ਨਵੀਂ ਦਿੱਲੀ (ਪੀਟੀਆਈ) : ਦੇਸ਼ 'ਚ ਸ਼ਨਿਚਰਵਾਰ ਤੋਂ ਕੋਰੋਨਾ ਵਾਇਰਸ ਖ਼ਿਲਾਫ਼ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਨਾਲ ਅਧਿਕਾਰੀਆਂ ਨੇ ਵੈਕਸੀਨ 'ਤੇ ਕੇਂਦਰਿਤ ਨਵੀਂ ਕਾਲਰ ਟਿਊਨ ਵੀ ਜਾਰੀ ਕਰ ਦਿੱਤੀ ਹੈ। ਇਸ 'ਚ ਇਕ ਔਰਤ ਦੀ ਆਵਾਜ਼ ਹੈ ਜਦਕਿ ਪਿਛਲੀ ਕਾਲਰ ਟਿਊਨ 'ਚ ਮਹਾਨਾਇਕ ਅਮਿਤਾਭ ਬੱਚਨ ਦੀ ਆਵਾਜ਼ ਸੀ। ਨਵੀਂ ਕਾਲਰ ਟਿਊਨ 'ਚ ਕੋਰੋਨਾ ਖ਼ਿਲਾਫ਼ ਟੀਕਾਕਰਨ ਮੁਹਿੰਮ ਪ੍ਰਤੀ ਜਾਗਰੂਕਤਾ ਫੈਲਾਉਣ ਤੇ ਅਫ਼ਵਾਹਾਂ ਤੋਂ ਬਚਣ ਦੀ ਗੱਲ ਕਹੀ ਗਈ ਹੈ। ਕਾਲਰ ਟਿਊਨ ਕਹਿੰਦੀ ਹੈ, 'ਨਵਾਂ ਸਾਲ ਕੋਵਿਡ-19 ਦੀ ਵੈਕਸੀਨ ਵਜੋਂ ਨਵੀਂ ਉਮੀਦ ਦੀ ਕਿਰਨ ਲੈ ਕੇ ਆਇਆ ਹੈ। ਭਾਰਤ 'ਚ ਬਣੀ ਵੈਕਸੀਨ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ। ਕੋਵਿਡ ਵਿਰੁੱਧ ਸਾਨੂੰ ਪ੍ਰਤੀਰੋਕੂ ਸਮਰੱਥਾ ਦਿੰਦੀ ਹੈ। ਭਾਰਤੀ ਵੈਕਸੀਨ 'ਤੇ ਭਰੋਸਾ ਰੱਖੋ। ਆਪਣੀ ਵਾਰੀ ਆਉਣ 'ਤੇ ਵੈਕਸੀਨ ਜ਼ਰੂਰ ਲਗਵਾਓ। ਅਫ਼ਵਾਹਾਂ 'ਤੇ ਭਰੋਸਾ ਨਾ ਕਰੋ।' ਨਵੀਂ ਕਾਲਰ ਟਿਊਨ ਲੋਕਾਂ ਨੂੰ ਇਹ ਅਪੀਲ ਵੀ ਕਰਦੀ ਹੈ ਕਿ ਟੀਕਾਕਰਨ ਤੋਂ ਬਾਅਦ ਵੀ ਉਹ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣ ਜਿਵੇਂ ਮਾਸਕ ਪਾਉਣਾ, ਸਰੀਰਕ ਦੂਰੀ ਦੀ ਪਾਲਣਾ ਕਰਨਾ ਤੇ ਹੱਥ ਧੋਂਦੇ ਰਹਿਣ। ਇਸ ਤੋਂ ਪਹਿਲਾਂ ਅਮਿਤਾਭ ਬੱਚਨ ਦੀ ਆਵਾਜ਼ 'ਚ ਕਾਲਰ ਟਿਊਨ ਖੰਘ ਦੀ ਆਵਾਜ਼ ਨਾਲ ਸ਼ੁਰੂ ਹੁੰਦੀ ਸੀ ਜਿਸ ਤੋਂ ਬਾਅਦ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਨਾਲ ਸਬੰਧਤ ਇਹਤਿਆਤਾਂ ਬਾਰੇ ਦੱਸਿਆ ਜਾਂਦਾ ਸੀ।