ਜਾਗਰਣ ਟੀਮ, ਨਵੀਂ ਦਿੱਲੀ : ਉੱਤਰ ਭਾਰਤ ’ਚ ਅਚਾਨਕ ਬਦਲੇ ਮੌਸਮ ਦੇ ਤੇਵਰਾਂ ਨਾਲ ਕਿਸਾਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਹੈ। ਕਿਉਂਕਿ ਮੀਂਹ ਅਤੇ ਗੜੇਮਾਰੀ ਕਾਰਨ ਜਿੱਥੇ ਕਈ ਰਾਜਾਂ ਵਿਚ ਖੇਤਾਂ ’ਚ ਖੜ੍ਹੀ ਫਸਲ ਵਿਛ ਗਈ ਹੈ, ਉਥੇ ਕਈ ਜਗ੍ਹਾ ਵੱਢ ਕੇ ਰੱਖੀ ਹੋਈ ਫਸਲ ਨੂੰ ਵੀ ਨੁਕਸਾਨ ਪੁੱਜਾ ਹੈ। ਇਸ ਨਾਲ ਕਿਸਾਨਾਂ ਦੀ ਪਰੇਸ਼ਾਨੀ ਵਧਣੀ ਤੈਅ ਹੈ। ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿਚ ਇੰਨੀ ਗੜਮੇਰੀ ਹੋਈ ਕਿ ਸੜਕ ’ਤੇ ਬਰਫ ਦੀ ਚਾਦਰ ਵਿਛ ਗਈ। ਉਥੇ ਬਿਹਾਰ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਸ਼ਨਿਚਰਵਾਰ ਨੂੰ ਗੜੇਮਾਰੀ ਤਾਂ ਨਹੀਂ ਹੋਈ ਪਰ ਮੀਂਹ ਨੂੰ ਦੇਖਦੇ ਹੋਏ ਆਰੇਂਜ ਅਲਰਟ ਹਾਲੇ ਵੀ ਜਾਰੀ ਹਨ। ਉਥੇ ਮੱਧ ਪ੍ਰਦੇਸ਼ ’ਚ ਵੱਢੀ ਹੋਈ ਫਸਲ ਦੇ ਨਾਲ ਛੋਲੇ, ਕਣਕ, ਕੇਲਾ, ਮੱਕਾ ਸਮੇਤ ਹੋਰਨਾਂ ਫਸਲਾਂ ਨੂੰ ਵੀ ਨੁਕਸਾਨ ਪੁੱਜਾ ਹੈ।
ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਬੀਤੇ 24 ਘੰਟਿਆਂ ਦੌਰਾਨ ਤੇਜ਼ ਮੀਂਹ ਤੇ ਬੂੰਦਾਬਾਂਦੀ ਦੌਰਾਨ ਕਿਤੇ-ਕਿਤੇ ਗੜੇ ਵੀ ਡਿੱਗੇ। ਲਖਨਊ ਸਮੇਤ ਅਮੇਠੀ, ਅੰਬੇਡਕਰਨਗਰ, ਬਾਰਾਬੰਕੀ, ਅਯੁੱਧਿਆ, ਸੀਤਾਪੁਰ ਅਤੇ ਲਖੀਮਪੁਰ ਸਮੇਤ ਕਈ ਜ਼ਿਲ੍ਹਿਆਂ ਵਿਚ ਦੁਪਹਿਰ ਬਾਅਦ ਹਵਾ ਦੇ ਝੋਕਿਆਂ ਨਾਲ ਬੂੰਦਾਬਾਂਦੀ ਸ਼ੁਰੂ ਹੋ ਗਈ। ਮੱਧ ਪ੍ਰਦੇਸ਼ ’ਚ ਸ਼ਨਿਚਰਵਾਰ ਨੂੰ ਭੋਪਾਲ ਤੇ ਜੱਬਲਪੁਰ ਡਵੀਜ਼ਨ ਦੇ ਕੁਝ ਖੇਤਰਾਂ ਵਿਚ ਤੇਜ਼ ਮੀਂਹ ਦੇ ਨਾਲ ਬੂੰਦਾਬਾਂਦੀ ਦਾ ਦੌਰ ਵੀ ਜਾਰੀ ਰਿਹਾ। ਤੇਜ਼ ਰਫਤਾਰ ਨਾਲ ਚੱਲੀਆਂ ਹਵਾਵਾਂ ਚੱਲੀਆਂ। ਕਈ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹੇ। ਹਨੇਰੀ, ਮੀਂਹ ਤੇ ਗੜੇਮਾਰੀ ਨਾਲ ਫਸਲਾਂ ਨੂੰ ਨੁਕਸਾਨ ਹੋਇਆ ਹੈ।
ਉੱਤਰ ਪ੍ਰਦੇਸ਼ ’ਚ ਸੱਤ ਦੀ ਮੌਤ
ਸੋਨਭੱਦਰ ’ਚ ਅੱਧੇ ਘੰਟੇ ਦੇ ਮੀਂਹ ਨਾਲ ਬੈਤਰਾ ਨਾਲੇ ਵਿਚ ਅਚਾਨਕ ਪਾਣੀ ਵਧ ਗਿਆ ਅਤੇ ਇਸ ਦੇ ਤੇਜ਼ ਪ੍ਰਵਾਹ ਨਾ ਪੰਜ ਜ਼ਿੰਦਗੀਆਂ ਨਿਗਲ ਲਈਆਂ। ਸ਼ਨਿਚਰਵਾਰ ਸਵੇਰੇ ਤਿੰਨ ਔਰਤਾਂ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਘਟਨਾ ਸਥਾਨ ਤੋਂ ਚਾਰ ਕਿਲੋਮੀਟਰ ਦੂਰੋਂ ਬਰਾਮਦ ਹੋਈਆਂ। ਇਕ ਔਰਤ ਦੀ ਭਾਲ ਜਾਰੀ ਹੈ। ਰਾਮਪੁਰ ਬਰਕੋਨੀਆ ’ਚ ਵੀ ਬਜ਼ੁਰਗ ਔਰਤ ਦੀ ਮੌਤ ਹੋ ਗਈ। ਅਸਮਾਨੀ ਬਿਜਲੀ ਡਿੱਗਣ ਕਾਰਨ ਸਹਾਰਨਪੁਰ ਦੇ ਦੇਵਬੰਦ ’ਚ ਇਕ ਵਿਅਕਤੀ ਦੀ ਮੌਤ ਹੋ ਗਈ।
Posted By: Jagjit Singh