ਨਵੀਂ ਦਿੱਲੀ : ਵਿੱਤ ਮੰਤਰੀ ਅਰੁਣ ਜੇਤਲੀ ਨੇ ਸੋਮਵਾਰ ਨੂੰ ਵਿਰੋਧੀ ਦੇ ਇਸ ਤਰਕ ਨੂੰ ਖ਼ਾਰਜ ਕਰ ਦਿੱਤਾ ਕਿ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ 'ਤੇ ਚੋਣ ਨਹੀਂ ਲੜੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸੁਰੱਖਿਆ ਤੇ ਅੱਤਵਾਦ ਸਭ ਤੋਂ ਅਹਿਮ ਲੰਬੇ ਸਮੇਂ ਦੇ ਮੁੱਦੇ ਹਨ, ਜਦਕਿ ਹੋਰ ਸਭ ਚੁਣੌਤੀਆਂ ਦਾ ਜਲਦੀ ਹੱਲ ਹੋ ਸਕਦਾ ਹੈ।

ਜੇਤਲੀ ਨੇ ਕਿਹਾ ਕਿ ਭਾਰਤ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਜੰਮੂ ਕਸ਼ਮੀਰ ਦਾ ਮੁੱਦਾ ਹੈ ਕਿਉਂਕਿ ਇਹ ਦੇਸ਼ ਦੀ ਖ਼ੁਦਮੁਖ਼ਤਾਰੀ ਦੀ ਚਿੰਤਾ ਨਾਲ ਜੁੜਿਆ ਹੈ। ਜੇਤਲੀ ਨੇ 'ਕਿਉਂ ਜੰਮੂ-ਕਸ਼ਮੀਰ ਤੇ ਅੱਤਵਾਦ ਲਈ ਨਵਾਂ ਨਜ਼ਰੀਆ ਇਕ ਪ੍ਰਮੁੱਖ ਸਿਆਸੀ ਮੁੱਦਾ ਬਣਿਆ ਰਹੇਗਾ' ਸਿਰਲੇਖ ਤੋਂ ਆਪਣੀ ਇਕ ਫੇਸਬੁੱਕ ਪੋਸਟ 'ਚ ਕਿਹਾ, 'ਭਾਰਤ ਦੇ ਵਿਰੋਧੀ ਧਿਰ ਦਾ ਤਰਕ ਹੈ ਕਿ ਚੋਣ 'ਅਸਲ ਮੁੱਦਿਆਂ' 'ਤੇ ਲੜਨੀ ਹੋਵੇਗੀ ਤੇ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ 'ਤੇ ਚੋਣ ਨਹੀਂ ਲੜੀ ਜਾਣੀ ਚਾਹੀਦੀ। ਮੇਰਾ ਤਰਕ ਹੈ ਕਿ ਰਾਸ਼ਟਰੀ ਸੁਰੱਖਿਆ ਤੇ ਅੱਤਵਾਦ ਲੰਬੇ ਸਮੇਂ 'ਚ ਸਭ ਤੋਂ ਵੱਧ ਅਹਿਮ ਮੁੱਦੇ ਹਨ। ਹੋਰ ਸਾਰੀਆਂ ਚੁਣੌਤੀਆਂ ਦਾ ਛੇਤੀ ਹੱਲ ਕੀਤਾ ਜਾ ਸਕਦਾ ਹੈ।'

ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਲਵਾਮਾ 'ਚ ਸੀਆਰਪੀਐੱਫ ਦੇ 40 ਜਵਾਨਾਂ ਦੀ ਸ਼ਹਾਦਤ ਤੇ ਪਾਕਿਸਤਾਨ ਦੇ ਬਾਲਾਕੋਟ 'ਚ ਭਾਰਤੀ ਹਵਾਈ ਫ਼ੌਜ ਦੇ ਜਵਾਬੀ ਹਮਲੇ ਨੂੰ ਲੈ ਕੇ ਸਿਆਸਤ ਕਰ ਰਹੇ ਹਨ। ਰਾਸ਼ਟਰੀ ਸੁਰੱਖਿਆ ਤੇ ਅੱਤਵਾਦ ਨੂੰ ਚੋਣ ਬਹਿਸ ਦਾ ਵਿਸ਼ਾ ਬਣਾਉਣ ਦਾ ਕਾਰਨ ਦਿੰਦਿਆਂ ਜੇਤਲੀ ਨੇ ਕਿਹਾ, 'ਇਹ ਦੇਸ਼ ਦੀ ਖ਼ੁਦਮੁਖ਼ਤਾਰੀ, ਅਖੰਡਤਾ ਤੇ ਸੁਰੱਖਿਆ ਨਾਲ ਸਬੰਧਤ ਹੈ।'

ਉਨ੍ਹਾਂ ਦੋਸ਼ ਲਗਾਇਆ ਕਿ ਦੋ ਖੇਤਰੀ ਦਲ (ਪੀਡੀਪੀ ਤੇ ਨੈਕਾ) ਨੇ ਨਿਰਾਸ਼ਾਜਨਕ ਭੂਮਿਕਾ ਨਿਭਾਈ ਹੈ ਤੇ ਵਿਰੋਧੀ ਪਾਰਟੀਆਂ ਦੀ ਮੌਜੂਦਾ ਲੀਡਰਸ਼ਿਪ ਕੋਲ ਸ਼ਾਇਦ ਹੀ ਕੋਈ ਰੋਡਮੈਪ ਹੈ, ਸਿਵਾਏ ਵਿਨਾਸ਼ ਦੇ ਰਸਤੇ 'ਤੇ ਚੱਲਣ ਤੋਂ ਇਲਾਵਾ। ਜੇਤਲੀ ਨੇ ਦੋਸ਼ ਲਗਾਇਆ ਕਿ ਚੋਣ ਪ੍ਰਚਾਰ ਦੌਰਾਨ, ਜਦੋਂ ਵੀ ਪੁਲਵਾਮਾ 'ਚ ਅੱਤਵਾਦੀ ਹਮਲੇ ਤੇ ਬਾਲਾਕੋਟ 'ਚ ਹਵਾਈ ਹਮਲੇ ਨਾਲ ਸਬੰਧਤ ਮੁੱਦਿਆਂ ਨੂੰ ਉਠਾਇਆ ਜਾਂਦਾ ਹੈ ਤਾਂ ਭਾਰਤ ਦੀ ਵਿਰੋਧੀ ਧਿਰ ਬੈਕਫੁੱਟ 'ਤੇ ਆ ਜਾਂਦੀ ਹੈ। ਉਨ੍ਹਾਂ ਕਿਹਾ, 'ਇਕ ਮਜ਼ਬੂਤ ਸਰਕਾਰ ਤੇ ਸਪਸ਼ਟ ਨਜ਼ਰੀਏ ਵਾਲਾ ਇਕ ਇਕੱਲਾ ਨੇਤਾ ਕਸ਼ਮੀਰ ਮੁੱਦੇ ਨੂੰ ਹੱਲ ਕਰਨ 'ਚ ਸਮਰੱਥ ਹੈ। ਇਸਦੇ ਲਈ ਅਤੀਤ ਦੀਆਂ ਇਤਿਹਾਸਕ ਗ਼ਲਤੀਆਂ ਨੂੰ ਸੁਧਾਰਨ ਦੀ ਲੋੜ ਹੋਵੇਗੀ।'