ਨਵੀਂ ਦਿੱਲੀ (ਪੀਟੀਆਈ) : ਲਾਕਡਾਊਨ ਕਾਰਨ ਰੁਕੀ ਜ਼ਿੰਦਗੀ ਨੂੰ ਰਫ਼ਤਾਰ ਦੇਣ ਦੇ ਉਦੇਸ਼ ਨਾਲ ਰੇਲ ਤੇ ਹਵਾਈ ਸੇਵਾਵਾਂ ਦੀ ਸੀਮਤ ਸ਼ੁਰੂਆਤ ਦੇ ਐਲਾਨ ਤੋਂ ਬਾਅਦ ਤੋਂ ਹੀ ਯਾਤਰਾ ਦੀਆਂ ਸ਼ਰਤਾਂ ਨੂੰ ਲੈ ਕੇ ਵੱਖ-ਵੱਖ ਕਿਆਸ ਲਾਏ ਜਾ ਰਹੇ ਸਨ। ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਕਿਆਸਾਂ ਨੂੰ ਸ਼ਾਂਤ ਕਰਦਿਆਂ ਸਾਰੇ ਯਾਤਰੀਆਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਮੰਤਰਾਲੇ ਨੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਤੇ ਦੇਸ਼ ਦੇ ਅੰਦਰ ਹਵਾਈ ਜਹਾਜ਼, ਰੇਲ ਜਾਂ ਬੱਸ ਰਾਹੀਂ ਇਕ ਤੋਂ ਦੂਜੇ ਸੂਬੇ ਵਿਚ ਜਾਣ ਵਾਲੇ ਯਾਤਰੀਆਂ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਜਿੱਥੇ ਸੀਮਤ ਘਰੇਲੂ ਉਡਾਣਾਂ ਦਾ ਸੰਚਾਲਨ ਸ਼ੁਰੂ ਹੋ ਰਿਹਾ ਹੈ ਉੱਥੇ ਪਹਿਲੀ ਜੂਨ ਤੋਂ 100 ਜੋੜੀ ਯਾਤਰੀ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਹੋਣਾ ਹੈ। ਰਾਜਧਾਨੀ ਐਕਸਪ੍ਰੈੱਸ ਦੇ ਵੱਖ-ਵੱਖ ਰੂਟਾਂ 'ਤੇ 15 ਜੋੜੀ ਏਸੀ ਸਪੈਸ਼ਲ ਟ੍ਰੇਨਾਂ ਦਾ ਵੀ ਸੰਚਾਲਨ ਹੋ ਰਿਹਾ ਹੈ। ਦੂਜੇ ਪਾਸੇ ਗ੍ਰਹਿ ਮੰਤਰਾਲੇ ਨੇ ਵੀ ਵਿਦੇਸ਼ ਤੋਂ ਭਾਰਤ ਆਉਣ ਜਾਂ ਇੱਥੋਂ ਵਿਦੇਸ਼ ਜਾਣ ਦੇ ਇਛੁਕ ਲੋਕਾਂ ਲਈ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ ਕੀਤਾ ਹੈ। ਇਸ ਦੀ ਪਾਲਣਾ ਕਰਦਿਆਂ ਇਹ ਲੋਕ ਆਪਣਾ ਯਾਤਰਾ ਯਕੀਨੀ ਕਰ ਸਕਦੇ ਹਨ। ਸੂਬਿਆਂ ਨੂੰ ਸਥਾਨਕ ਹਾਲਾਤ ਅਨੁਸਾਰ ਵਿਵਸਥਾਵਾਂ ਵਿਚ ਤਬਦੀਲੀ ਦਾ ਅਧਿਕਾਰ ਦਿੱਤਾ ਗਿਆ ਹੈ।

ਸਿਹਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਬੋਰਡਿੰਗ ਤੋਂ ਪਹਿਲਾਂ ਇਸ ਗੱਲ ਦਾ ਸਹੁੰ-ਪੱਤਰ ਦੇਣਾ ਪਵੇਗਾ ਕਿ ਉਹ ਇੱਥੇ ਪੁੱਜ ਕੇ 14 ਦਿਨ ਕੁਆਰੰਟਾਈਨ ਵਿਚ ਬਿਤਾਉਣਗੇ। ਇਸ ਵਿਚ ਸੱਤ ਦਿਨ ਉਨ੍ਹਾਂ ਨੂੰ ਆਪਣੇ ਖ਼ਰਚ 'ਤੇ ਇੰਸਟੀਚਿਊਸ਼ਨਲ ਕੁਆਰੰਟਾਈਨ ਵਿਚ ਰਹਿਣਾ ਪਵੇਗਾ। ਗਰਭਵਤੀ ਔਰਤਾਂ, 10 ਸਾਲ ਤੋਂ ਛੋਟੇ ਬੱਚਿਆਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਪੂਰੇ 14 ਦਿਨ ਹੋਮ ਕੁਆਰੰਟਾਈਨ ਵਿਚ ਰਹਿਣ ਦੀ ਪ੍ਰਵਾਨਗੀ ਮਿਲ ਸਕਦੀ ਹੈ। ਕਿਸੇ ਹੰਗਾਮੀ ਹਾਲਤ ਜਿਵੇਂ ਪਰਿਵਾਰ ਵਿਚ ਕਿਸੇ ਦੀ ਮੌਤ ਜਾਂ ਬਿਮਾਰੀ ਦੀ ਹਾਲਤ ਵਿਚ ਵੀ ਇਸ ਤਰ੍ਹਾਂ ਦੀ ਛੋਟ ਰਹੇਗੀ। ਅਜਿਹੇ ਯਾਤਰੀਆਂ ਲਈ ਅਰੋਗਿਆ ਸੇਤੂ ਐਪ ਵੀ ਲਾਜ਼ਮੀ ਕੀਤਾ ਗਿਆ ਹੈ। ਹੋਰ ਯਾਤਰੀਆਂ ਨੂੰ ਵੀ ਅਰੋਗਿਆ ਸੇਤੂ ਐਪ ਡਾਊਨਲੋਡ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਦੇਸ਼ ਅੰਦਰ ਰੇਲ, ਬੱਸ ਜਾਂ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲਿਆਂ ਨੂੰ 14 ਦਿਨ ਸਵੈ ਨਿਗਰਾਨੀ (ਸੈਲਫ ਮਾਨੀਟਰਿੰਗ) ਲਈ ਕਿਹਾ ਗਿਆ ਹੈ। ਅਰਥਾਤ ਅਜਿਹੇ ਲੋਕਾਂ ਨੂੰ ਆਪਣੀ ਸਿਹਤ 'ਤੇ ਨਜ਼ਰ ਰੱਖਣੀ ਪਵੇਗੀ ਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਮਿਲਣ 'ਤੇ ਅਧਿਕਾਰੀਆਂ ਨੂੰ ਜਾਣਕਾਰੀ ਦੇਣੀ ਪਵੇਗੀ। ਅਰੋਗਿਆ ਸੇਤੂ ਐਪ ਸਾਰਿਆਂ ਨੂੰ ਡਾਊਨਲੋਡ ਕਰਨਾ ਪਵੇਗਾ। ਯਾਤਰੀਆਂ ਨੇ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਇਸ ਬਾਰੇ ਸਬੰਧਿਤ ਟ੍ਰੈਵਲ ਏਜੰਸੀਆਂ ਟਿਕਟ ਦੇ ਨਾਲ ਹੀ ਪੂਰੀ ਜਾਣਕਾਰੀ ਦੇਣਗੀਆਂ। ਰੇਲ, ਬੱਸ ਜਾਂ ਜਹਾਜ਼ 'ਤੇ ਸਵਾਰ ਹੋਣ ਤੋਂ ਪਹਿਲਾਂ ਸਾਰਿਆਂ ਦੀ ਥਰਮਲ ਸਕਰੀਨਿੰਗ ਹੋਵੇਗੀ ਤੇ ਸਿਹਤਮੰਦ ਤੇ ਬਿਨਾਂ ਲੱਛਣ ਵਾਲਿਆਂ ਨੂੰ ਹੀ ਯਾਤਰਾ ਦੀ ਇਜਾਜ਼ਤ ਮਿਲੇਗੀ। ਹਵਾਈ ਅੱਡੇ ਕੇ ਜਹਾਜ਼ ਅੰਦਰ ਸੈਨੇਟਾਈਜੇਸ਼ਨ ਤੇ ਡਿਸਇਨਫੈਕਸ਼ਨ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਮਾਸਕ ਪਹਿਨਣਾ ਵੀ ਸਾਰਿਆਂ ਲਈ ਲਾਜ਼ਮੀ ਹੋਵੇਗਾ। ਮੰਜ਼ਲ ਤਕ ਪੁੱਜਣ ਤੋਂ ਬਾਅਦ ਸਾਰਿਆਂ ਦੀ ਜਾਂਚ ਹੋਵੇਗੀ। ਬਿਨਾਂ ਲੱਛਣਾਂ ਵਾਲਿਆਂ ਨੂੰ ਕੁਆਰੰਟਾਈਨ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਕਿਸੇ ਵੀ ਤਰ੍ਹਾਂ ਦਾ ਲੱਛਣ ਪਾਏ ਜਾਣ 'ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ 'ਤੇ ਪਹੁੰਚਾਇਆ ਜਾਵੇਗਾ ਤੇ ਜਾਂਚ ਯਕੀਨੀ ਕੀਤੀ ਜਾਵੇਗੀ। ਪਾਜ਼ੇਟਿਵ ਮਰੀਜ਼ਾਂ ਨੂੰ ਤੈਅ ਪ੍ਰੋਟੋਕਾਲ ਦੇ ਹਿਸਾਬ ਨਾਲ ਇਲਾਜ ਮਿਲੇਗਾ। ਕੁਆਰੰਟਾਈਨ ਵਿਚ ਰਹਿਣ ਵਾਲੇ ਸਾਰੇ ਯਾਤਰੀਆਂ ਨੂੰ ਵੀ ਆਪਣੀ ਸਿਹਤ 'ਤੇ ਨਿਗਰਾਨੀ ਰੱਖਣ ਤੇ ਕਿਸੇ ਵੀ ਤਰ੍ਹਾਂ ਦਾ ਲੱਛਣ ਦਿਸਣ 'ਤੇ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ। ਬੰਦਰਗਾਹ ਜਾਂ ਹੋਰ ਥਲ ਸੀਮਾ ਰਾਹੀਂ ਆਉਣ ਵਾਲੇ ਯਾਤਰੀਆਂ ਲਈ ਵੀ ਇਨ੍ਹਾਂ ਵਿਵਸਥਾਵਾਂ ਦੀ ਪਾਲਣਾ ਕਰਨੀ ਪਵੇਗੀ।