ਨਵੀਂ ਦਿੱਲੀ : ਲੋਕ ਸਭਾ ਚੋਣਾਂ 2019, ਲੋਕ ਸਭਾ ਚੋਣਾਂ ਹਾਲ ਹੀ 'ਚ ਖ਼ਤਮ ਹੋਈਆਂ ਹਨ। ਇਨ੍ਹਾਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਮਿਲੀ ਹੈ। ਆਪ ਦਾ ਕੋਈ ਵੀ ਦਾਅ ਕਾਰਗਰ ਸਾਬਿਤ ਨਹੀਂ ਹੋਇਆ ਹੈ। ਕਾਂਗਰਸ ਦੀ ਸਰਗਰਮਤਾ ਨੇ ਆਪ ਦਾ ਵੱਡਾ ਨੁਕਸਾਨ ਕੀਤਾ ਹੈ। ਇਸ ਖ਼ਰਾਬ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਪ ਫਰਵਰੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਜੁਟ ਗਈ ਹੈ। ਆਪ ਨੇ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਜੰਗ ਸ਼ੁਰੂ ਕਰ ਦਿੱਤੀ ਹੈ।

ਇਹੀ ਕਾਰਨ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਦਾ ਪੂਰਾ ਮੰਤਰੀ ਮੰਡਲ ਸੜਕਾਂ 'ਤੇ ਹੈ। ਕੇਜਰੀਵਾਲ ਪਾਰਟੀ ਦੇ ਵਿਧਾਇਕਾਂ ਨੂੰ ਇੱਥੋਂ ਤਕ ਸੰਦੇਸ਼ ਦੇ ਚੁੱਕੇ ਹਨ ਕਿ ਅਕਤੂਬਰ 'ਚ ਵੀ ਜੇਕਰ ਚੋਣਾਂ ਕਰਾ ਦਿੱਤੀਆਂ ਜਾਣ ਤਾਂ ਸਾਨੂੰ ਇਸ ਲਈ ਵੀ ਤਿਆਰ ਰਹਿਣਾ ਹੈ। ਇਸ ਵਿਚਾਲੇ ਮੈਟਰੋ ਤੇ ਬੱਸਾਂ 'ਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਯੋਜਨਾ ਦੇ ਐਲਾਨ ਨੇ ਦਿੱਲੀ ਦੇ ਸਿਆਸੀ ਤਾਪਮਾਨ ਨੂੰ ਹੋਰ ਵਧਾ ਦਿੱਤਾ ਹੈ।

ਰਾਜਨੀਤਕ ਮਾਹਰ ਸਾਫ਼ ਤੌਰ 'ਤੇ ਮੰਨ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਫ੍ਰੀ ਸਫ਼ਰ ਦਾ ਦਾਅ ਖੇਡਿਆ ਹੈ। ਉਨ੍ਹਾਂ ਦੀ ਮੰਨੀਏ ਤਾਂ ਯੋਜਨਾ ਲਾਗੂ ਹੋਣ 'ਤੇ ਕੇਜਰੀਵਾਲ ਨੂੰ ਇਸ ਦਾ ਲਾਭ ਮਿਲਣ ਦੀ ਵੀ ਪੂਰੀ ਉਮੀਦ ਹੈ। ਭਾਜਪਾ ਅਤੇ ਕਾਂਗਰਸ ਕੇਜਰੀਵਾਲ ਦੇ ਇਸ ਦਾਅ ਦਾ ਤੋੜ ਕੱਢਣ 'ਚ ਲੱਗ ਗਏ ਹਨ, ਹਾਲਾਂਕਿ ਭਾਜਪਾ ਦੇ ਆਗੂਆਂ ਨੇ ਇਸ ਯੋਜਨਾ ਸਬੰਧੀ ਸਵਾਲ ਜ਼ਰੂਰ ਚੁੱਕੇ ਹਨ ਪਰ ਉਹ ਸਿੱਧੇ ਤੌਰ 'ਤੇ ਇਸ ਦਾ ਵਿਰੋਧ ਕਰਨ ਤੋਂ ਕਤਰਾ ਰਹੇ ਹਨ।

ਮੈਟਰੋ ਅਤੇ ਬੱਸਾਂ 'ਚ ਔਰਤਾਂ ਲਈ ਮੁਫ਼ਤ ਸਫ਼ਰ ਸਬੰਧੀ ਲਗਾਏ ਜਾ ਰਹੇ ਰਾਜਨੀਤਕ ਮਾਅਨਿਆਂ 'ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਕਹਿਣਾ ਬਿਲਕੁਲ ਗ਼ਲਤ ਹੈ ਕਿ ਇਸ ਯੋਜਨਾ ਨੂੰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਜਦੋਂ ਤੋਂ ਆਪ ਸੱਤਾ 'ਚ ਆਈ ਹੈ ਜਨਤਾ ਨੂੰ ਰਾਹਤ ਦੇਣ ਲਈ ਵੱਡੀਆਂ-ਵੱਡੀਆਂ ਯੋਜਨਾਵਾਂ ਲਿਆਈ ਹੈ। ਇਨ੍ਹਾਂ 'ਚੋਂ ਕਈ ਹਨ ਜੋ ਪਾਰਟੀ ਦੇ 70 ਪੁਆਇੰਟ ਵਾਲੇ ਚੋਣ ਮਨੋਰਥ ਪੱਤਰ 'ਚ ਵੀ ਸ਼ਾਮਲ ਨਹੀਂ ਸਨ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਸਬੰਧੀ ਤਿੰਨ ਮਹੀਨਿਆਂ ਤੋਂ ਸਰਕਾਰ ਵਿਚਾਰ ਕਰ ਰਹੀ ਸੀ। ਇਸ ਪਿੱਛੇ ਸਾਡਾ ਮਕਸਦ ਔਰਤਾਂ ਨੂੰ ਸੁਰੱਖਿਅਤ ਅਤੇ ਮੁਫ਼ਤ ਸਫ਼ਰ ਉਪਲੱਬਧ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕਈ ਸਰਵੇ 'ਚ ਇਹ ਗੱਤ ਨਿਕਲ ਕੇ ਆਈ ਹੈ ਕਿ ਟੈਕਸੀ ਅਤੇ ਆਟੋ ਤੋਂ ਜ਼ਿਆਦਾ ਸੁਰੱਖਿਅਤ ਮੈਟਰੋ ਅਤੇ ਬੱਸਾਂ ਹਨ।

Posted By: Akash Deep