ਜਾਗਰਣ ਬਿਊਰੋ, ਨਵੀਂ ਦਿੱਲੀ : ਚੋਣਾਂ ਦੀ ਵੱਧਦੀ ਸਰਗਰਮੀ ਵਿਚਾਲੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦਾ ਆਪਣੀ ਸਰਕਾਰ ਤੇ ਮੁੱਖ ਮੰਤਰੀ ’ਤੇ ਨਿਸ਼ਾਨਾ ਲਾਉਣਾ ਪਾਰਟੀ ਹਾਈ ਕਮਾਨ ਨੂੰ ਬੇਚੈਨ ਕਰ ਰਿਹਾ ਹੈ। ਨਵਜੋਤ ਸਿੱਧੂ ਪਾਰਟੀ ਦੇ ਸੀਨੀਅਰ ਆਗੂਆਂ ਦੀਆਂ ਸਲਾਹਾਂ ਤੇ ਫ਼ੈਸਲਿਆਂ ਦੀ ਬਜਾਏ ਖੁੱਲ੍ਹੇ ਤੌਰ ’ਤੇ ਮੁੱਖ ਮੰਤਰੀ ’ਤੇ ਸਿਆਸੀ ਵਾਰ ਕਰ ਰਹੇ ਹਨ। ਉਨ੍ਹਾਂ ਦਾ ਅਜਿਹਾ ਹਰ ਕਦਮ ਕਾਂਗਰਸੀ ਦੀ ਚੋਣਾਵੀ ਚੁਣੌਤੀ ਨੂੰ ਵਧਾਉਂਦਾ ਜਾ ਰਿਹਾ ਹੈ। ਹਾਲਾਂਕਿ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਤੋਂ ਨਾਤਾ ਤੋੜਨ ਕਾਰਨ ਚੋਣਾਂ ਤੋਂ ਪਹਿਲਾਂ ਪਾਰਟੀ ਲੀਡਰਸ਼ਿਪ, ਸਿੱਧੂ ਦੇ ਤੇਵਰਾਂ ’ਤੇ ਜਵਾਬੀ ਹਮਲੇ ਕਰਨ ਤੋਂ ਪਰਹੇਜ਼ ਕਰ ਰਿਹਾ ਹੈ।

ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸੂਬਾ ਸਰਕਾਰ ਦੇ ਲੋਕ-ਪੱਖੀ ਫੈਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਚੰਨੀ ’ਤੇ ਨਿਸ਼ਾਨਾ ਲਾਉਂਦਿਆਂ ਸਿੱਧੂ ਦੇ ਬਿਆਨਾਂ ਦੀ ਹਲਚਲ ਕੁਲ ਹਿੰਦ ਕਾਂਗਰਸ ਕਮੇਟੀ ਦੇ ਗਲਿਆਰਿਆਂ ਵਿਚ ਸੁਣ ਰਹੀ ਹੈ। ਪਾਰਟੀ ਸੂਤਰਾਂ ਨੇ ਕਿਹਾ ਹੈ ਕਿ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਨੇ ਸਿੱਧੂ ’ਤੇ ਯਕੀਨ ਕੀਤਾ ਹੈ। ਉਨ੍ਹਾਂ ਦੀ ਹਰ ਤਕਲੀਫ਼ ਦਾ ਹੱਲ ਕੀਤਾ ਹੈ ਪਰ ਉਹ ਚੋਣਾਂ ਦੇ ਨਾਜ਼ੁਕ ਮੌਕੇ ’ਤੇ ਪ੍ਰਪੱਕ ਵਤੀਰਾ ਨਹੀਂ ਕਰ ਰਹੇ ਹਨ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪਿ੍ਰਅੰਕਾ ਵਾਡਰਾ ਨਾਲ ਸਿੱਧੇ ਤੌਰ ’ਤੇ ਸਿੱਧੂ ਦੀ ਗੱਲਬਾਤ ਹੁੰਦੀ ਰਹੀ ਹੈ। ਸਿੱਧੂ ਨੇ ਪੰਜਾਬ ਵਿਚ ਪਾਰਟੀ ਨੂੰ ਜਿਤਾਉਣ ਲਈ ਜ਼ੋਰ ਲਾਉਣ ਦਾ ਵਾਅਦਾ ਕੀਤਾ ਸੀ। ਦੂਜੇ ਪਾਸੇ ਸੋਮਵਾਰ ਨੂੰ ਜਿਵੇਂ ਸਿੱਧੂ ਨੇ ਮੁੱਖ ਮੰਤਰੀ ਚੰਨੀ ਦੇ ਫ਼ੈਸਲਿਆਂ ’ਤੇ ਸਵਾਲ ਕੀਤੇ ਹਨ, ਨੂੁੰ ਹਾਈ ਕਮਾਨ ਨੇ ਪਸੰਦ ਨਹੀਂ ਕੀਤਾ ਹੈ।

ਪਾਰਟੀ ਸੂਤਰਾਂ ਦੀ ਮੰਨੀਏ ਤਾਂ ਸੂਬਾ ਸਰਕਾਰ ਤੇ ਸੂਬਾ ਕਾਂਗਰਸ ਵਿਚਾਲੇ ਤਾਲਮੇਲ ਤੇ ਏਕੇ ਦੀ ਜਵਾਬਦੇਹੀ ਪੰਜਾਬ ਇਕਾਈ ਦੇ ਪ੍ਰਧਾਨ ਹੋਣ ਕਾਰਨ ਸਿੱਧੂ ਦੀ ਜ਼ਿਆਦਾ ਹੈ।

ਦਰਅਸਲ, ਅਗਲੇ 3 ਮਹੀਨਿਆਂ ਵਿਚ ਚੋਣਾਂ ਦਾ ਬਿਗਲ ਵੱਜ ਜਾਣਾ ਹੈ। ਦੂਜੇ ਪਾਸੇ ਸਿੱਧੂ, ਪਾਰਟੀ ਦੇ ਹਿੱਤ ਨੂੰ ਸਰਬੋਤਮ ਰੱਖਣ ਦੀ ਬਜਾਏ ਆਪਣੀ ਸਿਆਸਤ ਨੂੰ ਤਰਜੀਹ ਦੇ ਰਹੇ ਹਨ। ਪਾਰਟੀ ਦਾ ਇਕ ਸੀਨੀਅਰ ਆਗੂ ਦੱਸਦਾ ਹੈ ਕਿ ਸਿੱਧੂ ਨੂੰ ਪਤਾ ਹੈ ਕਿ ਕੈਪਟਨ ਦੇ ਪਾਰਟੀ ਵਿੱਚੋਂ ਜਾਣ ਕਾਰਨ ਖਾਲੀਪਣ ਹੈ। ਪਾਰਟੀ ਲੀਡਰਸ਼ਿਪ, ਸਿੱਧੂ ਨੂੰ ਲਾਂਭੇ ਕਰਨ ਦੀ ਸਥਿਤ ਵਿਚ ਨਹੀਂ ਹੈ ਜਦਕਿ ਸਿੱਧੂ ਹਾਲਾਤ ਦਾ ਫ਼ਾਇਦਾ ਲੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਲੀਡਰਸ਼ਿਪ ਸਿੱਧੂ ਦੇ ਇਸ ਰੁਖ਼ ਕਾਰਨ ਹੀ ਮੁੱਖ ਮੰਤਰੀ ਚੰਨੀ ਨਾਲ ਲਗਾਤਾਰ ਸੰਵਾਦ ਕਰ ਕੇ ਯਕੀਨੀ ਬਣਾਉਣ ਦੇ ਯਤਨ ਕਰ ਰਹੀ ਹੈ ਕਿ ਸੂਬੇ ਵਿਚ ਪਾਰਟੀ ਦੀ ਚੋਣ ਰਣਨੀਤੀ ਉੱਖੜ ਨਾ ਸਕੇ। ਲੀਡਰਸ਼ਿਪ ਹੁਣ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਰਾਹੀਂ ਸਿੱਧੂ ਦੇ ਤੇਵਰਾਂ ਨੂੰ ਨਰਮ ਕਰਨ ਦੇ ਯਤਨ ਕਰ ਰਹੇ ਦੱਸੇ ਗਏ ਹਨ।

Posted By: Jagjit Singh