ਨਵੀਂ ਦਿੱਲੀ (ਆਈਏਐੱਨਐੱਸ) : ਅਫ਼ਗਾਨਿਸਤਾਨ 'ਚ ਤਾਲਿਬਾਨ ਦੀ ਨਵੀਂ ਸਰਕਾਰ ਬਣਨ ਦੌਰਾਨ ਮੁੱਲਾ ਅਬਦੁੱਲ ਗਨੀ ਬਰਾਦਰ ਤੇ ਹੱਕਾਨੀ ਨੈੱਟਵਰਕ ਦੇ ਨੇਤਾ ਖਲੀਲੁਰ ਰਹਿਮਾਨ ਹੱਕਾਨੀ ਵਿਚਾਲੇ ਝਗੜਾ ਹੋਇਆ ਸੀ। ਇਸ ਦੌਰਾਨ ਦੋਵਾਂ ਦੇ ਸਮਰਥਕ ਵੀ ਭਿੜ ਗਏ ਸਨ। ਇਸ ਤੋਂ ਬਾਅਦ ਮੁੱਲਾ ਬਰਾਬਦ ਕੰਧਾਰ ਭੱਜ ਗਿਆ। ਇਹ ਪੂਰਾ ਘਟਨਾਕ੍ਰਮ ਰਾਸ਼ਟਰਪਤੀ ਪੈਲੇਸ 'ਚ ਹੀ ਹੋਇਆ।

ਬੀਬੀਸੀ ਪਸ਼ਤੋ ਮੁਤਾਬਕ ਤਾਲਿਬਾਨ ਦੇ ਇਕ ਸੂਤਰ ਨੇ ਦੱਸਿਆ ਕਿ ਮੌਜੂਦਾ ਕੈਬਨਿਟ ਮੰਤਰੀ ਤੇ ਹੱਕਾਨੀ ਨੈੱਟਵਰਕ ਦੇ ਨੇਤਾ ਖਲੀਲੁਰ ਰਹਿਮਾਨ ਹੱਕਾਨੀ ਨਾਲ ਝਗੜੇ ਤੋਂ ਬਾਅਦ ਹੀ ਹੱਕਾਨੀ ਮੁੱਲਾ ਬਰਾਦਰ ਰਾਸ਼ਟਰਪਤੀ ਪੈਲੇਸ ਤੋਂ ਨਿਕਲ ਗਿਆ ਸੀ, ਸ਼ਾਇਦ ਉਸ ਨੂੰ ਇੱਥੇ ਖ਼ਤਰਾ ਮਹਿਸੂਸ ਹੋ ਰਿਹਾ ਸੀ। ਕਤਰ 'ਚ ਰਹਿਣ ਵਾਲੇ ਇਕ ਸੀਨੀਅਰ ਤਾਲਿਬਾਨ ਮੈਂਬਰ ਨੇ ਵੀ ਦੋਵਾਂ ਵਿਚਾਲੇ ਝਗੜੇ ਦੀ ਪੁਸ਼ਟੀ ਕੀਤੀ ਹੈ। ਝਗੜੇ ਦਾ ਕਾਰਨ ਅੰਤਿ੍ਮ ਸਰਕਾਰ ਦੇ ਗਠਨ 'ਚ ਲੋਕਾਂ ਨੂੰ ਸ਼ਾਮਲ ਕਰਨ ਬਾਰੇ ਹੋਇਆ ਸੀ। ਮੁੱਲਾ ਬਰਾਦਰ ਅੰਤਿ੍ਮ ਸਰਕਾਰ ਦੇ ਗਠਨ ਬਾਰੇ ਖ਼ੁਸ਼ ਨਹੀਂ ਸੀ। ਸਰਕਾਰ ਦੇ ਗਠਨ ਦੌਰਾਨ ਜਿੱਤ ਦਾ ਸਿਹਰਾ ਲੈਣ ਲਈ ਵਿਵਾਦ ਸ਼ੁਰੂ ਹੋਇਆ ਸੀ। ਬਰਾਦਰ ਦਾ ਇਹ ਮੰਨਣਾ ਹੈ ਕਿ ਉਸ ਦੀ ਕੂਟਨੀਤੀ ਨੇ ਜਿੱਤੀ 'ਚ ਅਹਿਮ ਭੂਮਿਕਾ ਨਿਭਾਈ ਹੈ ਜਦੋਂਕਿ ਹੱਕਾਨੀ ਨੈੱਟਵਰਕ ਦੇ ਨੇਤਾਵਾਂ ਦਾ ਮੰਨਣਾ ਸੀ ਕਿ ਸਿੱਧੀ ਲੜਾਈ ਕਾਰਨ ਹੀ ਤਾਲਿਬਾਨ ਦਾ ਕਾਬੁਲ 'ਤੇ ਕਬਜ਼ਾ ਹੋਇਆ ਹੈ। ਇਸੇ ਦੌਰਾਨ ਦੋਵਾਂ ਦੇ ਸਮਰਥਕ ਆਪਸ 'ਚ ਜ਼ਬਰਦਸਤ ਤਰੀਕੇ ਨਾਲ ਭਿੜ ਗਏ। ਹੱਕਾਨੀ ਨੈੱਟਵਰਕ ਖ਼ਤਰਨਾਕ ਅੱਤਵਾਦੀਆਂ ਦਾ ਸੰਗਠਨ ਹੈ ਤੇ ਇਸ 'ਤੇ ਅਮਰੀਕਾ ਨੇ ਪਾਬੰਦੀ ਲਗਾਈ ਹੋਈ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਦੇ ਗਠਨ ਤੋਂ ਬਾਅਦ ਤੋਂ ਹੀ ਮੁੱਲਾ ਬਰਾਦਰ ਜਨਤਕ ਤੌਰ 'ਤੇ ਦਿਖਾਈ ਨਹੀਂ ਦਿੱਤਾ। ਹੁਣ ਉਸ ਦੇ ਕੰਧਾਰ ਤੋਂ ਕਾਬੁਲ ਪਰਤਣ ਦੀ ਸੰਭਾਵਨਾ ਬਣ ਰਹੀ ਹੈ। ਹੋ ਸਕਦਾ ਹੈ ਕਿ ਮੁੱਲਾ ਬਰਾਦਰ ਕੁਝ ਦਿਨਾਂ 'ਚ ਕੈਮਰੇ ਦੇ ਸਾਹਮਣੇ ਆਏ ਤੇ ਇਸ ਘਟਨਾਕ੍ਰਮ ਤੋਂ ਮੁੱਕਰਨ ਦੀ ਕੋਸ਼ਿਸ਼ ਕਰੇ।

Posted By: Sunil Thapa