ਤੇਜਿੰਦਰ ਕੌਰ ਥਿੰਦ, ਜਲੰਧਰ : ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ’ਤੇ ਗੁਰਦੁਆਰਾ ਸਾਹਿਬ ਦੀ ਹਦੂਦ ਵਿਚ ਹੋਏ ਹਮਲੇ ’ਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸੂਓ ਮੋਟੋ ਨੋਟਿਸ ਲਿਆ ਹੈ। ਉਨ੍ਹਾਂ ਇਹ ਨੋਟਿਸ ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਖ ਕੌਮ ਦੀਆਂ ਧਾਰਮਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਸ ਸਬੰਧ ਵਿਚ ਕਮਿਸ਼ਨ ਨੇ ਸੂਬਾ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ।

ਦੱਸ ਦੇਈਏ ਕਿ ਗੁਰਦੁਆਰਾ ਸਾਹਿਬ ਦੇ ਸੰਵਿਧਾਨ ਵਿਰੁੱਧ ਮੁੱਖ ਗ੍ਰੰਥੀ, ਪ੍ਰਧਾਨ ਸਣੇ ਹੋਰਾਂ ਦੀ ਸੇਵਾ ਮੁਕਤੀ ਦੇ ਐਲਾਨ ਨੂੰ ਲੈ ਕੇ ਹੰਗਾਮਾ ਹੋ ਗਿਆ ਸੀ। ਇਸ ਧੱਕੇਮੁੱਕੀ ਵਿਚ ਪ੍ਰਧਾਨ ਮੰਚ ਤੋਂ ਡਿੱਗ ਗਏ ਤੇ ਉਨ੍ਹਾਂ ਦੇ ਸੱਜੇ ਹੱਥ ’ਤੇ ਸੱਟ ਲੱਗ ਗਈ।

ਇਸ ਦੇ ਨਾਲ ਹੀ ਸਿੰਘੂ ਬਾਰਡਰ ’ਤੇ ਹੋਏ ਲਖਬੀਰ ਕਤਲ ਕਾਂਡ ਦੇ ਮਾਮਲੇ ਵਿਚ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸੂਓ ਮੋਟੋ ਨੋਟਿਸ ਲਿਆ ਹੈ। ਇਹ ਨੋਟਿਸ ਅਖਬਾਰਾਂ ਵਿਚ ਛਪੀਆਂ ਖਬਰਾਂ ਦੇ ਆਧਾਰ ’ਤੇ ਲਿਆ ਗਿਆ ਹੈ।ਉਨ੍ਹਾਂ ਇਸ ਮਾਮਲੇ ਵਿਚ ਹਰਿਆਣਾ ਦੇ ਮੁੱਖ ਸਕੱਤਰ ਨੂੰ 15 ਦਿਨਾਂ ਵਿਚ ਰਿਪੋਰਟ ਦਰਜ ਕਰਾਉਣ ਲਈ ਕਿਹਾ ਹੈ। ਉਨ੍ਹਾਂ ਇਸ ਰਿਪੋਰਟ ਵਿਚ ਉਸ ਧਾਰਮਕ ਗ੍ਰੰਥ ਦੀ ਵੀ ਪੂਰੀ ਜਾਣਕਾਰੀ ਮੰਗੀ ਹੈ, ਜਿਸ ਸਬੰਧ ਵਿਚ ਜਥੇਦਾਰ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਧਾਰਮਕ ਗ੍ਰੰਥ ਦੀ ਬੇਅਦਬੀ ਹੈ ਤੇ ਨਿਹੰਗ ਸਿੰਘ ਨਾਲ ਬੇਇਨਸਾਫੀ ਹੋ ਰਹੀ ਹੈ।

ਦੱਸ ਦੇਈਏ ਕਿ 15 ਅਕਤੂਬਰ ਨੂੰ ਸਿੰਘੂ ਬਾਰਡਰ ’ਤੇ ਨਿਹੰਗ ਸਿੰਘਾਂ ਵੱਲੋਂ ਲਖਬੀਰ ਸਿੰਘ ਨਾਂ ਦੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਸ ਦਾ ਹੱਥ ਅਤੇ ਲੱਤ ਵੱਢ ਕੇ ਉਸ ਨੂੰ ਕਿਸਾਨ ਮੋਰਚੇ ਦੀ ਸਟੇਜ ਕੋਲ ਬੇਰੀਗੇਡ ਨਾਲ ਲਟਕਾ ਦਿੱਤਾ ਗਿਆ ਸੀ। ਇਸ ਕਤਲ ਕਾਂਡ ਵਿਚ ਹੁਣ ਤਕ 4 ਨਿਹੰਗ ਸਿੰਘਾਂ ਨੇ ਜ਼ਿੰਮੇਵਾਰੀ ਲੈ ਕੇ ਆਤਮ ਸਮਰਪਣ ਕਰ ਦਿੱਤਾ ਹੈ। ਫਿਲਹਾਲ ਚਾਰੇ ਦੋਸ਼ੀ 7 ਦਿਨਾਂ ਪੁਲਿਸ ਰਿਮਾਂਡ ’ਤੇ ਹਨ।

ਦੱਸ ਦੇਈਏ ਕਿ ਮੁਲਜ਼ਮਾਂ ਨੇ ਅਦਾਲਤ ਸਾਹਮਣੇ ਆਪਣਾ ਗੁਨਾਹ ਕਬੂਲ ਕਰਦਿਆਂ ਕਿਹਾ ਕਿ ਇਸ ਘਟਨਾ ’ਚ ਉਹ ਚਾਰੇ ਹੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੇ ਧਰਮ ਦੀ ਰੱਖਿਆ ਦਾ ਅਧਿਕਾਰ ਹੈ। ਧਾਰਮਿਕ ਗ੍ਰੰਥ ਦੀ ਬੇਅਦਬੀ ਹੋਵੇਗੀ ਤਾਂ ਅਸੀਂ ਸ਼ਾਂਤ ਨਹੀਂ ਬੈਠਾਂਗੇ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਦਾ 14 ਦਿਨ ਦਾ ਰਿਮਾਂਡ ਮੰਗਿਆ ਸੀ। ਅਦਾਲਤ ਨੇ ਇਨ੍ਹਾਂ ਨੂੰ ਛੇ ਦਿਨ ਦੇ ਰਿਮਾਂਡ ’ਤੇ ਪੁਲਿਸ ਨੂੰ ਸੌਂਪ ਦਿੱਤਾ ਹੈ। ਸ਼ਨਿਚਰਵਾਰ ਨੂੰ ਪੇਸ਼ੀ ਦੌਰਾਨ ਮੁਲਜ਼ਮ ਸਰਬਜੀਤ ਨੇ ਹੱਤਿਆ ’ਚ ਅੱਠ ਜਣਿਆਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਸੀ।

ਦੱਸ ਦੇਈਏ ਕਿ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਦੋਸ਼ ’ਚ ਕੁੰਡਲੀ ਬਾਰਡਰ ’ਤੇ ਵੀਰਵਾਰ ਰਾਤ ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਦੇ ਰਹਿਣ ਵਾਲੇ ਲਖਬੀਰ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਬਡ਼ੀ ਬੇਰਹਿਮੀ ਨਾਲ ਤਡ਼ਫਾ- ਤਡ਼ਫਾ ਕੇ ਮਾਰਿਆ ਗਿਆ ਸੀ। ਹੱਤਿਆ ਦੀ ਜ਼ਿੰਮੇਵਾਰੀ ਨਿਹੰਗਾਂ ਨੇ ਲੈਂਦੇ ਹੋਏ ਤਸਵੀਰਾਂ ਤੇ ਵੀਡੀਓ ਬਣਾ ਕੇ ਵਾਇਰਲ ਕੀਤੇ ਸਨ। ਇਸ ਮਾਮਲੇ ’ਚ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਸਰਬਜੀਤ ਨੇ ਹੱਥ ਤੇ ਨਾਰਾਇਣ ਸਿੰਘ ਨੇ ਕੱਟੇ ਪੈਰ

ਨਿਹੰਗ ਨਾਰਾਇਣ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਲਖਬੀਰ ਸਿੰਘ ਦੀ ਹੱਤਿਆ ’ਚ ਉਹ ਚਾਰ ਜਣੇ ਸ਼ਾਮਿਲ ਸਨ। ਸਰਬਜੀਤ ਨੇ ਉਸ ਦਾ ਹੱਥ ਵੱਢਿਆ ਸੀ ਤੇ ਉਸ ਨੇ ਪੈਰ। ਭਗਵੰਤ ਸਿੰਘ ਤੇ ਗੋਵਿੰਦ ਪ੍ਰੀਤ ਨੇ ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਲਟਕਾਇਆ ਸੀ। ਸ਼ਨਿਚਰਵਾਰ ਨੂੰ ਸਰਬਜੀਤ ਨੇ ਅਦਾਲਤ ਸਾਹਮਣੇ ਕਿਹਾ ਸੀ ਕਿ ਹੱਤਿਆ ’ਚ ਉਹ ਅੱਠ ਜਣੇ ਸ਼ਾਮਿਲ ਸਨ, ਜਿਨ੍ਹਾਂ ’ਚੋਂ ਉਹ ਤਿੰਨ ਦੇ ਨਾਂ ਜਾਣਦਾ ਹੈ ਜਦਕਿ ਬਾਕੀਆਂ ਨੂੰ ਚਿਹਰੇ ਤੋਂ ਪਛਾਣਦਾ ਹੈ। ਡੀਐੱਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਅੱਗੇ ਮੁਲਜ਼ਮਾਂ ਨੇ ਹੱਤਿਆ ਕਬੂਲ ਕਰ ਲਈ ਹੈ।

Posted By: Tejinder Thind