ਨਵੀਂ ਦਿੱਲੀ, ਆਈਏਐੱਨਐੱਸ : ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਭੈਣ ਗੀਤਾ ਮਹਿਤਾ ਨੂੰ ਪਦਮਸ਼੍ਰੀ ਲੈਣ ਤੋਂ ਇਨਕਾਰ ਕਰਨ ਦਾ ਪੂਰਾ ਹੱਕ ਹੈ। ਮੀਡੀਆ ਨਾਲ ਗੱਲਬਾਤ 'ਚ ਪਟਨਾਇਕ ਨੇ ਕਿਹਾ ਕਿ ਮੇਰੀ ਭੈਣ ਨੂੰ ਆਪਣੀ ਇੱਛਾ ਮੁਤਾਬਕ ਕੁਝ ਵੀ ਕਰਨ ਦਾ ਅਧਿਕਾਰ ਹੈ। ਗੀਤਾ ਮਹਿਤਾ ਪਟਨਾਇਕ ਦੀ ਵੱਡੀ ਭੈਣ ਹੈ ਤੇ ਉਨ੍ਹਾਂ ਨੇ ਪਿਛਲੇ ਹਫ਼ਤੇ ਪਦਮਸ਼੍ਰੀ ਸਵੀਕਾਰ ਕਰਨ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਸੀ ਕਿ ਚੋਣਾਂ ਨੂੰ ਕੁਝ ਹੀ ਦਿਨ ਬਾਕੀ ਬਚੇ ਹਨ। ਇਸ ਲਈ ਇਹ ਸਨਮਾਨ ਸਵੀਕਾਰ ਕਰਨਾ ਮੈਂ ਸਹੀ ਨਹੀਂ ਸਮਝਦੀ। ਇਸ ਨਾਲ ਲੋਕਾਂ ਦੇ ਮਨ ਵਿਚ ਗ਼ਲਤ ਧਾਰਨਾ ਪੈਦਾ ਹੋਵੇਗੀ। ਸਰਕਾਰ ਨੇ ਪਿਛਲੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ। ਗੀਤਾ ਮਹਿਤਾ ਨੂੰ ਇਕ ਪਰਵਾਸੀ ਭਾਰਤੀ ਦੇ ਤੌਰ 'ਤੇ ਸਨਮਾਨ ਲਈ ਚੁਣਿਆ ਗਿਆ ਸੀ। ਉਨ੍ਹਾਂ ਨੂੰ ਸਾਹਿਤ ਤੇ ਸਿੱਖਿਆ ਦੇ ਖੇਤਰ 'ਚ ਉਨ੍ਹਾਂ ਦੇ ਯੋਗਦਾਨ ਲਈ ਇਸ ਸਨਮਾਨ ਲਈ ਨਾਮਜ਼ਦ ਕੀਤਾ ਗਿਆ ਸੀ। ਓਡੀਸ਼ਾ ਭਵਨ 'ਚ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਲਟਕਦੇ ਮੁੱਦਿਆਂ ਦੀ ਸਮੀਖਿਆ ਮਗਰੋਂ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਉਨ੍ਹਾਂ ਦੋਸ਼ਾਂ ਨੂੰ ਬਿਲਕੁਲ ਬਕਵਾਸ ਕਰਾਰ ਦਿੱਤਾ, ਜਿਸ ਵਿਚ ਉਨ੍ਹਾਂ ਦੀ ਸਰਕਾਰ ਨੂੰ ਨਰਿੰਦਰ ਮੋਦੀ ਵਲੋਂ ਸੰਚਾਲਿਤ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਸੂਬੇ ਦੇ ਹਿੱਸੇ ਦਾ 6400 ਕਰੋੜ ਰੁਪਏ ਦੇਣਾ ਹੈ ਜਦਕਿ ਵਿੱਤੀ ਸਾਲ ਖ਼ਤਮ ਹੋਣ ਨੂੰ ਸਿਰਫ਼ ਇਕ ਮਹੀਨਾ ਬਚਿਆ ਹੈ। ਜਿਹੜਾ ਪੈਸਾ ਕੇਂਦਰ ਸਰਕਾਰ ਨੂੰ ਦੇਣਾ ਹੈ, ਉਸ ਵਿਚੋਂ ਰਿਹਾਇਸ਼ ਲਈ 1000 ਕਰੋੜ ਰੁਪਏ ਤੋਂ ਜ਼ਿਆਦਾ ਹੈ। ਸਿਹਰਤ ਲਈ 375 ਕਰੋੜ ਰੁਪਏ, ਪੇਂਡੂ ਰੁਜ਼ਗਾਰ ਯੋਜਨਾ ਦੇ 400 ਕਰੋੜ ਰੁਪਏ ਅਤੇ ਖੇਤੀ ਲਈ 650 ਕਰੋੜ ਰੁਪਏ ਸ਼ਾਮਲ ਹਨ।