ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਨੇ ਰਾਜ ਸਭਾ ਵਿਚ ਕਿਹਾ ਕਿ ਸਮੁੰਦਰ ਦਾ ਪਾਣੀ ਦਾ ਪੱਧਰ ਵਧਣ ਨਾਲ ਮੁੰਬਈ ਦੇ ਡੁੱਬਣ ਦਾ ਕੋਈ ਖ਼ਦਸ਼ਾ ਨਹੀਂ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਭਾਰਤੀ ਵਿਗਿਆਨੀਆਂ ਦੀਆਂ ਗੱਲਾਂ ਦਾ ਭਰੋਸਾ ਕਰਨ ਜਿਨ੍ਹਾਂ ਦੇ ਦਿੱਤੇ ਅੰਕੜਿਆਂ ਅਨੁਸਾਰ ਅਜਿਹਾ ਨਹੀਂ ਹੋਣ ਵਾਲਾ।

ਇਹ ਵਿਗਿਆਨੀ ਪੂਰੀ ਦੁਨੀਆ ਵਿਚ ਸਰਵਸ੍ਰੇਸ਼ਠ ਮੰਨੇ ਗਏ ਹਨ। ਮੰਗਲਵਾਰ ਨੂੰ ਪ੍ਰਸ਼ਨ ਕਾਲ 'ਚ ਕਾਂਗਰਸ ਦੇ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਪਿ੍ਥਵੀ ਵਿਗਿਆਨ ਦੇ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਮੁੰਬਈ ਦੇ ਡੁੱਬਣ ਦਾ ਸਵਾਲ ਇਸ ਲਈ ਉੱਠਿਆ ਕਿਉਂਕਿ ਦੇਸ਼ ਤੋਂ ਬਾਹਰ ਮੀਡੀਆ ਰਿਪੋਰਟਾਂ 'ਚ ਅਜਿਹਾ ਦਾਅਵਾ ਕੀਤਾ ਗਿਆ ਸੀ। ਉਨ੍ਹਾਂ ਨੇ ਉਚ ਸਦਨ ਵਿਚ ਕਿਹਾ ਕਿ ਕਿ ਉਹ ਜੋ ਕਹਿ ਰਹੇ ਹਨ ਉਹ ਵਿਗਿਆਨੀਆਂ ਤੇ ਉਨ੍ਹਾਂ ਦੇ ਅਧਿਐਨਾਂ ਤੋਂ ਮਿਲੇ ਅੰਕੜਿਆਂ ਅਨੁਸਾਰ ਹੈ। ਇਹ ਵਿਗਿਆਨੀ ਪੂਰੀ ਦੁਨੀਆ ਵਿਚ ਉੱਚ ਕੋਟੀ ਦੇ ਮੰਨੇ ਜਾਂਦੇ ਹਨ। ਇਸ ਲਈ ਅਜਿਹਾ ਕੋਈ ਕਾਰਨ ਨਹੀਂ ਕਿ ਤੁਸੀਂ ਮੁੰਬਈ ਨੂੰ ਲੈ ਕੇ ਚਿੰਤਤ ਹੋਵੋ। ਮੁੰਬਈ ਡੁੱਬਣ ਵਾਲੀ ਨਹੀਂ। ਉਨ੍ਹਾਂ ਕਿਹਾ ਕਿ ਇਕ ਅੰਤਰਰਾਸ਼ਟਰੀ ਸ਼ੋਧ ਦੀ ਰਿਪੋਰਟ 'ਚ ਦਿੱਤੇ ਗਏ ਅੰਕੜਿਆਂ ਤੇ ਅਧਿਐਨਾਂ ਅਨੁਸਾਰ ਸਾਲ 2040-50 ਦੌਰਾਨ ਸਾਲ ਵਿਚ ਘੱਟੋ-ਘੱਟ ਇਕ ਵਾਰ ਦੱਖਣੀ ਮੁੰਬਈ ਦੇ ਜ਼ਿਆਦਾਤਰ ਹਿੱਸੇ ਹੜ੍ਹ ਵਿਚ ਪੂਰੀ ਤਰ੍ਹਾਂ ਡੁੱਬ ਜਾਣਗੇ।

ਡਾ. ਹਰਸ਼ਵਰਧਨ ਨੇ ਦੱਸਿਆ ਕਿ ਸਾਲ 1878 -2005 ਦਰਮਿਆਨ ਇਕੱਠੇ ਕੀਤੇ ਗਏ ਜਵਾਹਰ-ਭਾਟੇ ਦੇ ਡਾਟਾ ਅਨੁਸਾਰ ਹਰ ਸਾਲ 2050 ਵਿਚ ਮੁੰਬਈ ਦੇ ਤੱਟ 'ਤੇ ਸਮੁੰਦਰ ਦੇ ਪਾਣੀ ਦੇ ਪੱਧਰ ਵਿਚ 33.3 ਮਿਲੀਮੀਟਰ ਜਾਂ 3.33 ਸੈਂਟੀਮੀਟਰ ਦਾ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਅੰਕੜੇ ਇੰਡੀਅਨ ਨੈਸ਼ਨਲ ਸੈਂਟਰ ਫਾਰ ਓਸ਼ਨ ਇਨਫਾਰਮੇਸ਼ਨ ਸਰਵਿਸ (ਆਈਐੱਨਸੀਓਆਈਐੱਸ) ਨੇ ਸਮੁੰਦਰ ਦੇ ਪਾਣੀ ਦੇ ਪੱਧਰ 'ਤੇ ਲੰਬੇ ਸਮੇਂ ਤਕ ਕੀਤੇ ਸ਼ੋਧ ਦੇ ਹਿਸਾਬ ਨਾਲ ਦਿੱਤੇ ਹਨ। ਇਹ ਅੰਕੜੇ ਮੁੰਬਈ ਸਥਿਤ ਅਪੋਲੋ ਬੰਦਰ ਤੋਂ ਲਏ ਗਏ ਸਨ।

ਇਹ ਪੁੱਛੇ ਜਾਣ 'ਤੇ ਕਿ ਕੀ ਸਰਕਾਰ ਇਸ ਮੁੱਦੇ 'ਚ ਘੱਟ ਕਰ ਕੇ ਦੇਖ ਰਹੀ ਹੈ, ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਉਹੀ ਦੇਸ਼ ਹੈ ਜੋ ਸਾਲ 2004 ਵਿਚ ਆਈ ਸੁਨਾਮੀ ਤੋਂ ਪੂਰੀ ਤਰ੍ਹਾਂ ਅਣਜਾਣ ਸੀ ਪਰ ਹੁਣ ਸੁਨਾਮੀ ਦੀ ਅਗਾਊਂ ਚਿਤਾਵਨੀ ਦੇ ਮਾਮਲੇ ਸਾਡੇ ਅੰਕੜੇ ਦੁਨੀਆ ਵਿਚ ਸਭ ਤੋਂ ਉੱਚ ਕੋਟੀ ਦੇ ਹਨ। ਇੱਥੋਂ ਤਕ ਕਿ ਭਾਰਤ ਚੱਕਰਵਾਤਾਂ ਨੂੰ ਲੈ ਕੇ ਆਪਣੇ ਅੰਕੜੇ ਹੋਰਨਾਂ ਦੇਸ਼ਾਂ ਨਾਲ ਵੀ ਸਾਂਝੇ ਕਰਦਾ ਹੈ। ਇਸ ਲਈ ਕੋਈ ਕਾਰਨ ਨਹੀਂ ਕਿ ਅਸੀਂ ਆਪਣੇ ਵਿਗਿਆਨੀਆਂ ਦੀ ਸਮਰੱਥਾ ਨੂੰ ਲੈ ਕੇ ਸ਼ੱਕ ਕਰੀਏ।