ਜੇਐੱਨਐੱਨ, ਰਿਕਾਂਗਪਿਓ: ਹਿਮਾਚਲ ਦੇ ਕਿੰਨੌਰ ਜ਼ਿਲ੍ਹੇ ਦੀ ਸਾਂਗਲੀ ਛਿਤਕੁਲ ਸੜਕ ’ਤੇ ਬਟਸੇਰੀ ਕੋਲ ਚੱਟਾਨਾਂ ਖਿਸਕਣ ਤੇ ਢਿੱਗਾਂ ਡਿੱਗਣ ਕਾਰਨ ਵਾਪਰੇ ਹਾਦਸੇ ’ਚ ਨੌਂ ਸੈਲਾਨੀਆਂ ਦੀ ਮੌਤ ਹੋ ਗਈ। ਹਾਦਸੇ ’ਚ ਤਿੰਨ ਲੋਕ ਜ਼ਖ਼ਮੀ ਵੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਪਿੱਛੋਂ ਛੁੱਟੀ ਦੇ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਡਾ ਤੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਤਵਾਰ ਦੁਪਹਿਰੇ ਕਰੀਬ ਇਕ ਵਜੇ ਸੈਲਾਨੀਆਂ ਦਾ ਵਾਹਨ ਪਹਾੜੀ ਤੋਂ ਡਿੱਗੇ ਪੱਥਰਾਂ ਤੇ ਮਲਬੇ ਦੀ ਲਪੇਟ ਵਿਚ ਆ ਗਿਆ। ਮਰਨ ਵਾਲਿਆਂ ’ਚ ਚਾਰ ਔਰਤਾਂ ਤੇ ਪੰਜ ਪੁਰਸ਼ ਸ਼ਾਮਲ ਹਨ। ਵਾਹਨ ਵਿਚ 11 ਲੋਕ ਸਵਾਰ ਸਨ ਜਦਕਿ ਇਕ ਸਥਾਨਕ ਵਿਅਕਤੀ ਵੀ ਸੜਕ ਤੋਂ ਲੰਘਣ ਦੌਰਾਨ ਜ਼ਖ਼ਮੀ ਹੋ ਗਿਆ। ਪੱਥਰ ਡਿੱਗਣ ਕਾਰਨ ਬਾਸਪਾ ਨਦੀ ’ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਲੋਹੇ ਦਾ ਪੁਲ਼ ਵੀ ਟੁੱਟ ਗਿਆ। ਜ਼ਖ਼ਮੀਆਂ ਨੂੰ ਸਾਂਗਲਾ ਦੇ ਕਮਿਊਨਿਟੀ ਸਿਹਤ ਕੇਂਦਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਜਿੱਥੋਂ ਦੇਰ ਸ਼ਾਮ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।

ਘਟਨਾ ਸਥਾਨ ਤੋਂ ਦੂਜੇ ਪਾਸੇ ਖੜ੍ਹੇ ਲੋਕਾਂ ਨੇ ਪਹਾੜੀ ਤੋਂ ਪੱਥਰ ਡਿੱਗਦਿਆਂ ਦੇਖ ਸੜਕ ਤੋਂ ਨਿਕਲ ਰਹੇ ਲੋਕਾਂ ਨੂੰ ਜ਼ੋਰ-ਜ਼ੋਰ ਨਾਲ ਚੀਕ ਕੇ ਭੱਜਣ ਲਈ ਕਿਹਾ। ਯਾਤਰੀ ਵਾਹਨ ਦੇ ਡਰਾਈਵਰ ਨੂੰ ਇਸ ਦਾ ਪਤਾ ਨਹੀਂ ਲੱਗ ਸਕਿਆ। ਪਹਾੜੀ ਤੋਂ ਜਦੋਂ ਪੱਥਰ ਹੇਠਾਂ ਡਿੱਗਣ ਲੱਗੇ ਤਾਂ ਕਿਸੇ ਨੂੰ ਵੀ ਬਚਾਅ ਦਾ ਮੌਕਾ ਨਹੀਂ ਮਿਲਿਆ। ਮਲਬੇ ਕਾਰਨ ਯਾਤਰੀ ਵਾਹਨ ਸੜਕ ਤੋਂ ਤਕਰੀਬਨ 500 ਮੀਟ ਹੇਠਾਂ ਬੁਰੀ ਤਰ੍ਹਾਂ ਨੁਕਸਾਨੇ ਜਾਣ ਪਿੱਛੋਂ ਸੜਕ ਤਕ ਪੁੱਜ ਗਿਆ। ਪੰਜ ਸੈਲਾਨੀਆਂ ਦੀਆਂ ਲਾਸ਼ਾਂ ਵਾਹਨ ਦੇ ਅੰਦਰ ਤੇ ਆਸਪਾਸ ਹੀ ਸਨ ਪਰ ਚਾਰ ਲੋਕਾਂ ਦੀਆਂ ਲਾਸ਼ਾਂ ਪਹਾੜੀ ਤੋਂ ਹੇਠਾਂ ਖਿਸਕ ਗਈਆਂ ਜਿਨ੍ਹਾਂ ਨੂੰ ਲੱਭਣ ਲਈ ਕਾਫ਼ੀ ਮਿਹਨਤ ਕਰਨੀ ਪਈ। ਹਾਦਸੇ ਦੀ ਸੂਚਨਾ ਮਿਲਦਿਆਂ ਦੀ ਕਿੰਨੌਰ ਦੇ ਵਿਧਾਇਕ ਜਗਤ ਸਿੰਘ ਨੇਗੀ, ਡਿਪਟੀ ਕਮਿਸ਼ਨਰ ਆਬਿਦ ਹੁਸੈਨ, ਐੱਸਪੀ ਐੱਸਆਰ ਰਾਣਾ, ਸਾਂਗਲਾ ਤੇ ਰਿਕਾਂਗਪਿਓ ਥਾਣੇ ਤੋਂ ਪੁਲਿਸ ਟੀਮਾਂ ਤੇ ਆਈਟੀਬੀਪੀ ਤੇ ਬਚਾਅ ਦਲ ਦੀ ਟੀਮ ਨਾਲ ਮੌਕੇ ’ਤੇ ਪੁੱਜ ਗਏ ਸਨ। ਡੀਸੀ ਨੇ ਦੱਸਿਆ ਕਿ ਮਰਨ ਵਾਲਿਆਂ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸ਼ਨਿਚਰਾਰ ਨੂੰ ਵੀ ਖਿਸਕੀਆਂ ਸਨ ਚੱਟਾਨਾਂ

ਬਟਸੇਰੀ ਵਿਚ ਸ਼ਨਿਚਰਵਾਰ ਤੋਂ ਹੀ ਚੱਟਾਨਾਂ ਖਿਸਕ ਰਹੀਆਂ ਹਨ। ਸ਼ਨਿਚਰਵਾਰ ਨੂੰ ਇਸ ਕਾਰਨ ਇਕ ਵਾਹਨ ਨੂੰ ਨੁਕਸਾਨ ਪੁੱਜਾ ਸੀ ਹਾਲਾਂਕਿ ਇਸ ਹਾਦਸੇ ਵਿਚ ਸੈਲਾਨੀ ਵਾਲ-ਵਾਲ ਬਚ ਗਏ ਸਨ।

ਰਧਾਨ ਮੰਤਰੀ ਤੇ ਜੇਪੀ ਨੱਡਾ ਨੇ ਪ੍ਰਗਟਾਇਆ ਅਫ਼ਸੋਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਕਿੰਨੌਰ ਹਾਦਸੇ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿਚ ਚੱਟਾਨਾਂ ਡਿੱਗਣ ਨਾਲ ਹੋਇਆ ਹਾਦਸਾ ਅਤਿਅੰਤ ਦੁੱਖਦਾਈ ਹੈ। ਇਸ ਵਿਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰ ਵਾਲਿਆਂ ਪ੍ਰਤੀ ਮੈਂ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ। ਮੈਂ ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਉਧਰ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਕਿੰਨੌਰ ਵਿਚ ਵਾਪਰਿਆ ਹਾਦਸਾ ਅਤਿਅੰਤ ਦੁੱਖਦਾਈ ਹੈ। ਉਨ੍ਹਾਂ ਦੁਖੀ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਦੂਜੇ ਪਾਸੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਕਿੰਨੌਰ ਦੇ ਬਟਸੇਰੀ ਵਿਚ ਵਾਪਰੇ ਹਾਦਸੇ ਵਿਚ ਸੈਲਾਨੀਆਂ ਦੀ ਮੌਤ ਤੇ ਜ਼ਖ਼ਮੀ ਹੋਣ ਦੀ ਖ਼ਬਰ ਅਤਿਅੰਤ ਦੁੱਖਦਾਇਕ ਹੈ। ਪ੍ਰਮਾਤਮਾ ਵਿਛੜੀਆਂ ਆਤਮਾਵਾਂ ਨੂੰ ਸ਼ਾਂਤੀ ਪ੍ਰਦਾਨ ਕਰੇ ਤੇ ਦੁਖੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਇਨ੍ਹਾਂ ਦੀ ਗਈ ਜਾਨ

-ਪ੍ਰਤੀਕਸ਼ਾ, ਨਿਵਾਸੀ ਨਾਗਪੁਰ (ਮਹਾਰਾਸ਼ਟਰ)

-ਦੀਪਾ ਸ਼ਰਮਾ, ਨਿਵਾਸੀ ਜੈਪੁਰ (ਰਾਜਸਥਾਨ)

-ਅਮੋਘ ਬਾਪਟ, ਨਿਵਾਸੀ ਕੋਰਬਾ ਦਾਰੀ (ਛੱਤੀਸਗੜ੍ਹ)

-ਸਤੀਸ਼ ਖਤਾਕਬਾਰ, ਨਿਵਾਸੀ ਛੱਤੀਸਗੜ੍ਹ

-ਉਮਰਾਓ ਸਿੰਘ (ਡਰਾਈਵਰ), ਨਿਵਾਸੀ ਟੈਗੋਰ ਗਾਰਡਨ, ਦਿੱਲੀ

-ਕੁਮਾਰ ਉਲਹਾਸ

-ਅਨੁਰਾਗ ਬਿਆਨੀ, ਨਿਵਾਸੀ ਪਾਰਸ਼ਰਥ ਮਾਰਗ, ਬਜਾਜ ਰੋਡ , ਰਾਜਸਥਾਨ

-ਮਾਇਆ ਦੇਵੀ ਬਿਆਨੀ, ਨਿਵਾਸੀ ਪਾਰਸ਼ਰਥ ਮਾਰਗ ਬਜਾਜ ਰੋਡ, ਰਾਜਸਥਾਨ

-ਰਿਚਾ ਬਿਆਨੀ, ਨਿਵਾਸੀ ਪਾਰਸ਼ਰਥ ਮਾਰਗ ਬਜਾਜ ਰੋਡ, ਰਾਜਸਥਾਨ

ਇਹ ਹੋਏ ਜ਼ਖ਼ਮੀ

-ਸ਼ਿਰਿਲ ਓਬਰਾਏ, ਨਿਵਾਸੀ ਰਮੇਸ਼ ਨਗਰ, ਦਿੱਲੀ

-ਨਵੀਨ ਭਾਰਦਵਾਜ, ਨਿਵਾਸੀ ਮੋਹਾਲੀ, ਪੰਜਾਬ

-ਰਣਜੀਤ ਸਿੰਘ, ਨਿਵਾਸੀ ਕਿੰਨੌਰ (ਹਿਮਾਚਲ ਪ੍ਰਦੇਸ਼)

Posted By: Sunil Thapa