ਵਿਚ ਸ਼ਾਮਲ ਦੋਸ਼ੀ ਦੇਸ਼ ਛੱਡ ਚੁੱਕਾ ਹੈ ਅਤੇ ਵਾਰੰਟ ਜਾਰੀ ਹੋਣ ਪਿੱਛੋਂ ਵੀ ਨਹੀਂ ਪਰਤਦਾ ਹੈ ਤਾਂ ਉਸ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿਚ ਹੁਣ ਨੀਰਵ ਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ। ਅਦਾਲਤ ਉਸ ਦੀ ਜਾਇਦਾਦ ਦੀ ਜ਼ਬਤੀ ਪ੍ਰਕਿਰਿਆ ਬਾਅਦ ਵਿਚ ਸ਼ੁਰੂ ਕਰੇਗੀ।