ਮੁੰਬਈ, ਏਜੰਸੀ: ਪੱਛਮੀ ਰੇਲਵੇ (ਡਬਲਯੂਆਰ) ਨੇ ਕਿਹਾ ਹੈ ਕਿ ਉਹ ਅਗਲੇ ਸਾਲ ਮਈ ਤਕ ਮੁੰਬਈ-ਅਹਿਮਦਾਬਾਦ ਰੂਟ 'ਤੇ ਕੰਡਿਆਲੀ ਤਾਰ ਲਗਾਵੇਗਾ ਤਾਂ ਜੋ ਜਾਨਵਰਾਂ ਨੂੰ ਪਟੜੀਆਂ 'ਤੇ ਭਟਕਣ ਅਤੇ ਰੇਲਗੱਡੀਆਂ ਦੁਆਰਾ ਕੁਚਲਣ ਤੋਂ ਬਚਾਇਆ ਜਾ ਸਕੇ।ਸ਼ੁੱਕਰਵਾਰ ਨੂੰ ਇੱਥੇ ਚਰਚਗੇਟ ਸਥਿਤ ਰੇਲਵੇ ਜ਼ੋਨ ਹੈੱਡਕੁਆਰਟਰ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੱਛਮੀ ਰੇਲਵੇ ਦੇ ਜਨਰਲ ਮੈਨੇਜਰ ਅਸ਼ੋਕ ਕੁਮਾਰ ਮਿਸ਼ਰਾ ਨੇ ਦੱਸਿਆ ਕਿ 620 ਕਿਲੋਮੀਟਰ ਲੰਬੇ ਮਾਰਗ 'ਤੇ ਕੰਡਿਆਲੀ ਤਾਰ ਲਗਾਉਣ ਲਈ ਟੈਂਡਰ ਮੰਗੇ ਗਏ ਹਨ, ਜਿਸ 'ਤੇ 264 ਕਰੋੜ ਰੁਪਏ ਦੀ ਲਾਗਤ ਆਉਣੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 30 ਸਤੰਬਰ ਨੂੰ ਗੁਜਰਾਤ ਦੇ ਗਾਂਧੀਨਗਰ ਅਤੇ ਦੇਸ਼ ਦੀ ਵਿੱਤੀ ਰਾਜਧਾਨੀ ਦੇ ਵਿਚਕਾਰ ਰਵਾਨਾ ਕੀਤੀ ਗਈ ਤੀਜੀ ਅਰਧ-ਹਾਈ-ਸਪੀਡ ਵੰਦੇ ਭਾਰਤ ਐਕਸਪ੍ਰੈਸ ਹੁਣ ਤੱਕ ਚਾਰ ਵਾਰ ਪਸ਼ੂਆਂ ਨਾਲ ਟਕਰਾ ਚੁੱਕੀ ਹੈ।

ਤਾਜ਼ਾ ਘਟਨਾ ਗੁਜਰਾਤ ਦੇ ਉਦਵਾੜਾ ਅਤੇ ਵਾਪੀ ਸਟੇਸ਼ਨਾਂ ਵਿਚਕਾਰ ਵੀਰਵਾਰ ਸ਼ਾਮ ਨੂੰ ਵਾਪਰੀ। ਪੱਛਮੀ ਰੇਲਵੇ ਦੇ ਅਧਿਕਾਰੀਆਂ ਅਨੁਸਾਰ, ਸਟੇਨਲੈੱਸ ਸਟੀਲ ਦੀ ਵਾੜ ਜ਼ਮੀਨ ਤੋਂ 1.5 ਮੀਟਰ ਦੀ ਉਚਾਈ 'ਤੇ "ਡਬਲਯੂ-ਬੀਮ" ਬਣਤਰ ਹੋਵੇਗੀ।

ਮਿਸ਼ਰਾ ਨੇ ਕਿਹਾ ਕਿ ਅਸੀਂ ਇਸਨੂੰ 1.5 ਮੀਟਰ ਦੀ ਉਚਾਈ 'ਤੇ (ਡਬਲਯੂ-ਬੀਮ) ਲਗਾਉਣ ਜਾ ਰਹੇ ਹਾਂ। ਫਾਇਦਾ ਇਹ ਹੈ ਕਿ ਲੋਕ ਇਸ ਨੂੰ ਪਾਰ ਕਰ ਸਕਦੇ ਹਨ ਪਰ ਜਾਨਵਰ ਨਹੀਂ ਕਰ ਸਕਦੇ।

ਉਨ੍ਹਾਂ ਕਿਹਾ ਕਿ ਰੇਲਵੇ ਕਰਮਚਾਰੀ ਅਤੇ ਰੇਲਵੇ ਸੁਰੱਖਿਆ ਬਲ ਦੇ ਕਰਮਚਾਰੀ ਪਟੜੀਆਂ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਨਾਲ (ਟਰੇਨਾਂ ਦੇ ਰਸਤੇ 'ਤੇ ਆਵਾਰਾ ਪਸ਼ੂਆਂ ਦੀ ਸਮੱਸਿਆ) ਨੂੰ ਦੂਰ ਕਰਨ ਲਈ ਗੱਲਬਾਤ ਕਰ ਰਹੇ ਹਨ। ਮਿਸ਼ਰਾ ਨੇ ਕਿਹਾ ਕਿ ਇਹ ਡਿਜ਼ਾਇਨ ਇਹ ਯਕੀਨੀ ਬਣਾਉਂਦਾ ਹੈ ਕਿ ਅਜਿਹੇ ਹਾਦਸੇ ਤੋਂ ਬਾਅਦ ਜਾਨਵਰ ਰੇਕ ਦੇ ਹੇਠਲੇ ਹਿੱਸੇ ਵਿੱਚ ਨਾ ਫਸ ਜਾਣ।

Posted By: Sandip Kaur