ਕਾਠਮੰਡੂ - ਚੀਨ ਦੇ ਇਸ਼ਾਰੇ 'ਤੇ ਭਾਰਤ ਵਿਰੋਧੀ ਬਿਆਨ ਦੇਣ ਵਾਲੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਆਪਣੇ ਹੀ ਦੇਸ਼ 'ਚ ਘਿਰਦੇ ਜਾ ਰਹੇ ਹਨ। ਭਗਵਾਨ ਰਾਮ ਨੂੰ ਨੇਪਾਲ ਦਾ ਦੱਸਣ 'ਤੇ ਵਿਰੋਧੀ ਪਾਰਟੀ ਨੇਪਾਲੀ ਕਾਂਗਰਸ ਨੇ ਓਲੀ ਦੀ ਸਖ਼ਤ ਆਲੋਚਨਾ ਕੀਤੀ ਹੈ। ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਓਲੀ ਨੇ ਦੇਸ਼ 'ਤੇ ਸ਼ਾਸਨ ਕਰਨ ਲਈ ਨੈਤਿਕ ਤੇ ਰਾਜਨੀਤਕ ਆਧਾਰ ਖੋਹ ਦਿੱਤਾ ਹੈ।

ਵਿਰੋਧੀਆਂ ਨੇ ਨੇਪਾਲ ਦੀ ਐੱਨਸੀਪੀ ਦੇ ਪ੍ਰਧਾਨ ਮੰਤਰੀ ਦੀ ਟਿੱਪਣੀ 'ਤੇ ਜਵਾਬ ਮੰਗਿਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਅਯੁੱਧਿਆ ਬੀਰਗੰਜ 'ਚ ਹੈ ਤੇ ਭਗਵਾਨ ਰਾਮ ਦਾ ਜਨਮ ਨੇਪਾਲ 'ਚ ਹੋਇਆ ਸੀ। ਇਕ ਬਿਆਨ 'ਚ ਨੇਪਾਲੀ ਕਾਂਗਰਸ ਦੇ ਬੁਲਾਰੇ ਬਿਸ਼ਵੋ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਪੂਰੀ ਤਰ੍ਹਾਂ ਨਾਲ ਅਸਹਿਮਤ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਜਿਹੇ ਗੰਭੀਰ ਸਮੇਂ ਦੌਰਾਨ ਪ੍ਰਧਾਨ ਮੰਤਰੀ ਦੀਆਂ ਜ਼ਿੰਮੇਵਾਰੀਆਂ ਕੁਝ ਹੋਰ ਹਨ ਤੇ ਉਹ ਕਰ ਕੁਝ ਹੋਰ ਹੀ ਰਹੇ ਹਨ।

ਕਾਠਮੰਡੂ ਦੀ ਪੀਐੱਮ ਰਿਹਾਇਸ਼ 'ਤੇ ਸੋਮਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ 'ਚ ਓਲੀ ਨੇ ਕਿਹਾ, ' ਅਯੁੱਧਿਆ ਅਸਲ 'ਚ ਨੇਪਾਲ ਦੇ ਬੀਰਭੂਮੀ ਜ਼ਿਲ੍ਹੇ ਦੇ ਪੱੱਛਮ 'ਚ ਸਥਿਤ ਥੋਰੀ ਸ਼ਹਿਰ 'ਚ ਹੈ। ਭਾਰਤ ਦਾਅਵਾ ਕਰਦਾ ਹੈ ਕਿ ਭਗਵਾਨ ਰਾਮ ਦਾ ਜਨਮ ਉੱਥੇ ਹੋਇਆ ਸੀ। ਜਦੋਂਕਿ ਅਸਲੀਅਤ 'ਚ ਅਯੁੱਧਿਆ ਬੀਰਭੂਮੀ ਕੋਲ ਸਥਿਤ ਇਕ ਪਿੰਡ ਹੈ।

ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਓਲੀ ਨੇ ਦੇਸ਼ ਚਲਾਉਣ ਲਈ ਨੈਤਿਕ ਤੇ ਰਾਜਨੀਤਕ ਆਧਾਰ ਖੋਹ ਦਿੱਤਾ ਹੈ। ਪ੍ਰਧਾਨ ਮੰਤਰੀ ਦਾ ਬਿਆਨ ਸਰਕਾਰ ਦਾ ਅਧਿਕਾਰਤ ਵਿਚਾਰ ਹੈ ਜਾਂ ਨਹੀਂ, ਇਸ ਨੂੰ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਐੱਨਸੀਪੀ ਨੇ ਲੈਣਾ ਹੈ ਕਿ ਜਾਂ ਤਾਂ ਪੂਰੀ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਦੀ ਸੋਚ ਬਦਲੋ, ਉਸ ਦੀ ਕਾਰਜਸ਼ੈਲੀ ਬਦਲੋ ਤੇ ਜੇ ਅਜਿਹਾ ਨਹੀਂ ਹੋ ਸਕਦਾ ਤਾਂ ਪ੍ਰਧਾਨ ਮੰਤਰੀ ਹੀ ਬਦਲ ਦਿਓ।

ਜ਼ਿਕਰਯੋਗ ਹੈ ਕਿ ਓਲੀ ਪਹਿਲਾਂ ਤੋਂ ਹੀ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰ ਰਹੇ ਹਨ, ਜੋ ਉਨ੍ਹਾਂ ਦੀ ਨਿਰੰਕੁਸ਼ ਕਾਰਜਸ਼ੈਲੀ ਤੇ ਪਿਛਲੇ ਦਿਨੀਂ ਭਾਰਤ ਵਿਰੋਧੀ ਬਿਆਨ ਕਰਕੇ ਉਨ੍ਹਾਂ 'ਤੇ ਅਸਤੀਫ਼ੇ ਦਾ ਦਬਾਅ ਬਣਾ ਰਹੇ ਹਨ। ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਓਲੀ ਸੰਵਿਧਾਨ ਤੇ ਸੰਵੇਦਨਸ਼ੀਲਤਾ ਨੂੰ ਭੁੱਲ ਗਏ ਹਨ ਤੇ ਸਰਕਾਰ ਨੂੰ ਆਪਣੇ ਨਿੱਜੀ ਹਿੱਤਾਂ ਲਈ ਚਲਾ ਰਹੇ ਹਨ।

Posted By: Harjinder Sodhi