ਪਟਨਾ: ਬਿਹਾਰ ਦੇ ਗਯਾ 'ਚ ਨਕਸਲੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਜਦਯੂ ਵਿਧਾਨ ਕੌਂਸਲਰ ਅਣੁਜ ਕੁਮਾਰ ਸਿੰਘ ਦੇ ਘਰ ਨੂੰ ਡਾਇਨਾਮਾਈਟ ਲਗਾ ਕੇ ਉਡਾ ਦਿੱਤਾ ਹੈ। ਸਾਬਕਾ ਐੱਮਐੱਲਸੀ ਦਾ ਪਰਿਵਾਰ ਲੰਮੇ ਸਮੇਂ ਤੋਂ ਨਕਸਲੀਆਂ ਦੇ ਨਿਸ਼ਾਨੇ 'ਤੇ ਹੈ। ਘਟਨਾ ਸਥਾਨ 'ਤੇ ਨਕਸਲਵਾਦੀਆਂ ਨੇ ਲੋਕ ਸਭਾ ਚੋਣ ਦੇ ਬਾਇਕਾਟ ਸਬੰਧੀ ਪਰਚੇ ਵੀ ਛੱਡੇ ਹਨ।

ਜਾਣਕਾਰੀ ਅਨੁਸਾਰ ਪ੍ਰਤੀਬੰਧਿਤ ਨਕਸਲੀ ਸੰਗਠਨ ਮਾਓਵਾਦੀ ਦੇ ਜੱਥੇ ਦੇ ਨੇ ਕੱਲ੍ਹ ਦੇਰ ਰਾਤ ਭਾਜਪਾ ਆਗੂ ਅਣੁਜ ਕੁਮਾਰ ਸਿੰਘ ਦੇ ਚਾਚੇ ਦੇ ਲੜਕੇ ਦੇ ਘਰ ਨੂੰ ਡਾਇਨਾਮਾਈਟ ਨਾਲ ਉਡਾ ਦਿੱਤਾ ਹੈ। ਘਟਨਾ ਦੇ ਪਹਿਲਾਂ ਨਕਸਲੀਆਂ ਨੇ ਭਾਜਪਾ ਆਗੂ ਦੇ ਭਰਾ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ। ਹਮਲੇ 'ਚ ਕਿਸੇ ਦੀ ਵੀ ਮੌਤ ਦੀ ਕੋਈ ਸੂਚਨਾ ਨਹੀਂ ਹੈ।

ਨਕਸਲੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਥੇ ਛੱਡੇ ਆਪਣੇ ਪਰਚੇ 'ਚ ਸਿਆਸੀਆਂ 'ਤੇ ਲੋਕਾਂ ਦੇ ਮੁੱਦਿਆਂ 'ਤੇ ਲਾਪਰਵਾਹੀ ਦੇ ਦੋਸ਼ ਲਾਉਂਦੇ ਹੋਏ ਚੋਣਾਂ ਦਾ ਬਾਇਕਾਟ ਕਰਨ ਲਈ ਕਿਹਾ ਹੈ।

ਭਾਜਪਾ ਆਗੂ ਅਣੁਜ ਕੁਮਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕਾਫੀ ਦਿਨਾਂ ਤੋਂ ਨਕਸਲੀਆਂ ਦੇ ਨਿਸ਼ਾਨੇ 'ਤੇ ਹੈ। ਗੌਰਤਲਬ ਹੈ ਕਿ ਅਣੁਜ ਗਯਾ ਸਥਿਤ ਘਰ 'ਚ ਰਹਿੰਦੇ ਹਨ ਤੇ ਆਪਣੇ ਰਿਸ਼ਤੇਦਾਰ ਦੇ ਘਰ ਵੀ ਆਉਂਦੇ-ਜਾਂਦੇ ਹਨ। ਘਟਨਾ ਦੀ ਸੂਚਨਾ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Posted By: Jaskamal