ਸਟੇਟ ਬਿਊਰੋ, ਚੰਡੀਗੜ੍ਹ : ਆਪਣੇ ਨਵੇਂ ਵਿਭਾਗ ਦੀ ਜ਼ਿੰਮੇਵਾਰੀ ਨਾ ਸੰਭਾਲਣ ਵਾਲੇ ਸਾਬਕਾ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਕਰੀਬੀਆਂ ਦੀ ਪਰੇਸ਼ਾਨੀ ਵਧਣ ਜਾ ਰਹੀ ਹੈ। ਵਿਜੀਲੈਂਸ ਵਿਭਾਗ ਨੇ ਉਨ੍ਹਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜ਼ੀਰਕਪੁਰ ਨਗਰ ਕੌਂਸਲ ਨਾਲ ਜੁੜੇ ਕੁਝ ਮਹੱਤਵਪੂਰਨ ਪ੍ਰਾਜੈਕਟਾਂ ਦੀ ਅਲਾਟਮੈਂਟ 'ਚ ਘੋਰ ਬੇਨਿਯਮੀਆਂ ਦੀ ਸ਼ਿਕਾਇਤ ਹੈ।

ਬਿਊਰੋ ਇਸ ਵਿਚ ਸਿੱਧੂ ਦੇ ਓਐੱਸਡੀ ਬੰਨੀ ਸੰਧੂ ਦੀ ਭੂਮਿਕਾ ਦੀ ਜਾਂਚ ਕਰ ਰਿਹਾ ਹੈ। ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਜ਼ੀਰਕਪੁਰ ਨਗਰ ਕੌਂਸਲ ਦੇ ਦਫ਼ਤਰ 'ਚ ਛਾਪੇਮਾਰੀ ਕੀਤੀ ਸੀ। ਬਿਊਰੋ ਦੇ ਏਆਈਜੀ ਆਸ਼ੀਸ਼ ਕਪੂਰ ਨੇ ਜ਼ੀਰਕਪੁਰ ਨਗਰ ਕੌਂਸਲ ਦੇ ਦਫ਼ਤਰ 'ਚ ਈਓ ਗਿਰੀਸ਼ ਵਰਮਾ ਦੇ ਮੋਬਾਈਲ ਫੋਨ ਤੋਂ ਕੁਝ ਅਜਿਹੇ ਮੈਸੇਜ ਹਾਸਲ ਕੀਤੇ ਹਨ ਜੋ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੇ ਗਏ ਸਨ।

ਬਿਊਰੋ ਵਰਮਾ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਮੈਸੇਜ ਕਿਸ ਨੇ ਤੇ ਕਿਉਂ ਕੀਤੇ ਹਨ। ਬਿਊਰੋ ਨੇ ਕੁਝ ਪ੍ਰਾਜੈਕਟਾਂ ਦੀ ਫਾਈਲ ਕਬਜ਼ੇ ਵਿਚ ਲਈ ਹੈ ਤੇ ਉਨ੍ਹਾਂ ਦੀ ਮਾਹਿਰਾਂ ਵੱਲੋਂ ਪੜਤਾਲ ਚੱਲ ਰਹੀ ਹੈ। ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਅਧਿਕਾਰੀ ਫਾਈਲਾਂ ਦੀ ਪੜਤਾਲ ਵਿਚ ਲੱਗੇ ਰਹੇ।ਵਿਭਾਗੀ ਸੂਤਰਾਂ ਮੁਤਾਬਕ ਜ਼ੀਰਕਪੁਰ ਨਗਰ ਕੌਂਸਲ ਦੇ ਈਓ ਗਿਰੀਸ਼ ਵਰਮਾ ਮਨਮਰਜ਼ੀ ਨਾ ਕੰਮ ਕਰ ਰਹੇ ਸਨ।

ਸਿਵਲ ਕਾਰਜਾਂ ਦੀ ਅਲਾਟਮੈਂਟ ਆਪਣੀ ਮਨਮਰਜ਼ੀ ਕਰ ਰਹੇ ਸਨ। ਕੁਝ ਕੌਂਸਲਰਾਂ ਨੇ ਵੀ ਬਿਊਰੋ ਦੇ ਅਧਿਕਾਰੀਆਂ ਨੂੰ ਕਈ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਹਨ। ਛਾਪੇ ਦੌਰਾਨ ਏਆਈਜੀ ਆਸ਼ੀਸ਼ ਕਪੂਰ ਨੇ ਈਓ ਵਰਮਾ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਤੇ ਇਸ ਤੋਂ ਬਾਅਦ ਕੌਂਸਲ ਦੇ ਕੁਝ ਮਹੱਤਵਪੂਰਨ ਦਸਤਾਵੇਜ਼ ਆਪਣੇ ਨਾਲ ਲੈ ਗਏ। ਪਤਾ ਲੱਗਾ ਹੈ ਕਿ ਸਿੱਧੂ ਦਾ ਨਿੱਜੀ ਸਟਾਫ ਨਗਰ ਕੌਂਸਲਾਂ, ਇੱਥੋਂ ਤਕ ਕਿ ਸਥਾਨਕ ਸਰਕਾਰਾਂ ਵਿਭਾਗ 'ਚ ਅਧਿਕਾਰੀਆਂ ਤੇ ਕਲਰਕਾਂ ਦੀ ਤਾਇਨਾਤੀ 'ਚ ਪੂਰਾ ਦਖ਼ਲ ਰੱਖਦਾ ਸੀ।

ਠੇਕੇਦਾਰਾਂ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ

ਮੰਨਿਆ ਜਾ ਰਿਹਾ ਹੈ ਕਿ ਇਕ-ਦੋ ਦਿਨਾਂ 'ਚ ਵਿਜੀਲੈਂਸ ਬਿਊਰੋ ਅਜਿਹੇ ਠੇਕੇਦਾਰਾਂ ਤੋਂ ਵੀ ਪੁੱਛਗਿੱਛ ਕਰ ਸਕਦਾ ਹੈ ਜੋ ਸਿੱਧੂ ਰਦੀ ਪਤਨੀ ਡਾ. ਨਵਜੋਤ ਕੌਰ ਦੇ ਕਾਫ਼ੀ ਕਰੀਬੀ ਹਨ। ਏਆਈਜੀ ਆਸ਼ੀਸ਼ ਕਪੂਰ ਏਨਾ ਹੀ ਕਹਿੰਦੇ ਹਨ ਕਿ ਅਜੇ ਜਾਂਚ ਚੱਲ ਰਹੀ ਹੈ।