ਨਵੀਂ ਦਿੱਲੀ : ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਏਧਰ ਅਾਲੋਕ ਵਰਮਾ ਦੇ ਸਾਰੇ ਫ਼ੈਸਲਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਆਲੋਕ ਵਰਮਾ ਵੱਲੋਂ ਜਾਰੀ ਕੀਤੇ ਗਏ ਸਾਰੇ ਟਰਾਂਸਫਾਰਮ ਆਦੇਸ਼ਾਂ ਨੂੰ ਸੀਬੀਆਈ ਦੇ ਅੰਤਰਿਮ ਚੀਫ ਨਾਰਗੇਸ਼ਵਰ ਰਾਓ ਨੇ ਪਲਟ ਦਿੱਤਾ ਹੈ। ਸੀਬੀਆਈ ਸੂਤਰਾਂ ਦਾ ਕਹਿਣਾ ਹੈ ਕਿ ਅਹੁਦੇ 'ਤੇ ਬਹਾਲੀ ਤੋਂ ਬਾਅਦ ਆਲੋਕ ਵਰਮਾ ਵੱਲੋਂ ਕੀਤੇ ਗਏ ਸਾਰੇ ਟਰਾਂਸਫਰ ਹੁਕਮਾਂ ਨੂੰ ਰੱਦ ਕੀਤਾ ਗਿਆ।


ਦੱਸਣਯੋਗ ਹੈ ਕਿ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲਣ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਆਲੋਕ ਵਰਮਾ (Alok Verma) ਨੇ ਸੀਬੀਆਈ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ ਪਰ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੀ ਉੱਚ ਪੱਧਰੀ ਚੋਣ ਕਮੇਟੀ ਨੇ ਉਨ੍ਹਾਂ ਨੂੰ ਦੁਬਾਰਾ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਲਿਆ। ਇਨ੍ਹਾਂ ਦੋ ਦਿਨਾਂ ਅੰਦਰ ਆਲੋਕ ਵਰਮਾ ਨੇ ਕਈ ਟਰਾਂਸਫਰਾਂ ਦੇ ਫ਼ੈਸਲੇ ਲਏ, ਜਿਨ੍ਹਾਂ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।


ਕਾਬਿਲੇਗ਼ੌਰ ਹੈ ਕਿ ਦੋ ਦਿਨ ਪਹਿਲਾਂ ਸੀਬੀਆਈ (CBI) ਡਾਇਰੈਕਟਰ ਦਾ ਅਹੁਦਾ ਸੰਭਾਲਦੇ ਹੀ ਆਲੋਕ ਵਰਮਾ (Alok Verma) ਨੇ ਸਭ ਤੋਂ ਪਹਿਲਾਂ ਐੱਮ ਨਾਗੇਸ਼ਵਰ ਰਾਓ (Nageshwar Rao) ਵੱਲੋਂ ਕੀਤੇ ਗਏ ਲਗਪਗ ਸਾਰੇ ਟਰਾਂਸਫਰ ਆਰਡਰਾਂ ਨੂੰ ਰੱਦ ਕਰ ਦਿੱਤਾ। ਇਸ ਤੋਂ ਇਕ ਦਿਨ ਬਾਅਦ ਯਾਨੀ ਵੀਰਵਾਰ ਨੂੰ ਉਨ੍ਹਾਂ ਨੇ ਪੰਜ ਅਧਿਕਾਰੀਆਂ ਦਾ ਟਰਾਂਸਫਰਕ ਰ ਦਿੱਤਾ। ਆਲੋਕ ਵਰਮਾ ਨੇ ਜਿਨ੍ਹਾਂ ਅਧਿਕਾਰੀਆਂ ਦਾ ਟਰਾਂਸਫਰ ਕੀਤਾ ਹੈ, ਉਨ੍ਹਾਂ ਦੇ ਨਾਂ-ਜੇਡੀ ਅਜੈ ਭਟਨਾਗਰ, ਡੀਆਈਜੀ ਐੱਮਕੇ ਸਿਨਹਾ, ਡੀਆਈਜੀ ਤਰੁਣ ਗਉਹਬਾ, ਜੇਡੀ ਮੁਰਗਸਨ ਅਤੇ ਏਕੇ ਸ਼ਰਮਾ ਹੈ। ਹੁਣ ਆਲੋਕ ਵਰਮਾ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਨਾਕੇਸ਼ਵਰ ਰਾਓ ਨੇ ਉਨ੍ਹਾਂ ਵੱਲੋਂ ਕੀਤੇ ਗਏ ਸਾਰੇ ਆਰਡਰਾਂ ਨੂੰ ਰੱਦ ਕਰ ਦਿੱਤਾ।


ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ (Supreme Court) ਨੇ ਆਲੋਕ ਵਰਮਾ ਨੂੰ ਛੁੱਟੀ 'ਤੇ ਭੇਜਣ ਦੇ ਸਰਕਾਰੀ ਹੁਕਮਾਂ ਨੂੰ ਮੰਗਲਵਾਰ ਨੂੰ ਰੱਦ ਕਰ ਦਿੱਤਾ ਸੀ। ਆਲੋਕ ਵਰਮਾ ਅਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਵਿਚਕਾਰ ਤਕਰਾਰ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ ਦੋਵਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ ਅਤੇ ਉਨ੍ਹਾਂ ਦੇ ਸਾਰੇ ਅਧਿਕਾਰ ਖੋਹ ਲਏ ਸਨ।

Posted By: Seema Anand