ਨਵੀਂ ਦਿੱਲੀ (ਪੀਟੀਆਈ) : ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਦੇਹ ਵਪਾਰ ਲਈ ਸਰਹੱਦ ਪਾਰ ਤੋਂ ਲੜਕੀਆਂ ਦੀ ਸਮੱਗਲਿੰਗ ਵਿਚ ਸ਼ਾਮਲ 12 ਲੋਕਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਇਨ੍ਹਾਂ ਵਿਚ ਨੌਂ ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਏਜੰਸੀ ਨੇ ਹੈਦਰਾਬਾਦ ਸਥਿਤ ਵਿਸ਼ੇਸ਼ ਐੱਨਆਈਏ ਅਦਾਲਤ ਵਿਚ ਭਾਰਤੀ ਦੰਡਾਵਲੀ (ਆਈਪੀਸੀ), ਗ਼ੈਰ-ਕਾਨੂੰਨੀ ਆਵਾਜਾਈ (ਰੋਕਥਾਮ) ਐਕਟ ਅਤੇ ਵਿਦੇਸ਼ੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ।

ਪਿਛਲੇ ਸਾਲ 21 ਸਤੰਬਰ ਨੂੰ ਹੈਦਰਾਬਾਦ 'ਚ 10 ਮਨੁੱਖੀ ਸਮੱਗਲਰਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਪਹਾੜੀਸ਼ਰੀਫ ਪੁਲਿਸ ਸਟੇਸ਼ਨ ਵਿਚ ਆਈਪੀਸੀ ਅਤੇ ਗ਼ੈਰ-ਕਾਨੂੰਨੀ ਆਵਾਜਾਈ (ਰੋਕਥਾਮ) ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਗਿ੍ਫ਼ਤਾਰ ਲੋਕਾਂ ਵਿਚ ਹੈਦਰਾਬਾਦ ਦੇ ਦੋ ਭਰਾ ਵੀ ਸ਼ਾਮਲ ਸਨ। ਐੱਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਭਰਾਵਾਂ ਦੇ ਕਬਜ਼ੇ ਤੋਂ ਬੰਗਲਾਦੇਸ਼ ਦੀਆਂ ਚਾਰ ਲੜਕੀਆਂ ਨੂੰ ਮੁਕਤ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਕਈ ਡਿਜੀਟਲ ਉਪਕਰਣ, ਫ਼ਰਜ਼ੀ ਭਾਰਤੀ ਪਛਾਣ ਪੱਤਰ ਅਤੇ ਹੋਰ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਸਨ।