ਨਵੀਂ ਦਿੱਲ਼ੀ, ਜੇਐੱਨਐੱਨ : ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਵੇਰੀਐਂਟ ਨੇ ਦੇਸ਼-ਦੁਨੀਆ ਨੂੰ ਚਿੰਤਾ ਵਿਚ ਫਿਰ ਤੋਂ ਪਾ ਦਿੱਤਾ ਹੈ। ਹਾਲ ਹੀ ਵਿਚ ਆਇਆ ਨਵਾਂ 'ਬੀ.1.1.529' ਵੇਰੀਐਂਟ ਦੱਖਣੀ ਅਫਰੀਕਾ ਤੇ ਬੋਤਸਵਾਨਾ ਵਿਚ ਮਿਲਿਆ ਹੈ। ਇਸ ਨਾਲ ਪੂਰੀ ਦੁਨੀਆ ਦੇ ਲੋਕਾਂ ਦੀ ਚਿੰਤਾ ਵਧ ਗਈ ਹੈ। ਉੱਥੇ ਹੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਿਊਟੇਸ਼ਨ ਦੇ ਮਾਮਲੇ ਵਿਚ ਇਸ ਨਵੇਂ ਵੇਰੀਐਂਟ ਨੇ ਹੁਣ ਤਕ ਦੇ ਸਾਹਮਣੇ ਆਏ ਸਾਰੇ ਵੇਰੀਐਂਟਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਨਵਾਂ ਇਨਫੈਸ਼ਨ ਡੈਲਟਾ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ ਤੇ ਉਸ ਤੋਂ ਬਹੁਤ ਜ਼ਿਆਦਾ ਸੰਕ੍ਰਾਮਕ ਹੈ। ਇਸ ਦੇ ਨਾਲ ਹੀ ਚਿੰਤਤ ਅਤੇ ਚੌਕਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇਸ਼ਾਂ ਤੋਂ ਉਡਾਣਾਂ ਬੰਦ ਕਰਨ ਦੀ ਅਪੀਲ ਕਰਦਾ ਹਾਂ ਜਿੱਥੇ ਕੋਵਿਡ-19 ਦਾ ਨਵਾਂ ਰੂਪ ਪਾਇਆ ਗਿਆ ਹੈ। ਬੜੀ ਮੁਸ਼ਕਲ ਨਾਲ ਸਾਡਾ ਦੇਸ਼ ਕੋਰੋਨਾ ਤੋਂ ਉਭਰਨ ਵਿਚ ਕਾਮਯਾਬ ਹੋਇਆ ਹੈ। ਸਾਨੂੰ ਇਸ ਨਵੇਂ ਰੂਪ ਨੂੰ ਭਾਰਤ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਅਗਲੇ ਮਹੀਨੇ 15 ਦਸੰਬਰ ਤੋਂ ਅੰਤਰਰਾਸ਼ਟਰੀ ਉਡਾਣਾਂ ਨਿਯਮਤ ਤੌਰ 'ਤੇ ਸ਼ੁਰੂ ਹੋਣਗੀਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੂੰ ਚਿੱਠੀ ਲਿਖ ਕੇ ਅੰਤਰਰਾਸ਼ਟਰੀ ਉਡਾਣਾਂ ਨੂੰ ਨਿਯਮਤ ਕਰਨ ਲਈ 'ਲੋੜੀਂਦੀ ਅਗਲੀ ਕਾਰਵਾਈ' ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਹਵਾਬਾਜ਼ੀ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਫੈਸਲਾ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਗਿਆ ਹੈ। ਜਿਨ੍ਹਾਂ ਦੇਸ਼ਾਂ ਨੂੰ ਸਿਹਤ ਮੰਤਰਾਲੇ ਵੱਲੋਂ 'ਨੋਟ ਐਟ ਖਤਰੇ' ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਉਨ੍ਹਾਂ ਨੂੰ ਦੁਵੱਲੇ ਹਵਾਈ ਸੇਵਾ ਸਮਝੌਤਿਆਂ ਅਨੁਸਾਰ ਪੂਰੀ ਸਮਰੱਥਾ ਨਾਲ ਹਵਾਈ ਸੰਚਾਲਨ ਦਾ ਅਧਿਕਾਰ ਮਿਲੇਗਾ।

Posted By: Rajnish Kaur