ਨਵੀਂ ਦਿੱਲੀ : ਜਲ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਾਰਥਕ ਖ਼ਬਰਾਂ ਅਤੇ ਅਸਰਦਾਰ ਸੰਪਾਦਕੀ ਮੁਹਿੰਮਾਂ ਲਈ ਦੈਨਿਕ ਜਾਗਰਣ ਨੂੰ 2018 ਦਾ ਰਾਸ਼ਟਰੀ ਜਲ ਪੁਰਸਕਾਰ (ਨੈਸ਼ਨਲ ਵਾਟਰ ਐਵਾਰਡ-2018) ਪ੍ਰਦਾਨ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਇਹ ਪੁਰਸਕਾਰ ਜਲ ਸੁਰੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਕਰਨ ਵਾਲੇ ਵਿਅਕਤੀਆਂ ਤੇ ਸੰਸਥਾਵਾਂ ਨੂੰ ਪ੍ਦਾਨ ਕੀਤਾ ਜਾਂਦਾ ਹੈ।

'ਸਰਬੋਤਮ ਸਮਾਚਾਰ ਪੱਤਰ' ਦੀ ਸ਼੍ਰੇਣੀ ਵਿਚ ਪਹਿਲਾ ਤੇ ਦੂਜਾ ਦੋਵੇਂ ਹੀ ਪੁਰਸਕਾਰ ਦੈਨਿਕ ਜਾਗਰਣ ਦੀ ਝੋਲੀ ਵਿਚ ਆਏ ਹਨ। ਪੱਤਰਕਾਰਤਾ ਦੀ ਆਪਣੀ ਰਵਾਇਤੀ ਰੀਤੀ-ਨੀਤੀ ਵਿਚ ਦੈਨਿਕ ਜਾਗਰਣ ਨੇ ਸਮਾਜਿਕ ਸਰੋਕਾਰਾਂ ਨੂੰ ਵੀ ਤਰਜੀਹ ਦਿੱਤੀ ਹੈ। ਜਾਗਰਣ ਸਮੂਹ ਦੇ ਸੱਤ ਸਰੋਕਾਰਾਂ-ਜਲ ਸੁਰੱਖਿਆ, ਵਾਤਾਵਰਨ ਸੁਰੱਖਿਆ, ਸਿਹਤਮੰਦ ਸਮਾਜ, ਸੁਸਿੱਖਿਅਤ ਸਮਾਜ, ਨਾਰੀ ਸਸ਼ਕਤੀਕਰਨ, ਜਨਸੰਖਿਆ ਨਿਯੋਜਨ ਅਤੇ ਗ਼ਰੀਬੀ ਹਟਾਉਣ ਵਿਚ ਜਲ ਸੁਰੱਖਿਆ ਇਕ ਅਹਿਮ ਵਿਸ਼ਾ ਹੈ।

ਇਨ੍ਹਾਂ ਮਹੱਤਵਪੂਰਨ ਵਿਸ਼ਿਆਂ 'ਤੇ ਵੱਡੇ ਪੱਧਰ 'ਤੇ ਜਨ ਜਾਗਰੂਕਤਾ ਲਿਆਉਣ ਅਤੇ ਆਮ ਜਨਤਾ ਨੂੰ ਉਤਸ਼ਾਹਿਤ ਕਰਨ ਲਈ ਦੈਨਿਕ ਜਾਗਰਣ ਆਪਣੇ ਨਿਯਮਿਤ ਕਾਲਮ 'ਜਾਗਰਣ ਸਰੋਕਾਰ' ਵਿਚ ਅਤਿ ਪ੍ਰੇਰਕ ਤੇ ਪੜ੍ਹਣਯੋਗ ਸਮੱਗਰੀ ਆਪਣੇ ਕਰੋੜਾਂ ਪਾਠਕਾਂ ਤਕ ਰੋਜ਼ਾਨਾ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ 'ਜਲਦਾਨ' ਵਰਗੀਆਂ ਸੰਪਾਦਕੀ ਮੁਹਿੰਮਾਂ ਦੇ ਮਾਧਿਅਮ ਨਾਲ ਦੇਸ਼ ਭਰ ਵਿਚ ਜਲ ਸੁਰੱਖਿਆ ਨੂੰ ਲੈ ਕੇ ਜਨ ਚੇਤਨਾ ਦਾ ਵਿਸਥਾਰ ਕਰਨ ਦੀ ਜ਼ਿੰਮੇਵਾਰੀ ਦੈਨਿਕ ਜਾਗਰਣ ਪੂਰੀ ਕਰਦਾ ਆਇਆ ਹੈ।

ਜ਼ਿਕਰਯੋਗ ਹੈ ਕਿ ਕੇਂਦਰੀ ਜਲ ਵਸੀਲੇ ਅਤੇ ਨਦੀ ਵਿਕਾਸ ਮੰਤਰਾਲੇ ਵੱਲੋਂ ਦਿੱਤੇ ਜਾਣ ਵਾਲੇ ਵੱਕਾਰੀ ਰਾਸ਼ਟਰੀ ਜਲ ਪੁਰਸਕਾਰ (ਨੈਸ਼ਨਲ ਵਾਟਰ ਐਵਾਰਡ) ਲਈ ਜੇਤੂ ਦੀ ਚੋਣ ਦੋ ਮਾਪਦੰਡਾਂ 'ਤੇ ਕੀਤੀ ਗਈ। ਕਿਸੇ ਅਖ਼ਬਾਰ ਵੱਲੋਂ ਸਾਲ ਭਰ ਵਿਚ ਪ੍ਕਾਸ਼ਿਤ ਅਜਿਹੀਆਂ ਸਾਰਥਕ ਰਿਪੋਰਟਾਂ ਦੀ ਗਿਣਤੀ ਅਤੇ ਦੂਜਾ ਇਨ੍ਹਾਂ ਦੇ ਪਾਠ ਦੀ ਗਿਣਤੀ, ਇਨ੍ਹਾਂ ਦੋਵੇਂ ਹੀ ਮਾਪਦੰਡਾਂ 'ਤੇ ਖਰਾ ਉਤਰਦੇ ਹੋਏ ਦੈਨਿਕ ਜਾਗਰਣ ਨੇ ਦੇਸ਼ ਭਰ ਦੀਆਂ ਵੱਖ-ਵੱਖ ਅਖ਼ਬਾਰਾਂ ਨੂੰ ਪਿੱਛੇ ਛੱਡਿਆ ਅਤੇ ਪਹਿਲੀ ਤੇ ਦੂਜੀ ਕੁੱਲ ਦੋਵੇਂ ਸ਼੍ਰੇਣੀਆਂ ਵਿਚ ਪੁਰਸਕਾਰ ਹਾਸਲ ਕੀਤਾ।

ਸੋਮਵਾਰ ਨੂੰ ਨਵੀਂ ਦਿੱਲੀ ਸਥਿਤ ਕਾਂਸਟੀਟਿਊਸ਼ਨ ਕਲੱਬ 'ਚ ਕਰਵਾਏ ਜਾ ਰਹੇ ਪੁਰਸਕਾਰ ਵੰਡ ਸਮਾਗਮ ਵਿਚ ਕੇਂਦਰੀ ਜਲ ਵਸੀਲੇ ਅਤੇ ਨਦੀ ਵਿਕਾਸ ਮੰਤਰੀ ਨਿਤਿਨ ਗਡਕਰੀ ਪੁਰਸਕਾਰ ਪ੍ਦਾਨ ਕਰਨਗੇ। ਜਲ ਸੁਰੱਖਿਆ ਦੇ ਖੇਤਰ ਵਿਚ ਜ਼ਿਕਰਯੋਗ ਕੰਮ ਕਰਨ ਵਾਲੇ ਜ਼ਿਲਿ੍ਹਆਂ, ਦਫ਼ਤਰਾਂ, ਵਿਅਕਤੀਆਂ ਅਤੇ ਸੰਸਥਾਵਾਂ ਨੂੰ ਵੀ ਅਲੱਗ-ਥਲੱਗ ਸ਼੍ਰੇਣੀ ਵਿਚ ਪੁਰਸਕਾਰ ਪ੍ਦਾਨ ਕੀਤੇ ਜਾਣਗੇ। ਦੈਨਿਕ ਜਾਗਰਣ ਨੂੰ 'ਸਰਬੋਤਮ ਸਮਾਚਾਰ ਪੱਤਰ' ਸ਼੍ਰੇਣੀ ਵਿਚ ਪਹਿਲੇ ਪੁਰਸਕਾਰ ਦੇ ਰੂਪ ਵਿਚ ਦੋ ਲੱਖ ਰੁਪਏ ਅਤੇ ਸਰਟੀਫਿਕੇਟ ਅਤੇ ਦੂਜੇ ਪੁਰਸਕਾਰ ਦੇ ਰੂਪ ਵਿਚ ਡੇਢ ਲੱਖ ਰੁਪਏ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।