ਜੇਐੱਨਐੱਨ, ਮੋਗਾ : ਜ਼ਮੀਨ ਦੇ ਝਗੜੇ 'ਚ ਪੁਲਿਸ ਦੀ ਮੌਜੂਦਗੀ 'ਚ ਲੋਕਾਂ ਨੇ ਸ਼ਮਸ਼ੇਰ ਸਿੰਘ ਨੂੰ ਅਜਿਹੀ ਮੌਤ ਦਿੱਤੀ ਜਿਸ ਨੂੰ ਸੁਣ ਕੇ ਵੀ ਰੂਹ ਕੰਬ ਜਾਵੇਗੀ। ਅਗਵਾ ਦੇ ਮਾਮਲੇ 'ਚ ਜ਼ਮਾਨਤ ਦੀ ਸੂਹ ਜਿਉਂ ਹੀ ਪੁਲਿਸ ਤੇ ਜ਼ਮੀਨ ਵਿਵਾਦ ਦੀ ਦੂਜੀ ਧਿਰ ਨੂੰ ਲੱਗੀ ਤਾਂ ਜ਼ਮਾਨਤ ਲੈਣ ਵਾਲਿਆਂ ਦਾ ਪਿੱਛਾ ਕਰਕੇ ਮੁਲਜ਼ਮਾਂ ਨੇ ਪਹਿਲਾਂ ਤਾਂ ਥਾਣਾ ਮਹਿਣਾ ਤਹਿਤ ਪੈਂਦੇ ਪਿੰਡ ਡਾਲਾ ਨੇੜੇ ਗੱਡੀ ਵਿਚ ਟੱਕਰ ਮਾਰੀ ਤੇ ਫਿਰ ਬੇਸਬਾਲ ਬੈਟਾਂ, ਡੰਡਿਆਂ ਨਾਲ ਸ਼ਮਸ਼ੇਰ ਸਿੰਘ ਸਮੇਤ ਚਾਰ ਲੋਕਾਂ 'ਤੇ ਹਮਲਾ ਕਰ ਦਿੱਤਾ।

ਜ਼ਖ਼ਮੀ ਸ਼ਮਸ਼ੇਰ ਸਿੰਘ ਤੇ ਉਸ ਦੇ ਤਿੰਨ ਸਾਥੀ ਡੇਢ ਘੰਟਾ ਜ਼ਮੀਨ 'ਤੇ ਡਿੱਗੇ ਤੜਫਦੇ ਰਹੇ ਪਰ ਇਨ੍ਹਾਂ ਨੂੰ ਸਹਾਇਤਾ ਨਾ ਮਿਲੀ। ਪੀੜਤਾਂ ਤੋਂ ਥਾਣਾ ਕੋਟ ਈਸੇ ਖ਼ਾਂ ਤਹਿਤ ਪੈਂਦੀ ਬਲਖੰਡੀ ਪੁਲਿਸ ਚੌਕੀ ਦੇ ਇੰਚਾਰਜ ਨੇ ਮੋਬਾਈਲ ਫੋਨ ਪਹਿਲਾਂ ਹੀ ਖੋਹ ਲਏ ਸਨ। ਡੇਢ ਘੰਟੇ ਬਾਅਦ ਜਦੋਂ ਸ਼ਮਸ਼ੇਰ ਸਿੰਘ ਦੇ ਸਾਹ ਰੁਕ ਗਏ ਉਦੋਂ ਐਂਬੂਲੈਂਸ ਸੱਦੀ ਗਈ। ਸਿਵਲ ਹਸਪਤਾਲ 'ਚ ਦਾਖ਼ਲ ਜ਼ਖ਼ਮੀ ਸ਼ੈਲ ਸਿੰਘ ਨੇ ਸ਼ਨਿਚਰਵਾਰ ਨੂੰ ਥਾਣਾ ਮਹਿਣਾ ਦੀ ਪੁਲਿਸ ਨੂੰ ਦਿੱਤੇ ਬਿਆਨ ਵਿਚ ਉਕਤ ਗੱਲਾਂ ਦੱਸੀਆਂ। ਪੁਲਿਸ ਨੇ ਦੋ ਪੁਲਿਸ ਵਾਲਿਆਂ ਦੇ ਨਾਂ 'ਤੇ ਅਤੇ ਚਾਰ ਅਣਪਛਾਤੇ ਪੁਲਿਸ ਮੁਲਾਜ਼ਮਾਂ ਸਮੇਤ 27 ਤੋਂ ਜ਼ਿਆਦਾ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।

ਸ਼ੈਲ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਸਾਹਮਣੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ। ਸਿਵਲ ਹਸਪਤਾਲ 'ਚ ਜਿਉਂ ਹੀ ਸਾਰੇ ਜ਼ਖ਼ਮੀ ਲਿਆਂਦੇ ਗਏ ਤਾਂ ਬਲਖੰਡੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਐਂਬੂਲੈਂਸ ਵਿਚੋਂ ਨਹੀਂ ਉਤਾਰਿਆ। ਉਹ ਸ਼ੁੱਕਰਵਾਰ ਰਾਤ ਪੌਣੇ 10 ਵਜੇ ਥਾਣਾ ਸਿਟੀ-2 ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਹੱਕ ਵਿਚ ਲੋਕਾਂ ਨੇ ਹੰਗਾਮਾ ਕੀਤਾ ਤਾਂ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ। ਸੁਰਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।

ਇਹ ਹਨ ਮੁਲਜ਼ਮ

ਜ਼ਖ਼ਮੀ ਛਿੰਦਰਪਾਲ ਸਿੰਘ ਦੇ ਬਿਆਨ 'ਤੇ ਪੁਲਿਸ ਨੇ ਜੱਗਾ ਸਿੰਘ, ਲਖਬੀਰ ਸਿੰਘ, ਮਨਦੀਪ ਸਿੰਘ, ਅਮਰਜੀਤ ਸਿੰਘ, ਬਿੱਕਰ ਸਿੰਘ, ਚਮਕੌਰ ਸਿੰਘ, ਸਰਬਜੀਤ ਸਿੰਘ, ਸਿਮਰਨਜੀਤ ਸਿੰਘ ਸਿਮਰਾ, ਗੁਰਪ੍ਰਰੀਤ ਸਿੰਘ, ਕਮਲਜੀਤ ਸਿੰਘ ਸਾਰੇ ਨਿਵਾਸੀ ਪਿੰਡ ਚੂਹੜਚੱਕ ਤੇ 10/12 ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਨਾਲ ਹੀ ਐੱਫਆਈਆਰ 'ਚ ਥਾਣਾ ਕੋਟ ਈਸੇ ਖ਼ਾਂ ਦੀ ਚੌਕੀ ਬਲਖੰਡੀ ਦੇ ਇੰਚਾਰਜ ਏਐੱਸਆਈ ਭਲਿੰਦਰ ਸਿੰਘ, ਜਗਦੇਵ ਸਿੰਘ ਤੇ ਤਿੰਨ-ਚਾਰ ਅਣਪਛਾਤੇ ਪੁਲਿਸ ਮੁਲਾਜ਼ਮਾਂ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ।

ਕੀ ਹੈ ਮਾਮਲਾ

ਜ਼ਮੀਨ ਦੇ ਝਗੜੇ 'ਚ ਚੂਹੜਚੱਕ ਨਿਵਾਸੀ ਸ਼ਮਸ਼ੇਰ ਸਿੰਘ ਤੇ ਤਿੰਨ ਹੋਰਨਾਂ ਲੋਕਾਂ ਵਿਰੁੱਧ ਗੁਰਦੇਵ ਸਿੰਘ ਦੇ ਪੁੱਤਰਾਂ ਨੇ ਅਗਵਾ ਦਾ ਕੇਸ ਦਰਜ ਕਰਵਾਇਆ ਸੀ। ਸਾਰਿਆਂ ਨੂੰ ਲੰਘੇ ਸ਼ੁੱਕਰਵਾਰ ਅਦਾਲਤ ਤੋਂ ਜ਼ਮਾਨਤ ਮਿਲੀ। ਇਸ ਤੋਂ ਬਾਅਦ ਸ਼ਮਸ਼ੇਰ ਸਿੰਘ, ਉਸ ਦਾ ਭਤੀਜਾ ਸੁਰਜੀਤ ਸਿੰਘ, ਛਿੰਦਰ ਸਿੰਘ ਤੇ ਸ਼ੈਲ ਸਿੰਘ ਪਿੰਡ ਪਰਤ ਰਹੇ ਸਨ ਕਿ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਵਿਚ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ ਜਦਕਿ ਬਾਕੀ ਤਿੰਨ ਜ਼ਖ਼ਮੀ ਹੋ ਗਏ।