ਜੇਐੱਨਐੱਨ, ਪਿਥੌਰਾਗੜ੍ਹ : ਨੇਪਾਲ ਨੇ ਦਾਰਚੁਲਾ ਜ਼ਿਲ੍ਹੇ 'ਚ ਵੀਰਵਾਰ ਨੂੰ ਤਿੰਨ ਬਾਰਡਰ ਆਊਟ ਪੋਸਟ (ਬੀਓਪੀ) ਖੋਲ੍ਹ ਦਿੱਤੀਆਂ ਹਨ ਜਿਸ 'ਚ ਦੋ ਚੌਕੀਆਂ ਦਾ ਡੀਆਈਜੀ ਨੇ ਮੌਕੇ 'ਤੇ ਪੁੱਜ ਕੇ ਇਕ ਚੌਕੀ ਦਾ ਆਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ। ਇਕ ਬੀਓਪੀ 'ਚ ਇਕ ਏਐੱਸਆਈ, ਚਾਰ ਹੌਲਦਾਰ ਸਮੇਤ 25 ਜਵਾਨ ਤਾਇਨਾਤ ਰਹਿਣਗੇ। ਭਾਰਤ ਦੀ ਸਰਹੱਦ 'ਤੇ ਲੱਗਦੇ ਨੇਪਾਲ ਦੇ ਦਾਰਚੁਲਾ ਜ਼ਿਲ੍ਹੇ 'ਚ ਹੁਣ ਚਾਰ ਬੀਓਪੀ ਬਣ ਚੁੱਕੀਆਂ ਹਨ।

ਵੀਰਵਾਰ ਨੂੰ ਲੋਕਮ ਪਿੰਡ ਤੇ ਮਲਿਕਾਅਰਜੁਨ ਪਿੰਡ 'ਚ ਨੇਪਾਲ ਹਥਿਆਰਬੰਦ ਬਲ ਤੇ ਡੀਆਈਜੀ ਹਰਿਸ਼ੰਕਰ ਬੂੜਾਥੌਕੀ ਨੇ ਖ਼ੁਦ ਪੁੱਜ ਕੇ ਬੀਓਪੀ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਦੁਰਲਿੰਗ ਚੌਕੀ ਦਾ ਆਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ ਗਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਹਥਿਆਰਬੰਦ ਬਲ ਦੀ 50ਵੀਂ ਬਟਾਲੀਅਨ ਦੇ ਦਾਰਚੁਲਾ ਪ੍ਰਮੁੱਖ ਡੰਬਰ ਬਹਾਦਰ ਬਿਸ਼ਟ ਵੀ ਮੌਜੂਦ ਸਨ। ਡੀਆਈਜੀ ਬੂੜਾਥੌਕੀ ਨੇ ਜਵਾਨਾਂ ਨੂੰ ਸਰਹੱਦ 'ਤੇ ਮੁਸਤੈਦ ਰਹਿਣ, ਨਾਜਾਇਜ਼ ਆਵਾਜਾਈ ਤੇ ਸਮੱਗਲਿੰਗ ਰੋਕਣ ਦੇ ਨਿਰਦੇਸ਼ ਦਿੱਤੇ। ਯਾਦ ਰਹੇ ਕਿ ਨੇਪਾਲ ਦੀ ਪਿਥੌਰਾਗੜ੍ਹ ਜ਼ਿਲ੍ਹੇ ਨਾਲ 186 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ ਜਿਸ 'ਚ ਨੇਪਾਲ ਦੇ ਦਾਰਚੁਲਾ ਜ਼ਿਲ੍ਹੇ ਦੀ 125 ਕਿਲੋਮੀਟਰ ਤੇ ਬੈਤੜੀ ਜ਼ਿਲ੍ਹੇ ਦੀ 61 ਕਿਲੋਮੀਟਰ ਲੰਬੀ ਸਰਹੱਦ ਹੈ।