ਚੇਨਈ (ਪੀਟੀਆਈ) : ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਇਸਲਾਮਿਕ ਸਟੇਟ ਨਾਲ ਜੁੜੇ ਮਡਿਊਲ ਦੇ ਮਾਮਲੇ 'ਚ ਵੀਰਵਾਰ ਤਾਮਿਲਨਾਡੂ 'ਚ ਕਈ ਥਾਈਂ ਛਾਪੇ ਮਾਰੇ ਤੇ ਤਲਾਸ਼ੀ ਲਈ। ਇਸ ਕਾਰਵਾਈ ਵਿਚ ਕਈ ਅਹਿਮਮ ਇਲੈਟ੍ਰਾਨਿਕ ਗਜਟ ਤੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਐੱਨਆਈਏ ਕੋਇੰਬਟੂਰ ਵਿਚ ਹਿੰਦੂ ਵਰਕਰਾਂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਏਜੰਸੀ ਨੇ ਦੱਸਿਆ ਕਿ ਕੋਇੰਬਟੂਰ, ਸ਼ਿਵਗੰਗਾ, ਤਿਰੂਚਿਰਾਪੱਲੀ, ਨਾਗਪੱਟੀਨਮ ਤੇ ਤੂਤੀਕੋਰਿਨ ਜ਼ਿਲਿ੍ਆਂ ਵਿਚ ਛੇ ਥਾਵਾਂ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਦੋ ਲੈਪਟਾਮ, ਅੱਠ ਮੋਬਾਈਲ ਫੋਨ, ਪੰਜ ਸਿਮ ਕਾਰਡ, ਇਕ ਐੱਸਡੀ ਕਾਰਡ ਤੇ 14 ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਐੱਨਆਈਏ ਦੇ ਬੁਲਾਰੇ ਮੁਤਾਬਕ ਇਸਲਾਮਿਕ ਸਟੇਟ ਨਾਲ ਜੁੜੇ ਕੋਇੰਬਟੂਰ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਇਹ ਕਾਰਵਾਈ ਕੀਤੀ ਗਈ। ਜਾਂਚ ਏਜੰਸੀ ਨੇ ਇਸ ਮਾਮਲੇ 'ਚ ਛੇ ਲੋਕਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਹੈ। ਮੁਲਜ਼ਮਾਂ ਨੇ ਇਸਲਾਮਿਕ ਸ਼ਾਸਨ ਦੀ ਸਥਾਪਨਾ ਦੇ ਇਰਾਦੇ ਨਾਲ ਕੋਇੰਬਟੂਰ 'ਚ ਕੁਝ ਖ਼ਾਸ ਹਿੰਦੂ ਵਰਕਰਾਂ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚੀ ਸੀ।

ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਸੂਬਾ ਪੁਲਿਸ ਨੇ ਪਿਛਲੇ ਸਾਲ ਸਤੰਬਰ 'ਚ ਗਿ੍ਫ਼ਤਾਰ ਕੀਤਾ ਸੀ ਤੇ ਐੱਨਆਈਏ ਨੇ ਇਸ ਸਾਲ ਫਰਵਰੀ 'ਚ ਇਨ੍ਹਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ। ਇਨ੍ਹਾਂ ਵਿਰੁੱਧ ਸੂਬੇ ਵਿਚ ਦਹਿਸ਼ਤ ਤੇ ਦੰਗਾ ਫੈਲਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਐੱਨਆਈਏ ਮੁਤਾਬਕ ਮੁਲਜ਼ਮ ਸ੍ਰੀਲੰਕਾ 'ਚ ਚਰਚਾਂ ਤੇ ਈਸਾਈਆਂ 'ਤੇ ਹਮਲਾ ਕਰਨ ਵਾਲੇ ਅੱਤਵਾਦੀ ਗਿਰੋਹਾਂ ਦੇ ਸਰਗਨੇ ਜਹਿਰਾਨ ਹਾਸ਼ਿਮ ਤੋਂ ਪ੍ਰਭਾਵਿਤ ਸਨ। ਸੋਸ਼ਲ ਮੀਡੀਆ 'ਤੇ ਉਸ ਦੇ ਭਾਸ਼ਣ ਸੁਣਦੇ ਤੇ ਵੀਡੀਓ ਦੇਖਦੇ ਸਨ। ਵੀਰਵਾਰ ਨੂੰ ਉਨ੍ਹਾਂ ਲੋਕਾਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਗਏ ਜਿਨ੍ਹਾਂ 'ਤੇ ਮੁਲਜ਼ਮਾਂ ਨਾਲ ਸੰਪਰਕ ਵਿਚ ਹੋਣ ਦਾ ਸ਼ੱਕ ਹੈ।

ਕੋਇੰਬਟੂਰ 'ਚ ਐੱਨਆਈਏ ਨੇ ਦੋ ਥਾਵਾਂ ਦੀ ਤਲਾਸ਼ੀ ਲਈ। ਸ਼ਹਿਰ ਦੇ ਜੀਐੱਮ ਨਗਰ ਵਿਚ ਨਿਸਾਰ ਤੇ ਲੋਰੀਪੇਟ ਇਲਾਕੇ 'ਚ ਸੌਰੀਦੀਨ ਨਾਂ ਦੇ ਸ਼ੱਕੀਆਂ ਦੇ ਘਰਾਂ 'ਤੇ ਛਾਪੇ ਮਾਰੇ ਸਨ। ਏਜੰਸੀ ਨੇ ਇਸਲਾਮਿਕ ਸਟੇਟ ਨਾਲ ਸੰਪਰਕ ਰੱਖਣ ਦੇ ਖ਼ਦਸ਼ੇ 'ਚ 21 ਸਤੰਬਰ ਨੂੰ ਵੀ ਸੂਬੇ ਦੇ ਤਿਰੂਨੇਲਵੈਲੀ ਜ਼ਿਲ੍ਹੇ 'ਚ ਇਕ ਵਿਅਕਤੀ ਦੇ ਘਰ ਛਾਪਾ ਮਾਰਿਆ ਸੀ।