ਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਤਹਿਤ ਬੈਂਕ ਖਾਤਿਆਂ 'ਚ ਜਮ੍ਹਾਂ ਰਕਮ 1.30 ਲੱਖ ਕਰੋੜ ਰੁਪਏ ਤੋਂ ਜ਼ਿਆਦਾ 'ਤੇ ਪੁੱਜ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਤੀ ਰਲੇਵੇਂ ਪ੍ਰੋਗਰਾਮ ਤਹਿਤ ਇਸ ਯੋਜਨਾ ਦੀ ਸ਼ੁਰੂਆਤ ਛੇ ਸਾਲ ਪਹਿਲਾਂ ਕੀਤੀ ਗਈ ਸੀ। ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤਕ 40.05 ਕਰੋੜ ਲੋਕਾਂ ਦੇ ਜਨ ਧਨ ਖਾਤੇ ਖੁੱਲ੍ਹ ਚੁੱਕੇ ਹਨ।

ਵਿੱਤ ਮੰਤਰਾਲੇ ਤਹਿਤ ਵਿੱਤੀ ਸੇਵਾ ਵਿਭਾਗ (ਡੀਐੱਫਐੱਮ) ਨੇ ਇਕ ਟਵੀਟ 'ਚ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੀ ਵਿੱਤੀ ਰਲੇਵੇਂ ਪ੍ਰੋਗਰਾਮ ਪੀਐੱਮਜੇਡੀਵਾਈ ਤਹਿਤ ਸਰਕਾਰ ਨੇ ਇਕ ਹੋਰ ਅਹਿਮ ਪੜਾਅ ਹਾਸਲ ਕੀਤਾ ਹੈ। ਇਸ ਯੋਜਨਾ ਤਹਿਤ ਕੁਲ ਖਾਤਿਆਂ ਦੀ ਗਿਣਤੀ 40 ਕਰੋੜ ਦੇ ਪਾਰ ਪੁੱਜ ਗਈ ਹੈ। ਜਨ ਧਨ ਖਾਤਿਆਂ ਦੀ ਇਹ ਗਿਣਤੀ ਇਸ ਯੋਜਨਾ ਦੇ ਸ਼ੁਰੂ ਹੋਣ ਦੀ ਛੇਵੀਂ ਵਰ੍ਹੇਗੰਢ ਤੋਂ ਪਹਿਲਾਂ ਹਾਸਲ ਕਰ ਲਈ ਗਈ ਹੈ। ਯੋਜਨਾ ਦਾ ਸ਼ੁੱਭ ਆਰੰਭ 28 ਅਗਸਤ, 2014 ਨੂੰ ਦਿੱਤਾ ਗਿਆ ਸੀ। ਪੀਐੱਮਜੇਡੀਵਾਈ ਯੋਜਨਾ ਦਾ ਮਕਸਦ ਹਰ ਬਾਲਗ ਵਿਅਕਤੀ ਨੂੰ ਇਕ ਬੁਨਿਆਦੀ ਬਚਤ ਬੈਂਕ ਖਾਤਾ, ਜ਼ਰੂਰਤ ਮੁਤਾਬਕ ਕਰਜ਼ਾ ਲੈਣ ਦੀ ਸਹੂਲਤ, ਬੀਮਾ ਤੇ ਪੈਨਸ਼ਨ ਦੀ ਸਹੂਲਤ ਮੁਹੱਈਆ ਕਰਵਾਉਣੀ ਹੈ। ਜਨ ਧਨ ਬੈਂਕ ਖਾਤਿਆਂ ਰਾਹੀਂ ਗ਼ਰੀਬਾਂ ਤੇ ਵਾਂਝਿਆਂ ਨੂੰ ਸਰਕਾਰੀ ਲਾਭ ਵੀ ਸਿੱਧਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਯੋਜਨਾ ਕੇਂਦਰ ਸਰਕਾਰ ਦੇ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀਬੀਟੀ) ਨੂੰ ਅੱਗੇ ਵਧਾਉਣ ਦਾ ਬਿਹਤਰ ਜ਼ਰੀਆ ਸਾਬਤ ਹੋਇਆ ਹੈ।

ਇੰਝ ਸਮਝੋ ਜਨ ਧਨ ਯੋਜਨਾ ਨੂੰ

-ਜਨ ਧਨ ਯੋਜਨਾ ਦਾ ਮਕਸਦ ਹਾਲੇ ਤਕ ਬੈਂਕਿੰਗ ਦੀ ਮੁੱਖ ਧਾਰਾ ਤੋਂ ਵਾਂਝੇ ਰਹੇ ਲੋਕਾਂ ਨੂੰ ਬੈਂਕਿੰਗ ਤੰਤਰ ਨਾਲ ਜੋੜਨਾ ਹੈ

-ਕੋਈ ਵੀ ਵਿਅਕਤੀ, ਜਿਸ ਦਾ ਹੁਣ ਤਕ ਕਿਸੇ ਵੀ ਬੈਂਕ 'ਚ ਕੋਈ ਖਾਤਾ ਨਹੀਂ ਹੈ, ਆਪਣੇ ਨੇੜੇ-ਤੇੜੇ ਦੇ ਕਿਸੇ ਵੀ ਬੈਂਕ 'ਚ ਜਨ ਧਨ ਖਾਤਾ ਖੁੱਲ੍ਹਵਾ ਸਕਦਾ ਹੈ। ਜਨ ਧਨ ਖਾਤਾ ਅਸਲ 'ਚ ਮੁੱਢਲਾ ਬਚਤ ਖਾਤਾ ਹੈ, ਜਿਸ 'ਚ ਖਾਤਾ ਧਾਰਕ ਨੂੰ ਘੱਟੋ-ਘੱਟ ਬੈਲੈਂਸ ਜਾਂ ਘੱਟੋ-ਘੱਟ ਰਾਸ਼ੀ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ

-ਇਸ ਦੇ ਖਾਤਾ ਧਾਰਕਾਂ ਨੂੰ ਹੁਣ ਦੋ ਲੱਖ ਰੁਪਏ ਦੀ ਦੁਰਘਟਨਾ ਬੀਮਾ ਰਕਮ ਮਿਲਦੀ ਹੈ, ਇਨ੍ਹਾਂ ਦੀ ਓਵਰਡਰਾਫਟ ਸਹੂਲਤ ਦੀ ਹੱਦ ਵੀ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ

-ਜਨ ਧਨ ਖਾਤਿਆਂ ਰਾਹੀਂ ਗ਼ਰੀਬਾਂ ਨੂੰ ਕਰਜ਼ਾ, ਸਰਕਾਰੀ ਵਿੱਤੀ ਮਦਦ, ਪੈਨਸ਼ਨ ਤੇ ਇਸ ਤਰ੍ਹਾਂ ਦੀਆਂ ਹੋਰ ਸਹੂਲਤਾਂ ਹਾਸਲ ਹੋ ਰਹੀਆਂ ਹਨ

-ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਕੋਵਿਡ-19 ਸੰਕਟ 'ਚ ਗ਼ਰੀਬਾਂ ਨੂੰ 500 ਰੁਪਏ ਮਹੀਨਾਵਾਰ ਦੀ ਵਿੱਤੀ ਮਦਦ ਉਨ੍ਹਾਂ ਦੇ ਜਨ ਧਨ ਖਾਤਿਆਂ 'ਚ ਪਾਈ ਗਈ ਹੈ

-ਕਿਉਂਕਿ ਇਨ੍ਹਾਂ ਵਿਚ ਘੱਟੋ-ਘੱਟ ਰਕਮ ਦਾ ਕੋਈ ਦਬਾਅ ਨਹੀਂ ਹੁੰਦਾ ਹੈ, ਇਸ ਲਈ ਇਨ੍ਹਾਂ ਖਾਤਿਆਂ 'ਚ ਜਮ੍ਹਾਂ ਰਕਮ ਦੀ ਉੱਪਰਲੀ ਹੱਦ ਸਮੇਤ ਕੁਝ ਬੰਦਿਸ਼ਾਂ ਵੀ ਰੱਖੀਆਂ ਗਈਆਂ ਹਨ।