ਜੇਐੱਨਐੱਨ, ਕੋਲਕਾਤਾ : ਨਾਰਦ ਸਟਿੰਗ ਆਪ੍ਰੇਸ਼ਨ ਮਾਮਲੇ ’ਚ ਗਿ੍ਰਫ਼ਤਾਰ ਮਮਤਾ ਸਰਕਾਰ ਦੇ ਮੰਤਰੀ ਫਿਰਹਾਦ ਹਕੀਮ, ਸੁਬਰਤੋ ਮੁਖਰਜੀ ਤੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਮਦਨ ਮਿੱਤਰਾ ਤੇ ਕੋਲਕਾਤਾ ਦੇ ਸਾਬਕਾ ਮੇਅਰ ਸ਼ੋਭਨ ਚੈਟਰਜੀ ਨੂੰ ਜੇਲ੍ਹ ’ਚ ਹੀ ਰਹਿਣਾ ਪਵੇਗਾ। ਬੁੱਧਵਾਰ ਨੂੰ ਇਨ੍ਹਾਂ ਨੇਤਾਵਾਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਨਹੀਂ ਮਿਲ ਸਕੀ। ਇਨ੍ਹਾਂ ਵੱਲੋਂ ਦਾਖ਼ਲ ਜ਼ਮਾਨਤ ਪਟੀਸ਼ਨ ’ਤੇ ਕਰੀਬ ਢਾਈ ਘੰਟੇ ਤਕ ਵਰਚੁਅਲ ਸੁਣਵਾਈ ਹੋਈ। ਹੁਣ ਵੀਰਵਾਰ ਨੂੰ ਵੀ ਇਸ ਮਾਮਲੇ ’ਚ ਸੁਣਵਾਈ ਹੋਵੇਗੀ। ਦੂਜੇ ਪਾਸੇ ਸੀਬੀਆਈ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਕਾਨੂੰਨ ਮੰਤਰੀ ਮਲਯ ਘਟਕ ਤੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੂੰ ਕਲਕੱਤਾ ਹਾਈ ਕੋਰਟ ’ਚ ਦਾਖ਼ਲ ਆਪਣੀ ਉਸ ਪਟੀਸ਼ਨ ’ਚ ਧਿਰ ਬਣਾਇਆ ਹੈ, ਜਿਸ ’ਚ ਇਸ ਕੇਸ ਨੂੰ ਸੂਬੇ ਤੋਂ ਬਾਹਰ ਤਬਦੀਲ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਪਟੀਸ਼ਨ ’ਤੇ ਵੀ ਬੁੱਧਵਾਰ ਨੂੰ ਫ਼ੈਸਲਾ ਨਹੀਂ ਹੋ ਸਕਿਆ। ਵੀਰਵਾਰ ਨੂੰ ਇਸ ’ਤੇ ਵੀ ਫਿਰ ਸੁਣਵਾਈ ਹੋਵੇਗੀ।

ਜ਼ਿਕਰਯੋਗ ਹੈ ਕਿ ਉਕਤ ਨੇਤਾਵਾਂ ਨੂੰ ਸੀਬੀਆਈ ਨੇ ਬੀਤੇ ਸੋਮਵਾਰ ਨੂੰ ਸਵੇਰੇ ਗਿ੍ਰਫ਼ਤਾਰ ਕੀਤਾ ਸੀ। ਸੀਬੀਆਈ ਅਦਾਲਤ ਨੇ ਇਸੇ ਦਿਨ ਸ਼ਾਮ ਨੂੰ ਸਾਰਿਆਂ ਨੂੰ ਜ਼ਮਾਨਤ ਦੇ ਦਿੱਤੀ ਸੀ, ਪਰ ਦੇਰ ਰਾਤ ਕਲਕੱਤਾ ਹਾਈ ਕੋਰਟ ਨੇ ਜ਼ਮਾਨਤ ’ਤੇ ਰੋਕ ਲਗਾਉਂਦੇ ਹੋਏ 19 ਮਈ ਤਕ ਜੇਲ੍ਹ ਭੇਜਣ ਦਾ ਨਿਰਦੇਸ਼ ਦਿੱਤਾ ਸੀ। ਇਸ ਦੇ ਨਾਲ ਹੀ ਬੁੱਧਵਾਰ ਨੂੰ ਸੁਣਵਾਈ ਤੈਅ ਕੀਤੀ ਸੀ। ਇਸੇ ਲੜੀ ’ਚ ਬੁੱਧਵਾਰ ਨੂੰ ਇਨ੍ਹਾਂ ਨੇਤਾਵਾਂ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੁ ਸਿੰਘਵੀ ਨੇ ਅਦਾਲਤ ’ਚ ਪੱਖ ਰੱਖਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਜੇ ਕੋਰੋਨਾ ਮਹਾਮਾਰੀ ਵਰਗੇ ਸੰਕਟ ਵੇਲੇ ਜੇਲ੍ਹ ’ਚ ਰੱਖਣ ਦਾ ਕੋਈ ਮਤਲਬ ਨਹੀਂ ਹੈ। ਹਾਲਾਂਕਿ ਸੀਬੀਆਈ ਵੱਲੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਾਰਜਕਾਰੀ ਚੀਫ ਜਸਟਿਸ ਰਾਜੇਸ਼ ਬਿੰਦਲ ਤੇ ਜਸਟਿਸ ਅਰਿਜੀਤ ਬੈਨਰਜੀ ਦੇ ਬੈਂਚ ਅੱਗੇ ਜ਼ਮਾਨਤ ਦਾ ਵਿਰੋਧ ਕੀਤਾ। ਸੀਬੀਆਈ ਵੱਲੋਂ ਦਲੀਲ ਦਿੱਤੀ ਗਈ ਕਿ ਇਹ ਸਾਰੇ ਨੇਤਾ ਬਹੁਤ ਅਸਰਦਾਰ ਹਨ। ਬਾਹਰ ਆਉਣ ਨਾਲ ਇਹ ਮਾਮਲੇ ਨੂੰ ਪ੍ਰਭਾਵਿਤ ਕਰ ਸਕਦੇ ਹਨ। ਸੀਬੀਆਈ ਨੇ ਇਨ੍ਹਾਂ ਦੀ ਗਿ੍ਰਫ਼ਤਾਰੀ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਜਾਂਚ ਏਜੰਸੀ ਦੇ ਦਫ਼ਤਰ ’ਚ ਕੁਝ ਘੰਟੇ ਧਰਨਾ ਦੇਣ ਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਵੱਲੋਂ ਬਾਹਰ ਘਿਰਾਓ ਕਰਨ ਤੇ ਕੇਂਦਰੀ ਬਲਾਂ ’ਤੇ ਪਥਰਾਅ ਕਰਨ ਦਾ ਮੁੱਦਾ ਵੀ ਉਠਾਇਆ।

ਸੀਬੀਆਈ ਖ਼ਿਲਾਫ਼ ਕਾਨੂੰਨੀ ਕਦਮ ਚੁੱਕਣ ’ਤੇ ਵਿਚਾਰ ਕਰ ਰਿਹੈ ਵਿਧਾਨ ਸਭਾ ਸਕੱਤਰੇਤ

ਨਾਰਦ ਸਟਿੰਗ ਆਪ੍ਰੇਸ਼ਨ ਮਾਮਲੇ ’ਚ ਵਿਧਾਨ ਸਭਾ ਸਪੀਕਰ ਦੀ ਇਜਾਜ਼ਤ ਦੇ ਬਗ਼ੈਰ ਵਿਧਾਇਕਾਂ ਦੀ ਗਿ੍ਰਫ਼ਤਾਰੀ ਬਾਰੇ ਵਿਧਾਨ ਸਭਾ ਸਕੱਤਰੇਤ ਸੀਬੀਆਈ ਖ਼ਿਲਾਫ਼ ਕਾਨੂੰਨੀ ਕਦਮ ਚੁੱਕਣ ’ਤੇ ਵਿਚਾਰ ਕਰ ਰਿਹਾ ਹੈ। ਵਿਧਾਨ ਸਬਾ ਸਪੀਕਰ ਬਿਮਾਨ ਬੈਨਰਜੀ ਨੇ ਕਿਹਾ ਹੈ ਕਿ ਤਿੰਨਾਂ ਵਿਧਾਇਕਾਂ (ਜਿਨ੍ਹਾਂ ’ਚ ਦੋ ਸੂਬਿਆਂ ਦੇ ਮੰਤਰੀ ਵੀ ਹਨ) ਨੂੰ ਜਿਸ ਤਰ੍ਹਾਂ ਗਿ੍ਰਫ਼ਤਾਰ ਕੀਤਾ ਗਿਆ ਹੈ, ਉਹ ਗ਼ੈਰ ਕਾਨੂੰਨੀ ਹੈ। ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।


ਸੀਬੀਆਈ ਖ਼ਿਲਾਫ਼ ਦਰਜ ਕਰਵਾਈ ਐੱਫਆਈਆਰ

ਨਾਰਦ ਸਟਿੰਗ ਮਾਮਲੇ ’ਚ ਬੰਗਾਲ ਦੇ ਦੋ ਮੰਤਰੀ ਤੇ ਵਿਧਾਇਕਾਂ ਦੀ ਗਿ੍ਰਫ਼ਤਾਰੀ ਨੂੰ ਗ਼ੈਰ ਕਾਨੂੰਨੀ ਦੱਸਦਿਆਂ ਤ੍ਰਿਣਮੂਲ ਕਾਂਗਰਸ ਦੀ ਮਹਿਲਾ ਇਕਾਈ ਦੀ ਮੁਖੀ ਤੇ ਸੀਨੀਅਰ ਮੰਤਰੀ ਚੰਦ੍ਰਿਮਾ ਭੱਟਾਚਾਰੀਆ ਨੇ ਬੁੱਧਵਾਰ ਨੂੰ ਸੀਬੀਆਈ ਅਧਿਕਾਰੀਆਂ ਖ਼ਿਲਾਫ਼ ਮਹਾਨਗਰ ਕਗਰੀਆਹਾਟ ਥਾਣੇ ’ਚ ਐੱਫਆਈਆਰ ਦਰਜ ਕਰਵਾਈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਤਿੰਨੇ ਨੇਤਾ ਸੁਬਰਤੋ ਮੁਖਰਜੀ, ਫਿਰਹਾਦ ਹਕੀਮ ਤੇ ਮਦਨ ਮਿਤਰਾ ਬੰਗਾਲ ਵਿਧਾਨ ਸਭਾ ਦੇ ਮੈਂਬਰ ਹਨ ਤੇ ਵਿਧਾਨ ਸਬਾ ਸਪੀਕਰ ਤੋਂ ਉਨ੍ਹਾਂ ਦੀ ਗਿ੍ਰਫ਼ਤਾਰੀ ਤੋਂ ਪਹਿਲਾਂ ਸਲਾਹ ਤੇ ਇਜਾਜ਼ਤ ਲੈਣੀ ਚਾਹੀਦੀ ਹੈ, ਜਿਹੜਾ ਇਸ ਮਾਮਲੇ ’ਚ ਨਹੀਂ ਕੀਤਾ ਗਿਆ।


ਚਾਰ ਨੇਤਾਵਾਂ ’ਤੇ ਕੇਸ ਲਈ ਲੋਕ ਸਭਾ ਸਪੀਕਰ ਨੂੰ ਫਿਰ ਪੱਤਰ ਦੇਵੇਗੀ ਸੀਬੀਆਈ

ਨਾਰਦ ਸਟਿੰਗ ਮਾਮਲੇ ’ਚ ਸੀਬੀਆਈ ਭਾਜਪਾ ਨੇਤਾ ਤੇ ਸਾਬਕਾ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਵੇਂਦੁ ਅਧਿਕਾਰੀ, ਤ੍ਰਿਣਮੂਲ ਸੰਸਦ ਮੈਂਬਰ ਸੌਗਤ ਰਾਏ, ਪ੍ਰਸੂਨ ਬੈਨਰਜੀ ਤੇ ਕਾਕੋਲੀ ਘੋਸ਼ ਦਸਤੀਦਾਰ ’ਤੇ ਕੇਸ ਚਲਾਉਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਫਿਰ ਪੱਤਰ ਲਿਖੇਗੀ। ਸੀਬੀਆਈ ਦੇ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਜਾਂਚ ਏਜੰਸੀ ਨੇ ਅਪ੍ਰੈਲ 2019 ’ਚ ਇਸਤਗਾਸਾ ਲਈ ਲੋਕ ਸਭਾ ਸਪੀਕਰ ਤੋਂ ਮਨਜ਼ੂਰੀ ਮੰਗੀ ਸੀ, ਜਿਹੜੀ ਅਜੇ ਤਕ ਨਹੀਂ ਮਿਲੀ।

Posted By: Sunil Thapa