ਜੇਐੱਨਐੱਨ, ਵਾਰਾਨਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਵੱਲੋਂ ਐਲਾਨੀ ਨਵੀਂ ਸਿੱਖਿਆ ਨੀਤੀ ਦਾ ਜ਼ੋਰ ਰੁਜ਼ਗਾਰ ਮੰਗਣ ਵਾਲਿਆਂ ਦੀ ਥਾਂ ਰੁਜ਼ਗਾਰ ਦੇਣ ਵਾਲਿਆਂ ਨੂੰ ਤਿਆਰ ਕਰਨਾ ਹੈ। ਇਸ ਰਾਹੀਂ ਸਿੱਖਿਆ ਵਿਵਸਥਾ 'ਚ ਜ਼ਰੂਰੀ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਾਲ ਆਉਣ ਵਾਲੇ ਸਮੇਂ 'ਚ ਨਵੀਨਤਾ ਨੂੰ ਹੋਰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਸ਼ਨਿਚਰਵਾਰ ਨੂੰ ਸਮਾਰਟ ਇੰਡੀਆ ਹੈਕਾਥਾਨ-2020 ਦੇ ਗ੍ਰੈਂਡ ਫਿਨਾਲੇ ਨੂੰ ਆਨਲਾਈਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਇਹ ਯਕੀਨੀ ਬਣਾਏਗੀ ਕਿ ਵਿਦਿਆਰਥੀ ਜੋ ਸਿੱਖਣਾ ਚਾਹੁੰਦੇ ਹਨ ਪੂਰਾ ਧਿਆਨ ਉਸੇ 'ਤੇ ਹੋਵੇ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਨੌਜਵਾਨ ਦੇਸ਼ ਨੂੰ ਅੱਗੇ ਵਧਾਉਣ ਲਈ ਨਵੀਂ ਇਨੋਵੇਸ਼ਨ ਕਰਨਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਗ਼ਰੀਬਾਂ ਨੂੰ ਬਿਹਤਰ ਜੀਵਨ ਦੇਣ ਲਈ 'ਸੌਖਿਆ ਜਿਊਣ' ਦਾ ਟੀਚਾ ਹਾਸਲ ਕਰਨ 'ਚ ਨੌਜਵਾਨ ਵਰਗ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 21ਵੀਂ ਸਦੀ ਦੇ ਨੌਜਵਾਨਾਂ ਦੀ ਸੋਚ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਦੇਖਦਿਆਂ ਬਣਾਈ ਗਈ ਹੈ। ਦੇਸ਼ ਦੇ ਵਿਦਿਆਰਥੀਆਂ ਲਈ ਸਿੱਖਿਆ ਵਿਵਸਥਾ ਨੂੰ ਸਭ ਤੋਂ ਜ਼ਿਆਦਾ ਮੋਹਰੀ ਤੇ ਆਧੁਨਿਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਰਾਹੀਂ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਨੌਜਵਾਨ ਪ੍ਰਤਿਭਾਵਾਂ ਨੂੰ ਮੌਕੇ ਮਿਲਣ ਤੇ ਉਹ ਹਰ ਚੁਣੌਤੀ ਦਾ ਮੁਕਾਬਲਾ ਕਰਨ ਲਈ ਤਿਆਰ ਹੋਣ।