ਨਵੀਂ ਦਿੱਲੀ, ਏਜੰਸੀ : ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ਵਿਚ ਪਾਸ ਹੋਣ ਤੋਂ ਬਾਅਦ ਖੇਤੀ ਕਾਨੂੰਨ ਰੱਦ ਬਿੱਲ 2021 (Farm Laws Repeal Bill 2021), ਨੂੰ ਰਾਜ ਸਭਾ ਵਿਚ ਵੀ ਪਾਸ ਹੋ ਗਿਆ ਹੈ। ਦੋਵਾਂ ਸਦਨਾਂ ਵਿਚ ਵਿਰੋਧੀ ਧਿਰ ਦੇ ਭਾਰੀ ਹੰਗਾਮੇ ਅਤੇ ਨਾਅਰੇਬਾਜ਼ੀ ਦੇ ਵਿਚਕਾਰ, ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੇਤੀਬਾੜੀ ਕਾਨੂੰਨ ਵਾਪਸ ਲੈਣ ਦਾ ਬਿੱਲ ਪੇਸ਼ ਕੀਤਾ।

ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਮੰਗਲਵਾਰ ਤਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਨਾਲ ਹੀ ਕਾਂਗਰਸ, ਟੀਐੱਮਸੀ ਤੇ ਸ਼ਿਵਸੈਨਾ ਦੇ 12 ਸੰਸਦ ਮੈਂਬਰਾਂ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਪੂਰੇ ਸੈਸ਼ਨ ਲਈ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸੰਸਦ ਦਾ ਇਹ ਸੈਸ਼ਨ 29 ਨਵੰਬਰ ਤੋਂ 23 ਦਸੰਬਰ ਤਕ ਚੱਲੇਗਾ।

Parliament winter session Live Updates:

12 ਸੰਸਦ ਮੈਂਬਰ ਰਾਜ ਸਭਾ ਤੋਂ ਮੁਅੱਤਲ

ਸਦਨ ਵਿਚ ਅਨੁਸ਼ਾਸਨਹੀਣਤਾ ਦੇ ਦੋਸ਼ ਵਿਚ 12 ਰਾਜ ਸਭਾ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਸੀਪੀਐੱਮ ਦੇ ਇਲਾਮਾਰਾਮ ਕਰੀਮ, ਕਾਂਗਰਸ ਦੀ ਫੁੱਲੋ ਦੇਵੀ ਨੇਤਾਮ, ਛਾਇਆ ਵਰਮਾ, ਆਰ ਬੋਰਾ, ਰਾਜਮਣੀ ਪਟੇਲ, ਸਈਦ ਨਾਸਿਰ ਹੁਸੈਨ, ਅਖਿਲੇਸ਼ ਪ੍ਰਸਾਦ ਸਿੰਘ, ਸੀਪੀਆਈ ਦੇ ਬਿਨੈ ਵਿਸ਼ਵਮ, ਟੀਐੱਮਸੀ ਦੀ ਡੋਲਾ ਸੇਨ ਤੇ ਸ਼ਾਂਤਾ ਛੇਤਰੀ ਤੇ ਸ਼ਿਵਸੈਨਾ ਦੀ ਪ੍ਰਿਅੰਕਾ ਚਤੁਰਵੇਦੀ ਤੇ ਅਨਿਲ ਦੇਸਾਈ ਸ਼ਾਮਲ ਹਨ। ਸ਼ਿਵਸੈਨਾ ਨੂੰ ਮੌਜੂਦਾ ਸੈਸ਼ਨ ਦੇ ਬਾਕੀ ਬਚੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਕਾਨੂੰਨ ਬਿਨਾਂ ਕਿਸੇ ਚਰਚਾ ਦੇ ਰੱਦ ਕਰ ਦਿੱਤੇ ਗਏ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਸੰਸਦ 'ਚ ਬਿਨਾਂ ਕਿਸੇ ਚਰਚਾ ਦੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ, ਉਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਚਰਚਾ ਤੋਂ ਡਰਦੀ ਹੈ। ਸਰਕਾਰ ਜਾਣਦੀ ਹੈ ਕਿ ਉਨ੍ਹਾਂ ਨੇ ਗਲਤ ਕੀਤਾ ਹੈ। 700 ਕਿਸਾਨਾਂ ਦੀ ਮੌਤ, ਜਿਨ੍ਹਾਂ ਦੀ ਤਾਕਤ ਕਾਨੂੰਨਾਂ ਨੂੰ ਲਾਗੂ ਕਰਨ ਪਿੱਛੇ ਸੀ ਉਸ ਦੀ ਚਰਚਾ ਹੋਣੀ ਸੀ ਪਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।

ਰਾਜ ਸਭਾ 'ਚ ਖੇਤੀ ਕਾਨੂੰਨ ਵਾਪਸੀ ਬਿੱਲ ਪਾਸ

ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਰਾਜ ਸਭਾ ਵਿਚ ਖੇਤੀ ਕਾਨੂੰਨ ਰੱਦ ਕਰਨ ਵਾਲਾ ਬਿੱਲ 2021 ਪਾਸ ਕਰ ਦਿੱਤਾ ਗਿਆ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਰਾਜ ਸਭਾ ਵਿਚ ਖੇਤੀਬਾੜੀ ਕਾਨੂੰਨ ਰੱਦ ਕਰਨ ਵਾਲਾ ਬਿੱਲ 2021 ਪੇਸ਼ ਕੀਤਾ।

MSP ਨੂੰ ਕਾਨੂੰਨੀ ਗਾਰੰਟੀ ਨਾਲ ਲਾਗੂ ਕੀਤਾ ਜਾਵੇ: ਅਧੀਰ ਰੰਜਨ ਚੌਧਰੀ

ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਐੱਮਐੱਸਪੀ ਨੂੰ ਕਾਨੂੰਨੀ ਗਰੰਟੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਝੂਠੇ ਕੇਸਾਂ ਵਿੱਚ ਫਸੇ 35000 ਕਿਸਾਨਾਂ ਨੂੰ ਰਿਹਾਅ ਕਰਨ ਤੇ ਅੰਦੋਲਨ ਦੌਰਾਨ ਮਰਨ ਵਾਲੇ 700 ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਸਦਨ ਵਿਚ ਚਰਚਾ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਪਰ ਸਾਨੂੰ ਸਦਨ ਵਿਚ ਬੋਲਣ ਨਹੀਂ ਦਿੱਤਾ ਗਿਆ।

ਬਿਟਕੋਇਨ ਨੂੰ ਮੁਦਰਾ ਵਜੋਂ ਮਾਨਤਾ ਦੇਣ ਦਾ ਕੋਈ ਪ੍ਰਸਤਾਵ ਨਹੀਂ

ਵਿੱਤ ਮੰਤਰਾਲੇ ਨੇ ਲੋਕ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਕਿਹਾ ਕਿ ਭਾਰਤ ਸਰਕਾਰ ਬਿਟਕੁਆਇਨ ਲੈਣ-ਦੇਣ 'ਤੇ ਡਾਟਾ ਇਕੱਠਾ ਨਹੀਂ ਕਰਦੀ ਹੈ। ਦੇਸ਼ ਵਿਚ ਬਿਟਕੋਇਨਨ ਨੂੰ ਮੁਦਰਾ ਵਜੋਂ ਮਾਨਤਾ ਦੇਣ ਦਾ ਕੋਈ ਪ੍ਰਸਤਾਵ ਨਹੀਂ ਹੈ।

ਖੇਤੀ ਕਾਨੂੰਨ ਵਾਪਸੀ ਬਿੱਲ ਲੋਕਸਭਾ ਵਿਚ ਪਾਸ

ਲੋਕ ਸਭਾ ਦੀ ਕਾਰਵਾਈ ਅੱਜ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਦਰਮਿਆਨ ਖੇਤੀ ਕਾਨੂੰਨ ਰੱਦ ਬਿੱਲ, 2021 ਲੋਕ ਸਭਾ ਵਿਚ ਪਾਸ ਹੋ ਗਿਆ। ਲੋਕ ਸਭਾ 'ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਬਿੱਲ 'ਤੇ ਸਦਨ 'ਚ ਚਰਚਾ ਦੀ ਮੰਗ ਕੀਤੀ ਸੀ।

ਰਾਜਸਭਾ ਦੀ ਕਾਰਵਾਈ ਦੁਪਹਿਰ 12:19 ਵਜੇ ਤਕ ਮੁਲਤਵੀ

ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਲੋਕ ਸਭਾ ਤੇ ਰਾਜ ਸਭਾ ਵਿਚ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਕਾਰਨ ਲੋਕ ਸਭਾ ਦੁਪਹਿਰ 12 ਵਜੇ ਤਕ ਤੇ ਰਾਜ ਸਭਾ ਦੀ ਕਾਰਵਾਈ 12:19 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ।

ਸਰਕਾਰ ਬੈਠ ਕੇ ਗੱਲ ਕਰੇ :ਰਾਕੇਸ਼ ਟਿਕੈਤ

ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਤਿੰਨ ਮਾਮਲਿਆਂ ਦਾ ਹੱਲ ਹੋ ਗਿਆ ਹੈ ਅਜੇ ਇਕ ਮਾਮਲਾ ਬਾਕੀ ਹੈ। ਇਕ ਸਾਲ ਵਿਚ ਜੋ ਨੁਕਸਾਨ ਹੋਇਆ ਹੈ ਉਸ 'ਤੇ ਸਰਕਾਰ ਬੈਠ ਕੇ ਗੱਲ ਕਰੇ, ਹੱਲ ਕੱਢਿਆ ਜਾਵੇ। ਸਰਕਾਰ ਧੋਖੇ ਵਿਚ ਰੱਖ ਕੇ, ਜਾਅਲਸਾਜ਼ੀ ਨਾਲ ਝੂਠੇ ਬਿਆਨ ਦੇ ਕੇ ਮਾਮਲਾ ਸੁਲਝਾਉਣਾ ਚਾਹੁੰਦੀ ਹੈ ਤਾਂ ਇਸ ਨਾਲ ਮਾਮਲਾ ਖਤਮ ਨਹੀਂ ਹੋਵੇਗਾ।

ਕੈਬਨਿਟ ਦੇ ਸੀਨੀਅਰ ਮੈਂਬਰਾਂ ਦੇ ਨਾਲ ਪੀਐੱਮ ਦੀ ਬੈਠਕ

ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਵਣਜ ਮੰਤਰੀ ਪੀਯੂਸ਼ ਗੋਇਲ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਸਮੇਤ ਸੀਨੀਅਰ ਕੈਬਨਿਟ ਮੈਂਬਰਾਂ ਨਾਲ ਮੀਟਿੰਗ ਕੀਤੀ।

ਗਾਂਧੀ ਦੀ ਮੂਰਤੀ ਦੇ ਕੋਲ ਕਾਂਗਰਸ ਦਾ ਵਿਰੋਧ ਪ੍ਰਦਰਸ਼ਨ

ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲੈ ਕੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਿਚ ਪਾਰਟੀ ਦੇ ਸੰਸਦ ਮੈਂਬਰਾਂ ਨੇ ਸੰਸਦ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਕੋਲ ਵਿਰੋਧ ਪ੍ਰਦਰਸ਼ਨ ਕੀਤਾ।

ਸਰਕਾਰ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ : ਪੀਐੱਮ

ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਸੰਸਦ ਦਾ ਮਹੱਤਵਪੂਰਨ ਸੈਸ਼ਨ ਹੈ। ਦੇਸ਼ ਦੇ ਨਾਗਰਿਕ ਉਸਾਰੂ ਸੈਸ਼ਨ ਚਾਹੁੰਦੇ ਹਨ। ਉਜਵਲ ਭਵਿੱਖ ਲਈ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਸਰਕਾਰ ਹਰ ਵਿਸ਼ੇ 'ਤੇ ਚਰਚਾ ਕਰਨ ਲਈ ਤਿਆਰ ਹੈ, ਖੁੱਲ੍ਹੀ ਗੱਲਬਾਤ ਲਈ ਤਿਆਰ ਹੈ। ਸਰਕਾਰ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ।

ਸੰਸਦ ਦੀ ਮਰਿਆਦਾ ਬਣੀ ਰਹੇ

ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਸਾਡੀ ਪੂਰੀ ਕੋਸ਼ਿਸ਼ ਹੈ ਤੇ ਇਮਾਨਦਾਰੀ ਦੇ ਨਾਲ ਚਾਹੁੰਦੇ ਹਾਂ ਕਿ ਸੰਸਦ ਦਾ ਸੈਸ਼ਨ ਸਹੀ ਢੰਗ ਨਾਲ ਚੱਲੇ। ਅਸੀਂ ਚਾਹੁੰਦੇ ਹਾਂ ਕਿ ਰਚਨਾਤਮਕ ਤੇ ਸਕਾਰਾਤਮਕ ਚਰਚਾ ਹੋਵੇ, ਇਕ ਮਜਬੂਤ ਵਿਰੋਧੀ ਹੋਵੇ। ਸੱਤਾ ਪੱਖ ਤੇ ਵਿਰੋਧ ਦੋਵੇਂ ਦੀ ਜ਼ਿੰਮੇਵਾਰ ਹਨ ਕਿ ਸੰਸਦ ਦੀ ਮਰਿਆਦਾ ਨੂੰ ਬਣਾਈ ਰੱਖਣ।

ਪ੍ਰਸ਼ਨਕਾਲ ਮੁਲਤਵੀ ਕਰਨ ਦਾ ਨੋਟਿਸ

ਲੋਕ ਸਭਾ ਵਿਚ ਕਾਂਗਰਸ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਪ੍ਰਸ਼ਨ ਕਾਲ ਦੀ ਕਾਰਵਾਈ ਮੁਲਤਵੀ ਕਰਨ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਸਾਰੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ (MSP) ਮੁੱਲ ਦਾ ਐਲਾਨ ਕਰਨ ਲਈ ਚਰਚਾ ਦੀ ਮੰਗ ਕੀਤੀ ਹੈ। ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜਦੋਂ ਤਕ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਉਹ ਸਰਹੱਦ ਤੋਂ ਨਹੀਂ ਉੱਠਣਗੇ। ਅੱਜ ਅਸੀਂ ਕਿਸਾਨਾਂ ਦੇ ਮੁੱਦੇ 'ਤੇ, ਮਹਿੰਗਾਈ 'ਤੇ ਅਤੇ ਉਨ੍ਹਾਂ ਸਾਰੇ ਮੁੱਦਿਆਂ 'ਤੇ ਗੱਲ ਕਰਾਂਗੇ ਜੋ ਪਹਿਲਾਂ ਉਠ ਚੁੱਕੇ ਹਨ।

ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ

ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਲੋਕ ਸਭਾ ਤੇ ਰਾਜ ਸਭਾ ਵਿਚ ਹੰਗਾਮਾ ਹੋਣ ਦੀ ਪੂਰੀ ਸੰਭਾਵਨਾ ਹੈ। ਵਿਰੋਧੀ ਧਿਰ ਪਾਰਟੀਆਂ ਪਰਾਲੀ, ਕਿਸਾਨਾਂ, ਮਹਿੰਗਾਈ ਤੇ ਤੇਲ ਦੀਆਂ ਕੀਮਤਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ ਹਨ। ਸਾਰੀਆਂ ਵਿਰੋਧੀ ਪਾਰਟੀਆਂ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 'ਤੇ ਕਾਨੂੰਨ ਬਣਾਉਣ 'ਤੇ ਚਰਚਾ ਦੀ ਮੰਗ ਉਠਾਈ ਹੈ। ਇਸ ਨਾਲ ਹੀ ਸਰਕਾਰ ਸੈਸ਼ਨ ਦੇ ਪਹਿਲੇ ਦਿਨ ਲੋਕਸਭਾ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਪੇਸ਼ ਕਰੇਗੀ।

ਸੈਸ਼ਨ 29 ਨਵੰਬਰ ਤੋਂ 23 ਦਸੰਬਰ ਤਕ ਚੱਲੇਗਾ

ਸੰਸਦ ਦਾ ਇਹ ਸੈਸ਼ਨ 29 ਨਵੰਬਰ ਤੋਂ 23 ਦਸੰਬਰ ਤਕ ਚੱਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਦਾ ਐਲਾਨ ਕੀਤਾ ਸੀ ਤੇ ਇਸ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਨੇ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸਰਕਾਰ ਇਸ ਪੂਰੇ ਸੈਸ਼ਨ 'ਚ ਕਰੀਬ 30 ਬਿੱਲ ਪੇਸ਼ ਕਰਨ ਜਾ ਰਹੀ ਹੈ, ਜਿਸ 'ਚ ਕ੍ਰਿਪਟੋਕਰੰਸੀ, ਬਿਜਲੀ, ਪੈਨਸ਼ਨ, ਵਿੱਤੀ ਸੁਧਾਰ ਤੇ ਬੈਂਕਿੰਗ ਕਾਨੂੰਨ ਨਾਲ ਜੁੜੇ ਬਿੱਲ ਸ਼ਾਮਲ ਹਨ।

Posted By: Rajnish Kaur