ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਪੁਲਿਸ ਸਪੈਸ਼ਲ ਸੈੱਲ ਨੇ ਖ਼ਤਰਨਾਕ ਗੈਂਗਸਟਰ ਜਿਤੇਂਦਰ ਮਾਨ ਉਰਫ਼ ਗੋਗੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਗ੍ਰਿਫ਼ਤਾਰੀ ਸਪੈਸ਼ਲ ਸੈੱਲ ਨੇ ਗੁਰੂਗ੍ਰਾਮ ਦੇ ਸੈਕਟਰ-83 ਇਲਾਕੇ ਤੋਂ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਗੈਂਗਸਟਰ ਗੋਗੀ ਸਮੇਤ ਪੁਲਿਸ ਨੇ ਹੋਰ ਇਨਾਮੀ ਬਦਮਾਸ਼ ਅਦੀਸ਼ ਫਜ਼ਾ ਤੇ ਮੋਈ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਜਿਤੇਂਦਰ ਮਾਨ ਉਰਫ਼ ਗੋਗੀ ਦਿੱਲੀ ਦੇ ਅਲੀਪੁਰ ਦਾ ਰਹਿਣ ਵਾਲਾ ਹੈ। ਦਿੱਲੀ ਪੁਲਿਸ ਨੇ ਉਸ 'ਤੇ 24 ਲੱਖ ਰੁਪਏ ਤੇ ਹਰਿਆਣਾ ਪੁਲਿਸ ਨੇ 2 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਇਹ ਦੋ ਲੱਖ ਰੁਪਏ ਦਾ ਇਨਾਮ ਹਰਿਆਣਾ ਦੀ ਸਿੰਗਰ ਹਰਸ਼ਿਤਾ ਹੱਤਿਆਕਾਂਡ 'ਚ ਰੱਖਿਆ ਗਿਆ ਸੀ।

ਤਕਰੀਬਨ 3 ਸਾਲ ਪਹਿਲਾਂ ਹਰਿਆਣਾ ਦੀ ਨਾਮੀ ਸਿੰਗਰ ਤੇ ਡਾਂਸਰ ਹਰਸ਼ਿਤਾ ਦਹੀਆ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਜਾਂਚ 'ਚ ਖੁਲਾਸਾ ਹੋਇਆ ਸੀ ਕਿ ਇਹ ਹੱਤਿਆ ਉਸ ਦੇ ਜੀਜੇ ਨੇ ਕਰਵਾਈ ਸੀ। ਪੁਲਿਸ ਪੁੱਛਗਿੱਛ 'ਚ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ।

ਕਾਬਿਲੇਗ਼ੌਰ ਹੈ ਕਿ ਪਾਨੀਪਤ 'ਚ ਹਰਸ਼ਿਤਾ ਦੀ 17 ਅਕਤੂਬਰ, 2017 ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁੱਛਗਿੱਛ 'ਚ ਮੁਲਜ਼ਮ ਦਿਨੇਸ਼ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਜੇਲ੍ਹ 'ਚ ਬੈਠ ਕੇ ਹਰਸ਼ਿਤਾ ਦੇ ਮਰਡਰ ਦੀ ਸਾਜ਼ਿਸ਼ ਘੜੀ ਸੀ। ਉਸ ਦਾ ਕਹਿਣਾ ਹੈ ਕਿ ਹਰਸ਼ਿਤਾ ਦੀ ਵਜ੍ਹਾ ਨਾਲ ਹੀ ਉਸ 'ਤੇ ਜਬਰ ਜਨਾਹ, ਫਿਰ ਉਸ ਦੀ ਮਾਂ ਪ੍ਰੇਮੋ ਦੇ ਮਰਡਰ ਦਾ ਕੇਸ ਦਰਜ ਹੋਇਆ ਸੀ। ਹਰਸ਼ਿਤਾ ਇਸ ਵਿਚ ਮੁੱਖ ਗਵਾਹ ਸੀ। ਇਸ ਹੱਤਿਆਕਾਂਡ 'ਚ ਜਿਤੇਂਦਰ ਉਰਫ਼ ਗੋਗੀ ਦਾ ਵੀ ਨਾਂ ਸਾਹਮਣੇ ਆਇਆ ਸੀ, ਇਸ ਤੋਂ ਬਾਅਦ ਪੁਲਿਸ ਨੂੰ ਉਸ ਦੀ ਲੰਬੇ ਸਮੇਂ ਤੋਂ ਤਲਾਸ਼ ਸੀ।

Posted By: Seema Anand