ਜੇਐੱਨਐੱਨ ਕਾਨਪੁਰ : ਮੋਸਟ ਵਾਂਟਿਡ ਪੰਜ ਲੱਖ ਦੇ ਇਨਾਮ ਵਾਲੇ ਵਿਕਾਸ ਦੂਬੇ ਦੇ ਦੋ ਹੋਰ ਸਾਥੀਆਂ ਨੂੰ ਪੁਲਿਸ ਨੇ ਐਨਕਾਊਂਟਰ 'ਚ ਮਾਰ ਦਿੱਤਾ ਹੈ। ਵਿਕਾਸ ਦੇ ਸਾਥੀ ਪ੍ਰਭਾਤ ਨੂੰ ਕਾਨਪੁਰ ਦੇ ਪਨਕੀ ਤੇ ਬਊਆ ਦੂਬੇ ਉਰਫ਼ ਪ੍ਰਵੀਨ ਨੂੰ ਇਟਾਵਾ ਦੇ ਐਨਕਾਊਂਟਰ 'ਚ ਮਾਰ ਦਿੱਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਵਿਕਾਸ ਦੂਬੇ ਦਾ ਖ਼ਾਸ ਅਮਰ ਦੂਬੇ ਹਮੀਰਪੁਰ 'ਚ ਮੁਕਾਬਲੇ ਦੌਰਾਨ ਮਾਰ ਦਿੱਤਾ ਸੀ।

ਬੁੱਧਵਾਰ ਨੂੰ ਫ਼ਰੀਦਾਬਾਦ ਕ੍ਰਾਈਮ ਬ੍ਰਾਂਚ ਨੇ ਵਿਕਾਸ ਦੇ ਸਾਥੀ ਪ੍ਰਭਾਤ ਮਿਸ਼ਰਾ ਤੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੇ ਕਬਜ਼ੇ 'ਚੋਂ ਚਾਰ ਪਿਸਤੌਲ ਤੇ 44 ਕਾਰਤੂਸ ਬਰਾਮਦ ਕੀਤੇ ਗਏ ਸਨ। ਇਸ 'ਚ 2 ਪਿਸਤੌਲ ਘਟਨਾ ਤੋਂ ਬਾਅਦ ਪੁਲਿਸ ਕੋਲੋਂ ਲੁੱਟ ਲਏ ਸਨ। ਫ਼ਰੀਦਾਬਾਦ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਪੁਲਿਸ ਉਸ ਨੂੰ ਟ੍ਰਾਂਜਿਟ ਰਿਮਾਂਡ 'ਤੇ ਕਾਨਪੁਰ ਲਿਆ ਰਹੀ ਸੀ। ਕਾਨਪੁਰ ਆਉਣ 'ਤੇ ਪਨਕੀ ਥਾਣਾ ਖੇਤਰ 'ਚ ਗੱਡੀ ਪੈਂਚਰ ਹੋ ਗਈ। ਇਸ ਦੌਰਾਨ ਪ੍ਰਭਾਤ ਮੌਕਾ ਦੇਖਦਿਆਂ ਹੀ ਪੁਲਿਸ ਕੋਲੋਂ ਪਿਸਤੌਲ ਖੋਹ ਕੇ ਭੱਜਣ ਲੱਗਾ ਤੇ ਪਿੱਛਾ ਕਰਨ 'ਤੇ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ। ਇਸ 'ਚ ਐੱਸਟੀਐੱਫ ਦੇ ਦੋ ਕਾਂਸਟੇਬਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਉਥੇ ਹੀ ਜਵਾਬੀ ਕਾਰਵਾਈ 'ਚ ਗੋਲ਼ੀ ਲੱਗਣ ਨਾਲ ਪ੍ਰਭਾਤ ਵੀ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪ੍ਰਭਾਤ ਮਿਸ਼ਰਾ ਦਾ ਕੋਈ ਅਪਰਾਧਕ ਇਤਿਹਾਸ ਨਹੀਂ ਹੈ ਤੇ ਉਸ ਖ਼ਿਲਾਫ਼ ਕੋਈ ਮੁਕੱਦਮਾ ਦਰਜ ਨਹੀਂ ਹੈ। ਦੋ ਜੁਲਾਈ ਨੂੰ ਬਿਕਰੂ ਕਾਂਡ 'ਚ ਵੀ ਉਹ ਨਾਮਜ਼ਦ ਹੈ ਤੇ ਪੁਲਿਸ ਨੇ ਪੰਜਾਹ ਹਜ਼ਾਰ ਦਾ ਇਨਾਮ ਐਲਾਨ ਕਰ ਦਿੱਤਾ ਸੀ।


ਉਧਰ ਇਟਾਵਾ ਸਿਵਲ ਲਾਈਨ ਪੁਲਿਸ ਨੇ ਕਚੌਰਾ ਰੋਡ 'ਤੇ ਇਕ ਮੁਕਾਬਲੇ ਦੌਰਾਨ ਇਕ ਬਦਮਾਸ਼ ਨੂੰ ਮਾਰ ਦਿੱਤਾ ਸੀ, ਜਿਸ ਦੀ ਪਛਾਣ ਕਾਨਪੁਰ ਦੇ ਬਿਕਰੂ ਕਾਂਡ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਦੇ ਮੈਂਬਰ ਵਜੋਂ ਹੋਈ ਹੈ। ਕਾਨਪੁਰ ਇਟਾਵਾ ਹਾਈਵੇ 'ਤੇ ਬਕੇਵਰ ਇਲਾਕੇ 'ਚ ਮਹੇਵਾ ਕੋਲ 3 ਵਜੇ ਇਕ ਸਵਿਫਟ ਡਿਜ਼ਾਇਰ ਗੱਡੀ ਨੂੰ ਲੁੱਟ ਕੇ ਭੱਜ ਰਹੇ ਚਾਰ ਬਦਮਾਸ਼ਾਂ ਨੂੰ ਸਿਵਲ ਲਾਈਨ ਇਲਾਕੇ 'ਚ ਪੁਲਿਸ ਨੇ ਘੇਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਪੁਲਿਸ ਟੀਮ 'ਤੇ ਫਾਇਰਿੰਗ ਕੀਤੀ।

ਬਦਮਾਸ਼ਾਂ ਦੀ ਫਾਇਰਿੰਗ ਦੇਖ ਪੁਲਿਸ ਨੇ ਆਪਣੀ ਸੁਰੱਖਿਆ ਲਈ ਫਾਇਰਿੰਗ ਕੀਤੀ, ਜਿਸ 'ਚ ਇਕ ਬਦਮਾਸ਼ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ, ਜਦੋਂਕਿ ਹੋਰ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਐੱਸਐੱਸਪੀ ਅਕਾਸ਼ ਤੌਮਰ ਨੇ ਦੱਸਿਆ ਕਿ ਬਦਮਾਸ਼ ਦੀ ਪਛਾਣ ਕਾਮਪੁਰ ਚੌਬੇਪੁਰ ਦੇ ਬਿਕਰੂ ਨਿਵਾਸੀ ਬਊਆ ਦੂਬੇ ਉਰਫ਼ ਪ੍ਰਵੀਨ ਵਜੋਂ ਹੋਈ ਹੈ। ਉਸ ਦੇ ਕਬਜ਼ੇ 'ਚੋਂ ਇਕ ਪਿਸਤੌਲ, ਇਕ ਡਬਲ ਬੈਰਲ ਬੰਦੂਕ ਤੇ ਕਈ ਕਾਰਤੂਸ ਬਰਾਮਦ ਕੀਤੇ ਗਏ ਹਨ। ਉਸ 'ਤੇ ਅੱਠ ਮੁਕੱਦਮੇ ਦਰਜ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਉਸ 'ਤੇ ਪੰਜਾਹ ਹਜ਼ਾਰ ਦਾ ਇਨਾਮ ਰੱਖਿਆ ਸੀ।

Posted By: Harjinder Sodhi